ਮੰਦਿਰ ਢਾਹੁਣ ਦੇ ਮਾਮਲੇ 'ਚ ਰਵਿਦਾਸ ਭਾਈਚਾਰਾ 13 ਸਤੰਬਰ ਨੂੰ ਉਲੀਕੇਗਾ ਅਗਲੀ ਰਣਨੀਤੀ

09/12/2019 11:44:09 AM

ਜਲੰਧਰ (ਮਹੇਸ਼)— ਸ੍ਰੀ ਗੁਰੂ ਰਵਿਦਾਸ ਗੁਰੂ ਘਰ ਮਾਮਲੇ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਪ੍ਰਦਰਸ਼ਨ ਹੋ ਰਹੇ ਹਨ। ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਅਤੇ ਸੰਤ ਸਮਾਜ ਵੱਲੋਂ ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾਂ, ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਕ੍ਰਿਸ਼ਨ ਨਾਥ ਚਹੇੜੂ, ਸੰਤ ਨਿਰਮਲ ਦਾਸ ਅਵਾਦਾਨ ਅਤੇ ਸੰਤ ਸਮਾਜ ਦੇ ਸੱਦੇ 'ਤੇ ਵੱਖ-ਵੱਖ ਥਾਵਾਂ 'ਤੇ 2 ਤਰੀਕ ਤੋਂ ਭੁੱਖ-ਹੜਤਾਲ ਚੱਲ ਰਹੀ ਹੈ। ਬੀਤੇ ਦਿਨ ਕੀਤੀ ਗਈ ਭੁੱਖ ਹੜਤਾਲ 'ਚ ਬਹੁਤੀ ਗਿਣਤੀ ਤੱਲ੍ਹਣ ਵਾਸੀਆਂ ਦੀ ਰਹੀ। ਭੁੱਖ ਹੜਤਾਲ ਦਾ 13 ਸਤੰਬਰ ਨੂੰ ਆਖਰੀ ਦਿਨ ਹੈ, ਕਿਉਂਕਿ ਕੇਂਦਰ ਦੇ ਨੁਮਾਇੰਦਿਆਂ ਵੱਲੋਂ ਸੰਤ ਸਮਾਜ ਨੂੰ 13 ਸਤੰਬਰ ਤੱਕ ਗੁਰੂ ਰਵਿਦਾਸ ਮੰਦਰ ਦਿੱਲੀ ਦੇ ਮਸਲੇ ਦਾ ਮੁਕੰਮਲ ਹੱਲ ਅਤੇ 16 ਵਿਅਕਤੀਆਂ ਦੀ ਰਿਹਾਈ ਦਾ ਭਰੋਸਾ ਦਿੱਤਾ ਗਿਆ ਸੀ ਪਰ 13 ਸਤੰਬਰ ਤੱਕ ਮਸਲੇ ਦਾ ਸਥਾਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਇਸ ਲਈ 13 ਸਤੰਬਰ ਨੂੰ ਜਲੰਧਰ ਡੀ. ਸੀ. ਦਫਤਰ ਸਾਹਮਣੇ ਬਹੁਜਨ ਫਰੰਟ ਪੰਜਾਬ ਦੇ ਸਹਿਯੋਗ ਨਾਲ ਭੁੱਖ-ਹੜਤਾਲ ਦੇ ਆਖਰੀ ਦਿਨ ਜੋ ਵੀ ਸੰਤ ਸਮਾਜ ਐਲਾਨ ਕਰੇਗਾ, ਉਸ ਨੂੰ ਲਾਗੂ ਕੀਤਾ ਜਾਵੇਗਾ।

ਭੁੱਖ ਹੜਤਾਲ ਦੇ 10ਵੇਂ ਦਿਨ ਜਲੰਧਰ ਵਿਖੇ ਪਹੁੰਚੇ ਸਾਧੂ ਸੰਪ੍ਰਦਾਇ ਸੋਸਾਇਟੀ ਦੇ ਪ੍ਰਧਾਨ ਕੁਲਵੰਤ ਰਾਮ ਭਰੋਮਜਾਰਾ ਨੇ ਆਖਿਆ ਕਿ ਹੁਣ ਲੜਾਈ ਕਰੋ ਤੇ ਮਰੋ ਦੀ ਹੈ ਅਤੇ ਹੁਣ ਹੋਰ ਸਬਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਗਲੇ ਸੰਘਰਸ਼ ਦਾ ਐਲਾਨ ਸੰਤ ਸਮਾਜ ਦੀ ਸਹਿਮਤੀ ਉਪਰੰਤ ਕੀਤਾ ਜਾਵੇਗਾ। ਅੱਜ ਦੀ ਭੁੱਖ ਹੜਤਾਲ ਸ਼ਿੰਗਾਰਾ ਰਾਮ ਸਹੂੰਗੜਾ ਸਾਬਕਾ ਐੱਮ. ਐੱਲ. ਏ. ਦੀ ਰਿਹਾਈ ਨੂੰ ਲੈ ਕੇ ਸਮਾਜ ਲਈ ਸੇਵਾ ਨੂੰ ਸਮਰਪਿਤ ਸੀ। ਧਰਨੇ ਅਤੇ ਭੁੱਖ ਹੜਤਾਲ ਸਮੇਂ ਬਹੁਜਨ ਫਰੰਟ ਪੰਜਾਬ ਦੇ ਰਮੇਸ਼ ਚੋਹਕਾਂ, ਸੁਖਵਿੰਦਰ ਕੋਟਲੀ, ਮਨਦੀਪ ਜੱਸਲ, ਜਗਦੀਸ਼ ਦੀਸ਼ਾ, ਸੁਖਦੇਵ ਸੁੱਖੀ, ਦਿਲਬਾਗ ਸੱਲਣ, ਰਮਨ ਮਾਹੀ, ਜਸਵਿੰਦਰ ਬੱਲ, ਪ੍ਰਿੰ. ਪਰਮਜੀਤ ਜੱਸਲ, ਦਰਸ਼ਨ ਲਾਲ ਜੇਠੂਮਜਾਰਾ, ਸਾਬਕਾ ਸਰਪੰਚ ਹੰਸਰਾਜ ਜੱਸੀ ਤੱਲ੍ਹਣ, ਰਾਕੇਸ਼, ਅਸ਼ੋਕ ਮੋਗਾ, ਜੰਗੀ ਦੋਲੀਕੇ, ਵਰੀ ਕਲੇਰ, ਸਰਦਾਰੀ ਲਾਲ ਧਨਾਲ, ਬਲਵਿੰਦਰ ਬੰਗਾ, ਕੇਵਲ ਭੱਟੀ, ਸੁਰਿੰਦਰ ਕੌਰ, ਸਰਬਜੀਤ ਕੌਰ ਬੂਟਾ ਮੰਡੀ ਅਤੇ ਹੋਰ ਆਗੂ ਹਾਜ਼ਰ ਸਨ।


shivani attri

Content Editor

Related News