ਰਾਸ਼ਨ ਮਿਲੇਗਾ ਪੱਕਾ ਨਹੀਂ, ਸ਼ਰਾਬ ਅਸਾਨੀ ਨਾਲ ਮਿਲੇਗੀ

Thursday, Mar 26, 2020 - 08:36 PM (IST)

ਲੁਧਿਆਣਾ (ਰਾਮ) - ਕਰੋਨਾ ਵਾਇਰਸ ਦੇ ਖਤਰੇ ਦੇ ਚਲਦੇ ਜਿਥੇ ਆਮ ਲੋਕ ਕਰਫਿਊ ਕਾਰਨ ਆਪਣੇ ਘਰਾਂ ’ਚ ਬੰਦ ਹਨ ਅਤੇ ਉਨ੍ਹਾਂ ਨੂੰ ਆਪਣੇ ਖਾਣ-ਪੀਣ ਦੀਆਂ ਵਸਤਾਂ ਖਰੀਦਣ ਲਈ ਵੀ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕਰਫਿਊ ਦੇ ਚਲਦੇ ਸ਼ਰਾਬੀਆਂ ਨੂੰ ਠੇਕਿਆਂ ਤੋਂ ਸ਼ਰਾਬ ਅਸਾਨੀ ਨਾਲ ਮਿਲ ਰਹੀ ਹੈ। ਭਾਵੇਂ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਆਮ ਲੋਕਾਂ ਲਈ ਸਖ਼ਤੀ ਨਾਲ ਕਰਫਿਊ ਨਿਯਮਾਂ ਦਾ ਪਾਲਣ ਕਰਨ ਦੇ ਹੁਕਮ ਦੇ ਰੱਖੇ ਹਨ। ਪਰ ਸ਼ਾਮ ਢਲਦੇ ਹੀ ਠੇਕੇਦਾਰਾਂ ਅਤੇ ਸ਼ਰਾਬੀਆਂ ਲਈ ਕਰਫਿਊ ਨੂੰ ਲੈ ਕੇ ਸਾਰੇ ਹੁਕਮ ਹਵਾ ਹੋ ਜਾਂਦੇ ਹਨ। ਇਥੋਂ ਤੱਕ ਕਿ ਚੰਡੀਗਡ਼੍ਹ ਰੋਡ ’ਤੇ ਇਕ ਪ੍ਰਸਿੱਧ ਨਿੱਜੀ ਹਸਪਤਾਲ ਦੇ ਨੇਡ਼ੇ ਸਥਿਤ ਇਕ ਠੇਕੇ ਉਪਰ ਤਾਂ ਦਿਨ ’ਚ ਹੀ ਸ਼ਰਾਬ ਦੀ ਸਪਲਾਈ ਆਮ ਹੋ ਰਹੀ ਸੀ। ਜਦਕਿ ਤਾਜਪੁਰ ਰੋਡ ’ਤੇ ਸੰਜੈ ਗਾਂਧੀ ਕਲੋਨੀ ’ਚ ਸਥਿਤ ਸ਼ਰਾਬ ਦੇ ਠੇਕੇ ਉਪਰ ਵੀ ਸ਼ਾਮ ਨੂੰ ਸ਼ਰਾਬੀਆਂ ਦੀ ਕਾਫੀ ਭੀਡ਼ ਦੇਖਣ ਨੂੰ ਮਿਲੀ। ਜਿਥੋਂ ਦੇਖਣ ’ਚ ਆਇਆ ਕਿ ਕਰਫਿਊ ਨੂੰ ਲੈ ਕੇ ਸਾਰੇ ਨਿਯਮ ਆਮ ਲੋਕਾਂ ਉਪਰ ਹੀ ਲਾਗੂ ਹੁੰਦੇ ਹਨ। ਇਨ੍ਹਾਂ ਨਿਯਮਾਂ ਦੇ ਅੰਦਰ ਸ਼ਰਾਬ ਦੇ ਠੇਕੇਦਾਰ ਬਿਲਕੁੱਲ ਵੀ ਨਹੀਂ ਆਉਂਦੇ।


Gurdeep Singh

Content Editor

Related News