ਖਾਲਿਸਤਾਨ ਦੀ ਮੰਗ ਕਾਰਨ ਜੱਥੇਦਾਰ ''ਤੇ ਭੜਕੇ ''ਰਵਨੀਤ ਬਿੱਟੂ''

Sunday, Jun 07, 2020 - 08:25 AM (IST)

ਖਾਲਿਸਤਾਨ ਦੀ ਮੰਗ ਕਾਰਨ ਜੱਥੇਦਾਰ ''ਤੇ ਭੜਕੇ ''ਰਵਨੀਤ ਬਿੱਟੂ''

ਲੁਧਿਆਣਾ (ਹਿਤੇਸ਼) : ਖਾਲਿਸਤਾਨ ਦੀ ਮੰਗ ਕਰਨ ਲਈ ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਕ ਵਾਰ ਫਿਰ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਨਿਸ਼ਾਨੇ ’ਤੇ ਆ ਗਏ ਹਨ। ਇਸ ਮੁੱਦੇ ’ਤੇ ਬਿੱਟੂ ਵੱਲੋਂ ਅਕਾਲੀ ਦਲ ਅਤੇ ਭਾਜਪਾ ਨੂੰ ਸਟੈਂਡ ਸਪੱਸ਼ਟ ਕਰਨ ਦੀ ਅਪੀਲ ਕੀਤੀ ਗਈ ਹੈ ।ਬਿੱਟੂ ਨੇ ਕਿਹਾ ਕਿ ਖਾਲਿਸਤਾਨ ਦੇ ਨਾਂ ’ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨ ਬਾਰੇ ਜੋ ਸ਼ੱਕ ਉਨ੍ਹਾਂ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਸੀ, ਉਹ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਬਿਆਨ ਤੋਂ ਸਾਫ ਹੋ ਗਿਆ ਹੈ।

ਇਨ੍ਹਾਂ ਦੋਵਾਂ ਨੇ ਦੇਸ਼ 'ਚ ਸਿੱਖਾਂ ਨਾਲ ਧੱਕੇਸ਼ਾਹੀ ਹੋਣ ਦੀ ਜੋ ਗੱਲ ਕਹੀ ਹੈ, ਜਿਸ ਸਬੰਧੀ ਕੇਂਦਰ ਸਰਕਾਰ ਤੋਂ ਇਲਾਵਾ ਵਧੇਰੇ ਸੂਬਿਆਂ ਦੀ ਸੱਤਾ ’ਤੇ ਕਾਬਜ਼ ਭਾਜਪਾ ਨੂੰ ਜਵਾਬ ਦੇਣਾ ਚਾਹੀਦਾ ਹੈ। ਇਹੀ ਜ਼ਿੰਮੇਵਾਰੀ ਭਾਜਪਾ ਦੇ ਸਹਿਯੋਗੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵੀ ਬਣਦੀ ਹੈ। ਇਸੇ ਤਰ੍ਹਾਂ ਉਕਤ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਅਕਾਲ ਤਖ਼ਤ ਦੇ ਜੱਥੇਦਾਰ ਅਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਵੱਲੋਂ ਕੀਤੀ ਗਈ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਵੀ ਆਪਣਾ ਰੁਖ ਸਾਫ ਕਰਨਾ ਚਾਹੀਦਾ ਹੈ ਅਤੇ ਜੇਕਰ ਅਕਾਲੀ ਦਲ ਇਸ ਤੋਂ ਸਹਿਮਤ ਹੈ ਤਾਂ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਨਾਤਾ ਤੋੜ ਕੇ ਗਠਜੋੜ ਤੋਂ ਬਾਹਰ ਆਵੇ। ਬਿੱਟੂ ਨੇ ਕਿਹਾ ਕਿ ਇਨ੍ਹਾਂ ਦੋਵੇਂ ਪ੍ਰਤੀਨਿਧੀਆਂ ਨੂੰ ਧਾਰਮਿਕ ਜੱਥੇਬੰਦੀਆਂ ਦੀ ਮਰਿਆਦਾ ਨੂੰ ਧਿਆਨ 'ਚ ਰੱਖਦੇ ਹੋਏ ਆਪਣੇ ਆਕਾਵਾਂ ਦੇ ਸਿਆਸੀ ਹਿੱਤਾਂ ਲਈ ਲੋਕਤੰਤਰੀ ਵਿਵਸਥਾ ਨੂੰ ਚੁਣੌਤੀ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਖ਼ਤਰਾ ਹੈ ।


author

Babita

Content Editor

Related News