ਬਿੱਟੂ ਅਤੇ ਚੰਦੂਮਾਜਰਾ ਨੇ ਪੰਜ ਸਾਲਾਂ ''ਚ ਲਗਾਈਆਂ ਸਵਾਲਾਂ ਦੀਆਂ ਝੜੀਆਂ
Wednesday, Mar 13, 2019 - 01:41 PM (IST)

ਬਠਿੰਡਾ - ਪੰਜਾਬ ਦੇ ਕਈ ਸੰਸਦ ਮੈਂਬਰਾਂ ਨੇ ਪਾਰਲੀਮੈਂਟ 'ਚ ਜਿੱਥੇ ਆਪਣੇ ਸਵਾਲਾਂ ਦੀ ਝੜੀ ਲਗਾ ਕੇ ਰੱਖੀ ਹੋਈ ਸੀ, ਉੱਥੇ ਹੀ ਕਈ ਭੱਤਿਆਂ ਦੇ ਗੱਫੇ ਲੈਣ ਵਾਲੇ ਸੰਸਦ ਮੈਂਬਰ ਸਵਾਲ ਪੁੱਛਣ ਤੋਂ ਝਿਜਕ ਰਹੇ ਸਨ। ਦੱਸ ਦੇਈਏ ਕਿ 16ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 7 ਜੁਲਾਈ 2014 ਨੂੰ ਸ਼ੁਰੂ ਹੋਇਆ ਸੀ ਅਤੇ ਆਖਰੀ ਸੈਸ਼ਨ 13 ਫਰਵਰੀ 2019 ਨੂੰ ਖਤਮ ਹੋਇਆ ਸੀ। ਇਨ੍ਹਾਂ ਪੰਜ ਸਾਲਾਂ 'ਚ ਪੰਜਾਬ ਦੇ 11 ਸੰਸਦ ਮੈਂਬਰਾਂ ਨੇ ਪਾਰਲੀਮੈਂਟ 'ਚ ਕੁੱਲ 1593 ਸਵਾਲ ਪੁੱਛੇ ਹਨ। ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਐੱਮ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਲੀਮੈਂਟ 'ਚ 11 ਅਗਸਤ 2017 ਤੋਂ ਬਾਅਦ ਕੋਈ ਸਵਾਲ ਨਹੀਂ ਪੁੱਛਿਆ ਅਤੇ ਉਨ੍ਹਾਂ ਨੇ ਆਪਣੇ ਇਨ੍ਹਾਂ ਪੰਜ ਸਾਲਾਂ 'ਚ ਸਿਰਫ਼ 30 ਸਵਾਲ ਪੁੱਛੇ ਹਨ।
ਇਕੱਠੇ ਕੀਤੇ ਵੇਰਵਿਆਂ ਮੁਤਾਬਕ ਫਤਹਿਗੜ੍ਹ ਸਾਹਿਬ ਤੋਂ 'ਆਪ' ਦੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਨੇ 1 ਜਨਵਰੀ 2018 ਤੋਂ 13 ਫਰਵਰੀ 2019 ਤੱਕ ਸਿਰਫ਼ ਇਕ ਸਵਾਲ ਕੀਤਾ ਜਦਕਿ ਉਸ ਤੋਂ ਪਹਿਲਾਂ ਉਨ੍ਹਾਂ ਨੇ ਕੁੱਲ 44 ਸਵਾਲ ਪੁੱਛੇ। ਇਸ ਦੌਰਾਨ ਲੁਧਿਆਣਾ ਤੋਂ ਐੈੱਮ.ਪੀ. ਰਵਨੀਤ ਬਿੱਟੂ ਸਵਾਲ ਲਾਉਣ 'ਚ ਬਾਜ਼ੀ ਮਾਰਦੇ ਹੋਏ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ 5 ਸਾਲਾਂ 'ਚ ਸਭ ਤੋਂ ਵਧ 484 ਸਵਾਲ ਪੁੱਛੇ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੂਜੇ ਨੰਬਰ 'ਤੇ ਰਹੇ, ਜਿਨ੍ਹਾਂ ਨੇ 435 ਸਵਾਲ ਪੁੱਛੇ। ਕਾਂਗਰਸ ਦੇ ਰਵਨੀਤ ਬਿੱਟੂ ਦੇ ਜ਼ਿਆਦਾ ਸਵਾਲ ਖੇਤੀ, ਰੇਲਵੇ ਅਤੇ ਸਨਅਤਾਂ ਦੇ ਆਧਾਰਿਤ ਸਨ। ਪੰਜਾਬ ਦੇ 11 ਐੱਮ.ਪੀ 'ਚੋਂ ਸਭ ਤੋਂ ਜ਼ਿਆਦਾ 30.38 ਫੀਸਦੀ ਸਵਾਲ ਇਕੱਲੇ ਰਵਨੀਤ ਬਿੱਟੂ ਦੇ ਸਨ ਜਦੋਂ ਕਿ ਪ੍ਰੋ. ਚੰਦੂਮਾਜਰਾ ਨੇ 27.30 ਫੀਸਦੀ ਸਵਾਲ ਕੀਤੇ। ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਜੋ ਹੁਣ ਕਾਂਗਰਸ 'ਚ ਸ਼ਾਮਲ ਹੋ ਗਏ ਹਨ, ਨੇ ਪੰਜ ਸਾਲਾਂ 'ਚ 204 ਸਵਾਲ ਅਤੇ ਫਰੀਦਕੋਟ ਤੋਂ 'ਆਪ' ਦੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕੁੱਲ 58 ਸਵਾਲ, ਜਦੋਂ ਕਿ 'ਆਪ' ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ 56 ਸਵਾਲ ਕੀਤੇ। ਪਟਿਆਲਾ ਤੋਂ 'ਆਪ' ਦੇ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਨੇ 149 ਸਵਾਲ ਕੀਤੇ।
ਵਿਨੋਦ ਖੰਨਾ ਦੀ ਮੌਤ ਹੋਣ ਤੋਂ ਮਗਰੋਂ ਸੁਨੀਲ ਜਾਖੜ ਗੁਰਦਾਸਪੁਰ ਦੇ ਸੰਸਦ ਮੈਂਬਰ ਬਣੇ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 22 ਸਵਾਲ ਪਾਰਲੀਮੈਂਟ 'ਚ ਲਾਏ, ਜਦੋਂ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ 35 ਸਵਾਲ ਪੁੱਛੇ। ਜਲੰਧਰ ਤੋਂ ਕਾਂਗਰਸ ਦੇ ਐੱਮ.ਪੀ. ਚੌਧਰੀ ਸੰਤੋਖ ਸਿੰਘ ਨੇ 76 ਸਵਾਲ ਲਾਏ। ਦੱਸਣਾ ਬਣਦਾ ਹੈ ਕਿ ਸਾਰੇ ਸੰਸਦ ਮੈਂਬਰਾਂ ਨੇ ਭੱਤੇ ਲੈਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਹਰਿੰਦਰ ਖਾਲਸਾ ਤਾਂ ਭੱਤੇ ਲੈਣ 'ਚ ਸਭਨਾਂ ਤੋਂ ਮੋਹਰੀ ਰਹੇ ਹਨ। ਸਿਆਸੀ ਧਿਰ ਅਨੁਸਾਰ ਵੇਖੀਏ ਤਾਂ ਪਾਰਲੀਮੈਂਟ 'ਚ ਪੰਜ ਸਾਲਾਂ ਦੌਰਾਨ 'ਆਪ' ਦੇ ਚਾਰ ਸੰਸਦ ਮੈਂਬਰਾਂ ਨੇ ਕੁੱਲ 307 ਭਾਵ 19.27 ਫੀਸਦੀ ਸਵਾਲ ਲਾਏ ਜਦੋਂ ਕਿ ਕਾਂਗਰਸ ਦੇ ਚਾਰ ਐੱਮ.ਪੀਜ਼ ਨੇ 617 ਭਾਵ 38.73 ਫੀਸਦੀ ਸਵਾਲ ਰੱਖੇ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਦੀ ਤਿੱਕੜੀ ਨੇ ਕੁੱਲ 669 ਸਵਾਲ ਪਾਰਲੀਮੈਂਟ 'ਚ ਲਾਏ, ਜੋ 41.99 ਫੀਸਦੀ ਬਣਦੇ ਹਨ।ਡਾ. ਧਰਮਵੀਰ ਗਾਂਧੀ ਨੇ ਤਾਂ ਆਪਣੇ ਸੰਸਦੀ ਕੋਟੇ ਦੇ ਫੰਡਾਂ ਦਾ ਪੂਰਾ ਲੇਖਾ ਜੋਖਾ ਆਪਣੇ ਹਲਕੇ ਦੇ ਲੋਕਾਂ ਅੱਗੇ ਰੱਖਿਆ ਹੈ। ਵੇਖਣ 'ਚ ਆਇਆ ਕਿ ਬਹੁਤੇ ਸਵਾਲ ਨਿਰੋਲ ਪੰਜਾਬ ਨਾਲ ਸਬੰਧਤ ਨਹੀਂ ਸਨ ਜਦੋਂ ਕਿ ਅੰਮ੍ਰਿਤਸਰ ਤੋਂ ਐੱਮ.ਪੀ. ਔਜਲਾ ਨੇ ਚਾਰ ਸਵਾਲ ਕਰਤਾਰਪੁਰ ਲਾਂਘੇ ਬਾਰੇ ਪੁੱਛੇ। ਹੁਣ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਮੌਜੂਦਾ ਸੰਸਦ ਮੈਂਬਰਾਂ 'ਚੋਂ ਕਾਫੀ ਮੁੜ ਉਮੀਦਵਾਰ ਬਣਨਗੇ। ਚੋਣਾਂ ਦੌਰਾਨ ਹਰ ਐੱਮ.ਪੀ. ਤੋਂ ਪਿਛਲੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਲੋਕਾਂ ਵਲੋਂ ਲਿਆ ਜਾਣਾ ਬਣਦਾ ਹੈ।