ਸਮਰਾਲਾ ''ਚ ''ਕੋਰੋਨਾ ਕਰਫਿਊ'' ਦੌਰਾਨ ਘਿਨਾਉਣੀ ਵਾਰਦਾਤ, 6 ਸਾਲਾ ਬੱਚੀ ਨਾਲ ਬਲਾਤਕਾਰ
Thursday, May 14, 2020 - 08:24 AM (IST)

ਸਮਰਾਲਾ (ਬਿਪਨ) : ਜਿੱਥੇ ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਨਾਲ ਪੂਰਾ ਦੇਸ਼ ਲੜ ਰਿਹਾ ਹੈ ਅਤੇ ਲੋਕ ਭੁੱਖ ਨਾਲ ਤੜਫ ਰਹੇ ਹਨ, ਉੱਥੇ ਹੀ ਹਵਸ ਦੇ ਭੁੱਖੇ ਕੁਝ ਲੋਕਾਂ ਵੱਲੋਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਮਰਾਲਾ ਨੇੜਲੇ ਪਿੰਡ ਕਟਾਣੀ 'ਚ ਸਾਹਮਣੇ ਆਇਆ ਹੈ। ਪਿੰਡ ਦੇ ਭੱਠੇ 'ਤੇ ਰਹਿੰਦੇ ਇਕ ਪਰਵਾਰ ਦੀ 6 ਸਾਲਾਂ ਦੀ ਨਾਬਾਲਗ ਬੱਚੀ ਨਾਲ ਗੁਆਂਢ 'ਚ ਹੀ ਰਹਿੰਦੇ ਵਿਅਕਤੀ ਵੱਲੋਂ ਬੱਚੀ ਨਾਲ ਬਲਤਕਾਰ ਕੀਤਾ ਗਿਆ ਹੈ।
ਇਸ ਵੇਲੇ ਬੱਚੀ ਸਮਰਾਲਾ ਦੇ ਸਿਵਲ ਹਸਪਤਾਲ 'ਚ ਜੇਰੇ ਇਲਾਜ ਹੈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਨੂੰ ਪੂਰੀ ਤਰ੍ਹਾਂ ਨਿਗਰਾਨੀ ਹੇਠ ਰੱਖਿਆ ਗਿਆ ਹੈ। ਬੱਚੀ ਦੇ ਮਾਂ ਨੇ ਦੱਸਿਆ ਕਿ ਮੈਂ ਘਰ 'ਚ ਰੋਟੀ ਪਕਾ ਰਹੀ ਸੀ ਕਿ ਉਸ ਦੇ ਵੱਡੇ ਲੜਕੇ ਨੇ ਦੱਸਿਆ ਕਿ ਉਸ ਦੀ ਬੇਟੀ ਨਾਲ ਗੁਆਂਢ 'ਚ ਰਹਿੰਦਾ ਇਕ ਲੜਕਾ ਗਲਤ ਕੰਮ ਕਰ ਰਿਹਾ ਹੈ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹ ਬੱਚੀ ਨਾਲ ਬਲਾਤਕਾਰ ਕਰ ਰਿਹਾ ਸੀ, ਜਿਸ ਨੂੰ ਲੜਕੀ ਦੇ ਬਾਪ ਨੇ ਮੌਕੇ 'ਤੇ ਫੜ੍ਹ ਲਿਆ ਪਰ ਉਹ ਬਾਅਦ 'ਚ ਉਥੋਂ ਭੱਜ ਗਿਆ। ਫਿਲਹਾਲ ਪੁਲਸ ਨੇ ਬੱਚੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸ਼ੀ ਨੂੰ ਫੜ੍ਹਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।