ਜਬਰ-ਜ਼ਨਾਹ ਕਰਨ ਵਾਲੇ ਨੂੰ 10 ਸਾਲ ਦੀ ਕੈਦ
Thursday, Aug 24, 2017 - 08:01 AM (IST)
ਮੋਗਾ (ਸੰਦੀਪ) - ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਨਾਬਾਲਗਾ ਵਿਦਿਆਰਥਣ ਨੂੰ ਵਰਗਲਾ ਕੇ ਘਰੋਂ ਲਿਜਾਣ ਅਤੇ ਬਾਅਦ 'ਚ ਉਸ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਸ਼ਾਮਲ ਇਕ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ 1 ਲੱਖ 35 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਪੁਲਸ ਸੂਤਰਾਂ ਅਨੁਸਾਰ ਥਾਣਾ ਧਰਮਕੋਟ ਦੀ ਪੁਲਸ ਨੂੰ 28 ਫਰਵਰੀ, 2014 ਨੂੰ ਦਿੱਤੀ ਸ਼ਿਕਾਇਤ 'ਚ ਜ਼ਿਲੇ ਦੇ ਨੇੜਲੇ ਕਸਬੇ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਸੀ ਕਿ ਉਸ ਦੀ ਮਾਤਾ ਕਸਬੇ ਦੇ ਹੀ ਇਕ ਪ੍ਰਾਈਵੇਟ ਹਸਪਤਾਲ 'ਚ ਸਾਫ-ਸਫਾਈ ਕਰਨ ਦਾ ਕੰਮ ਕਰਦੀ ਸੀ, ਜਿਸ ਦਿਨ ਸਕੂਲ ਤੋਂ ਛੁੱਟੀ ਹੁੰਦੀ ਸੀ, ਉਸ ਦਿਨ ਉਹ ਆਪਣੀ ਮਾਂ ਨਾਲ ਹੀ ਹਸਪਤਾਲ ਚਲੀ ਜਾਂਦੀ ਸੀ। ਹਸਪਤਾਲ ਦੇ ਨੇੜੇ ਇਕ ਦੁਕਾਨ 'ਤੇ ਕੰਮ ਕਰਨ ਵਾਲੇ ਪਿੰਡ ਰੱਤੀਆ ਨਿਵਾਸੀ ਸ਼ਿੰਦਰ ਸਿੰਘ ਉਸ 'ਤੇ ਮਾੜੀ ਨਜ਼ਰ ਰੱਖਦਾ ਸੀ ਅਤੇ 23 ਫਰਵਰੀ, 2014 ਨੂੰ ਉਹ ਜਦੋਂ ਆਪਣੇ ਘਰ ਦੇ ਬਾਹਰ ਦਰਵਾਜ਼ੇ 'ਚ ਖੜ੍ਹੀ ਸੀ ਕਿ ਸ਼ਿੰਦਰ ਸਿੰਘ ਮੋਟਰਸਾਈਕਲ 'ਤੇ ਉੱਥੇ ਆਇਆ ਅਤੇ ਵਰਗਲਾ ਕੇ ਉਸ ਨੂੰ ਇਕ ਅਣਜਾਣ ਜਗ੍ਹਾ 'ਤੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰ ਕੇ ਉੱਥੋਂ ਫਰਾਰ ਹੋ ਗਿਆ। ਉਹ ਕਿਸੇ ਤਰ੍ਹਾਂ ਆਪਣੇ ਘਰ ਪੁੱਜੀ ਅਤੇ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ। ਪੁਲਸ ਵੱਲੋਂ ਉਕਤ ਦੋਸ਼ੀ ਸ਼ਿੰਦਰ ਸਿੰਘ ਖਿਲਾਫ ਜਬਰ-ਜ਼ਨਾਹ ਕਰਨ ਅਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
