ਰਾਵੀ ਦਰਿਆ ਦੇ ਪਾਰਲੇ ਪਾਸੇ ਵੱਸੇ ਪਿੰਡਾਂ ਦੇ ਲੋਕਾਂ ਵਲੋਂ ਵਿਧਾਨ ਸਭਾ ਚੋਣਾਂ 2022 ਦਾ ਮੁਕੰਮਲ ਬਾਈਕਾਟ
Tuesday, Jan 25, 2022 - 01:39 PM (IST)
ਬਹਿਰਾਮਪੁਰ (ਗੋਰਾਇਆ) - ਪੰਜਾਬ ਅੰਦਰ ਹਰੇਕ ਵਿਧਾਨ ਸਭਾ ਹਲਕੇ ’ਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਹਲਕੇ ’ਚ ਕੀਤੇ ਵਿਕਾਸ ਕੰਮਾਂ ਅਤੇ ਮੁੜ ਸਰਕਾਰ ਆਉਣ ’ਤੇ ਕਈ ਵੱਡੇ ਕੰਮ ਕਰਨ ਦੇ ਵਾਅਦੇ ਕਰਕੇ ਵੋਟ ਮੰਗ ਰਹੇ ਹਨ। ਹਲਕਾ ਦੀਨਾਨਗਰ ਅਧੀਨ ਪੈਂਦੇ 4 ਪਿੰਡ ਅਤੇ ਹਲਕਾ ਭੋਆ ਅਧੀਨ ਆਉਂਦੇ 2 ਪਿੰਡ ਸਮੇਤ ਰਾਵੀ ਦਰਿਆ ਪਾਰਲੇ ਪਾਸੇ ਵੱਸੇ ਕਰੀਬ 6 ਪਿੰਡਾਂ ਦੇ ਲੋਕਾਂ ਨੇ ਪੰਚਾਇਤਾਂ ਦੀ ਅਗਵਾਈ ਹੇਠ ਮੀਟਿੰਗਾਂ ਕਰਕੇ ਫ਼ੈਸਲਾ ਲਿਆ ਕਿ ਇਸ ਵਾਰੀ ਰਾਵੀ ਦਰਿਆ ਪਾਰਲੇ ਪਿੰਡਾਂ ਦੇ ਲੋਕ ਕਿਸੇ ਪਾਰਟੀ ਨੂੰ ਵੋਟ ਨਹੀਂ ਦੇਣਗੇ। ਜੋ ਉਮੀਦਵਾਰ ਪਿੰਡ ਵਿਚ ਚੋਣ ਪ੍ਰਚਾਰ ਤੇ ਵੋਟ ਮੰਗਣ ਲਈ ਆਵੇਗਾ ਤਾਂ ਉਸ ਦਾ ਕੋਈ ਪਿੰਡ ਵਾਸੀ ਸਾਥ ਨਹੀਂ ਦੇਵੇਗਾ।
ਕੀ ਹੈ ਸਾਰਾ ਮਾਮਲਾ
ਇਸ ਸੰਬੰਧੀ ਰਾਵੀ ਦਰਿਆ ਪਾਰਲੇ ਪਾਸੇ ਵੱਸੇ ਪਿੰਡਾਂ ਦੇ ਲੋਕ ਸਰਪੰਚ ਗੁਰਦੀਪ ਕੌਰ ਤੂਰ, ਸਾਬਾਕਾ ਸਰਪੰਚ ਗੁਰਨਾਮ ਸਿੰਘ ਤੂਰ, ਸਮਾਜ ਸੇਵਕ ਅਮਰੀਕ ਸਿੰਘ ਭਰਿਆਲ, ਸਾਬਕਾ ਸਰਪੰਚ ਰੂਪ ਸਿੰਘ ਭਰਿਆਲ ਆਦਿ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇ ਤੋਂ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਸਰਕਾਰ ਦੇ ਝੂਠੇ ਲਾਰਿਆ ਤੋਂ ਅੱਕ ਚੁੱਕੇ ਹਨ। ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਹਲਕੇ ਅੰਦਰ ਐੱਮ.ਐੱਲ.ਏ ਤੋਂ ਲੈ ਕੇ ਐੱਮ.ਪੀ ਤੱਕ ਦੇ ਉਮੀਦਵਾਰ ਸਾਡੇ ਇਲਾਕਾ ਦਾ ਦੌਰਾ ਕਰਦੇ ਹੋਏ ਕਈ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਦੇ ਕਰਕੇ ਜਾਂਦੇ ਹਨ। ਵੋਟਾਂ ਤੋਂ ਬਾਅਦ ਕਿਸੇ ਪਾਰਟੀ ਦਾ ਜਿੱਤਿਆ ਅਤੇ ਹਾਰਿਆ ਹੋਇਆ ਕੋਈ ਉਮੀਦਵਾਰ ਮੁੜ ਉਨ੍ਹਾਂ ਦੀ ਸਾਰ ਲੈਣ ਨਹੀਂ ਆਉਦਾ ਹੈ। ਇਸੇ ਕਰਕੇ ਇਸ ਵਾਰ ਉਹ ਇਹ ਫ਼ੈਸਲਾ ਲੈਣ ਲਈ ਮਜਬੂਰ ਹੋਏ ਹਨ।