ਖੰਨਾ 'ਚ ਸ਼ਰਮਨਾਕ ਵਾਰਦਾਤ, ਵਿਦੇਸ਼ੋਂ ਪੜ੍ਹਨ ਆਈ ਕੁੜੀ ਨਾਲ ਜਬਰ-ਜ਼ਿਨਾਹ
Wednesday, Apr 19, 2023 - 03:52 PM (IST)

ਖੰਨਾ (ਵਿਪਨ) : ਖੰਨਾ 'ਚ ਪੜ੍ਹਨ ਆਈ ਵਿਦੇਸ਼ੀ ਵਿਦਿਆਰਥਣ ਨਾਲ ਇਕ ਵਿਦੇਸ਼ੀ ਵਿਦਿਆਰਥੀ ਵੱਲੋਂ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਖੰਨਾ ਦੇ ਭੱਟੀਆਂ ਇਲਾਕੇ 'ਚ ਰਹਿਣ ਵਾਲੀ ਜ਼ਿੰਬਾਬਵੇ ਦੀ ਵਾਸੀ ਵਿਦੇਸ਼ੀ ਵਿਦਿਆਰਥਣ ਮੰਡੀ ਗੋਬਿੰਦਗੜ੍ਹ ਸਥਿਤ ਯੂਨੀਵਰਸਿਟੀ 'ਚ ਪੜ੍ਹਦੀ ਹੈ। ਉਹ ਭੱਟੀਆਂ 'ਚ ਹੀ ਕਿਰਾਏ ਦੇ ਕਮਰੇ 'ਚ ਰਹਿੰਦੀ ਹੈ। ਉਸ ਦੇ ਨੇੜੇ ਹੀ ਕੁੱਝ ਹੋਰ ਵਿਦੇਸ਼ੀ ਵਿਦਿਆਰਥੀ ਰਹਿੰਦੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਿੱਜੀ ਸਕੂਲ ਹੁਣ ਨਹੀਂ ਕਰ ਸਕਣਗੇ ਮਨਮਾਨੀ, ਵਿਭਾਗ ਨੇ ਜਾਰੀ ਕਰ ਦਿੱਤੇ ਹੁਕਮ
ਪੀੜਤ ਕੁੜੀ ਨੇ ਦੱਸਿਆ ਕਿ ਰਾਤ ਵੇਲੇ ਉਹ ਆਪਣੇ ਕਮਰੇ ਦੇ ਬਾਹਰ ਬੈਠੀ ਸੀ ਤਾਂ ਨੌਜਵਾਨ ਵਿਦੇਸ਼ੀ ਵਿਦਿਆਰਥੀ ਜੋ ਕਿ ਲਾਈਬੇਰੀਆ ਦਾ ਰਹਿਣ ਵਾਲਾ ਹੈ, ਨੇ ਉਸ ਨੂੰ ਅੰਦਰ ਬੁਲਾਇਆ। ਜਦੋਂ ਪੀੜਤਾ ਅੰਦਰ ਗਈ ਤਾਂ ਉੱਥੇ ਨੌਜਵਾਨ ਦਾ ਭਰਾ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਨੌਜਵਾਨ ਨੇ ਉਸ ਨੂੰ ਰਸੋਈ 'ਚ ਖਾਣਾ ਬਣਾਉਣ ਲਈ ਕਿਹਾ। ਜਦੋਂ ਉਹ ਖਾਣਾ ਬਣਾ ਰਹੀ ਸੀ ਤਾਂ ਉਸ ਨੇ ਪਿੱਛਿਓਂ ਆ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਪੀੜਤਾ ਨੇ ਖ਼ੁਦ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੇ ਉਸ ਨਾਲ ਜਬਰ-ਜ਼ਿਨਾਹ ਵਰਗੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਪੀੜਤਾ ਦਾ ਖੰਨਾ ਦੇ ਸਰਕਾਰੀ ਹਸਪਤਾਲ 'ਚ ਮੈਡੀਕਲ ਕਰਵਾਇਆ ਹੈ। ਇੱਥੇ ਡਾਕਟਰਾਂ ਨੇ ਪੀੜਤਾ ਨਾਲ ਜਬਰ-ਜ਼ਿਨਾਹ ਹੋਣ ਦੀ ਪੁਸ਼ਠੀ ਕੀਤੀ ਹੈ। ਫਿਲਹਾਲ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ