ਕਰੋੜਾਂ ਰੁਪਏ ਦੀਆਂ ਫਸਲਾਂ ਦਾ ਨੁਕਸਾਨ ਕਰਦੇ ਨੇ ਚੂਹੇ
Friday, Nov 24, 2017 - 12:03 AM (IST)

ਤਲਵੰਡੀ ਭਾਈ(ਪਾਲ)—ਖੇਤਾਂ ਵਿਚ ਪੱਕੀਆਂ ਫਸਲਾਂ ਤੋਂ ਲੈ ਕੇ ਸਟੋਰ ਕੀਤੇ ਅਨਾਜ ਤੱਕ ਦਾ ਇਹ ਚੂਹੇ ਕਿੰਨਾ ਕੁ ਨੁਕਸਾਨ ਕਰ ਸਕਦੇ ਹਨ, ਇਸ ਬਾਰੇ ਆਮ ਆਦਮੀ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ ਕਿਉਂਕਿ ਇਹ ਨੁਕਸਾਨ ਸੈਂਕੜਿਆਂ ਜਾਂ ਹਜ਼ਾਰਾਂ ਵਿਚ ਨਹੀਂ ਬਲਕਿ ਹਰ ਵਰ੍ਹੇ ਕਰੋੜਾਂ ਦਾ ਹੁੰਦਾ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਗਿਆਨੀ ਡਾ. ਅਗਰਵਾਲ ਨੇ ਦੱਸਿਆ ਕਿ ਇਹ ਚੂਹੇ ਆਪਣੀ ਜ਼ਿਆਦਾ ਬੱਚੇ ਜੰਮਣ ਦੀ ਸਮਰੱਥਾ, ਦਿਮਾਗੀ ਸੂਝ-ਬੂਝ, ਸੁੰਘਣ ਸ਼ਕਤੀ ਅਤੇ ਹਰ ਤਰ੍ਹਾਂ ਦੇ ਵਾਤਾਵਰਣ ਅਨੁਸਾਰ ਆਪਣੀ ਜਨਸੰਖਿਆ ਵਿਚ ਲਗਾਤਾਰ ਵਾਧਾ ਕਰਦੇ ਰਹਿੰਦੇ ਹਨ, ਜਿਸ ਕਾਰਨ ਇਹ ਫਸਲਾਂ ਦਾ 2 ਤੋਂ 15 ਫੀਸਦੀ ਤੱਕ ਨੁਕਸਾਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਨੂੰ 1.5 ਫੀਸਦੀ, ਕਣਕ 1.7 ਫੀਸਦੀ ਤੇ ਸਭ ਤੋਂ ਵੱਧ ਗੰਨੇ ਦੀ ਫਸਲ ਦਾ ਚੂਹੇ ਨੁਕਸਾਨ ਕਰਦੇ ਹਨ। ਜ਼ਿਆਦਾਤਰ ਚੂਹੇ ਫਸਲਾਂ ਨੂੰ ਉੱਗਣ ਅਤੇ ਪੱਕਣ ਸਮੇਂ ਨੁਕਸਾਨ ਕਰਦੇ ਹਨ। ਵੱਖ-ਵੱਖ ਨਸਲਾਂ ਵਿਚ ਪਾਏ ਜਾਣ ਵਾਲੇ ਇਹ ਚੂਹੇ ਖੇਤਾਂ ਵਿਚ ਖੜ੍ਹੀਆਂ ਫਸਲਾਂ ਦਾ ਨੁਕਸਾਨ ਕਰਨ ਤੋਂ ਇਲਾਵਾ ਭੰਡਾਰ ਕੀਤੇ ਅਨਾਜ ਨੂੰ ਵੀ ਖਾ ਕੇ ਅਤੇ ਮੱਲਮੂਤਰ ਰਾਹੀਂ ਖਰਾਬ ਕਰਦੇ ਹਨ। ਚੂਹਿਆਂ ਦੀ ਵਜ੍ਹਾ ਕਾਰਨ ਪਲੇਗ ਵਰਗੀ ਜਾਨਲੇਵਾ ਬੀਮਾਰੀ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਦੀ ਖੇਤੀ ਦਾ ਫਸਲੀ ਚੱਕਰ ਹੀ ਕੁਝ ਅਜਿਹਾ ਹੈ ਕਿ ਚੂਹਿਆਂ ਨੂੰ ਹਰ ਵੇਲੇ ਇਕ ਤੋਂ ਬਾਅਦ ਇਕ ਫਸਲ ਖਾਣ ਤੇ ਤਬਾਹ ਕਰਨ ਲਈ ਤਿਆਰ ਮਿਲਦੀ ਹੈ। ਚੂਹਿਆਂ ਦੀ ਰੋਕਥਾਮ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਉੱਲੂ, ਇੱਲਾਂ, ਸੱਪ, ਬਿੱਲੀਆਂ ਆਦਿ ਚੂਹਿਆਂ ਦੇ ਕੁਦਰਤੀ ਤੌਰ 'ਤੇ ਪੱਕੇ ਦੁਸ਼ਮਣ ਹਨ। ਸਾਬਕਾ ਖੇਤੀਬਾੜੀ ਵਿਗਿਆਨੀਆਂ ਦੀ ਇਹ ਦਲੀਲ ਹੈ ਕਿ ਇਨ੍ਹਾਂ ਨੂੰ ਖਤਰਨਾਕ ਜ਼ਹਿਰ ਪਾ ਕੇ ਨਹੀਂ ਮਾਰਨਾ ਚਾਹੀਦਾ, ਬਲਕਿ ਖੇਤਾਂ ਦੇ ਆਲੇ-ਦੁਆਲੇ ਉੱਲੂਆਂ ਨੂੰ ਆਕਰਸ਼ਿਤ ਕਰਨ ਲਈ ਘੌਂਸਲੇ ਲਾ ਕੇ ਚੂਹਿਆਂ ਦੀ ਰੋਕਥਾਮ ਦੇ ਪ੍ਰਯੋਗ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਜੀਵ ਵਿਗਿਆਨੀਆਂ ਵੱਲੋਂ ਚੂਹਿਆਂ ਦੀ ਬੱਚੇ ਜੰਮਣ ਦੀ ਸ਼ਕਤੀ ਨੂੰ ਘਟਾਉਣ ਅਤੇ ਭਜਾਉਣ ਵਾਲੇ ਕੁਦਰਤੀ ਪਦਾਰਥਾਂ ਦੀ ਵੀ ਖੋਜ ਕੀਤੀ ਜਾ ਰਹੀ ਹੈ। ਚੂਹਿਆਂ ਦੀ ਰੋਕਥਾਮ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਪਿੰਡ ਪੱਧਰ 'ਤੇ ਮੁਹਿੰਮ ਵਿੱਢਣ ਦੀ ਵੀ ਲੋੜ ਹੈ ਤਾਂ ਜੋ ਫਸਲਾਂ ਤੇ ਅਨਾਜ ਦੀ ਹੋ ਰਹੀ ਤਬਾਹੀ ਨੂੰ ਠੱਲ੍ਹ ਪਾਈ ਜਾ ਸਕੇ।