7ਵੀਂ ਜਮਾਤ ''ਚ ਪੜ੍ਹਦੀ ਬੱਚੀ ਨਾਲ ਪਿੰਡ ਦੇ ਹੀ ਨੌਜਵਾਨ ਨੇ ਕੀਤਾ ਜਬਰ-ਜ਼ਨਾਹ

Tuesday, Jul 23, 2019 - 12:50 AM (IST)

7ਵੀਂ ਜਮਾਤ ''ਚ ਪੜ੍ਹਦੀ ਬੱਚੀ ਨਾਲ ਪਿੰਡ ਦੇ ਹੀ ਨੌਜਵਾਨ ਨੇ ਕੀਤਾ ਜਬਰ-ਜ਼ਨਾਹ

ਮੱਲੀਆਂ ਕਲਾਂ (ਟੁੱਟ)- ਪਿੰਡ ਤਲਵੰਡੀ ਭਰੋ ਵਿਖੇ 7ਵੀਂ ਜਮਾਤ 'ਚ ਪੜ੍ਹਦੀ 12 ਸਾਲਾ ਬੱਚੀ ਨੂੰ ਬੰਧਕ ਬਣਾ ਕੇ ਪਿੰਡ ਦੇ ਹੀ ਨੌਜਵਾਨ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੀ ਮਾਤਾ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਗਠੀਏ ਦੀ ਦਵਾਈ ਲੈਣ ਲਈ ਘਰ ਤੋਂ ਬਾਹਰ ਸੁਲਤਾਨਪੁਰ ਲੋਧੀ ਵਿਖੇ ਗਈ ਹੋਈ ਸੀ। ਇਸ ਪਿੱਛੋਂ ਮੇਰੀ ਲੜਕੀ ਜੋ 7ਵੀਂ ਜਮਾਤ ਵਿਚ ਪੜ੍ਹਦੀ ਹੈ ਘਰ ਵਿਚ ਇਕੱਲੀ ਸੀ। ਦੁਪਹਿਰ ਬਾਅਦ ਮੈਨੂੰ ਮੇਰੇ ਬੇਟੇ ਦਾ ਫੋਨ ਆਇਆ ਕਿ ਪਿੰਡ ਦੇ ਹੀ ਨੌਜਵਾਨ ਅਸ਼ਵਨੀ ਕੁਮਾਰ ਉਰਫ ਆਸ਼ੂ ਪੁੱਤਰ ਬਲਵਿੰਦਰ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ ਹੈ। ਮੈਂ ਤੁਰੰਤ ਹੀ ਆਪਣੇ ਘਰ ਪੁੱਜੀ ਅਤੇ ਆ ਕੇ ਆਪਣੀ ਬੇਟੀ ਤੋਂ ਸਾਰੀ ਘਟਨਾ ਬਾਰੇ ਪੁੱਛਿਆ ਤਾਂ ਉਸ ਨੇ ਡਰੀ ਹੋਈ ਨੇ ਦੱਸਿਆ ਕਿ ਮੈਂ ਦੁਪਹਿਰ 1 ਵਜੇ ਦੇ ਕਰੀਬ ਆਪਣੇ ਤਾਏ ਦੇ ਘਰ ਟੀ. ਵੀ. ਦੇਖਣ ਲਈ ਗਈ ਸੀ ਪਰ ਉਥੇ ਤਾਏ ਦੇ ਪਰਿਵਾਰਕ ਮੈਂਬਰ ਮੌਜੂਦ ਨਹੀਂ ਸਨ, ਜਿਸ ਕਰ ਕੇ ਮੈਂ ਵਾਪਸ ਮੁੜਨ ਲੱਗੀ ਤਾਂ ਉਥੇ ਪਹਿਲਾਂ ਤੋਂ ਹੀ ਮੌਜੂਦ ਅਸ਼ਵਨੀ ਕੁਮਾਰ ਉਰਫ ਆਸ਼ੂ ਨੇ ਮੈਨੂੰ ਦਬੋਚ ਲਿਆ ਅਤੇ ਮੇਰੇ ਨਾਲ ਜ਼ਬਰਦਸਤੀ ਕੀਤੀ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨੂੰ ਲੈ ਕੇ ਸਿਵਲ ਹਸਪਤਾਲ ਨਕੋਦਰ ਵਿਖੇ ਭਰਤੀ ਕਰਵਾਇਆ, ਉਥੋਂ ਹੀ ਉਨ੍ਹਾਂ ਨੇ ਇਸ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਉਰਫ ਆਸ਼ੂ ਨੂੰ ਨਕੋਦਰ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਪ੍ਰਤੀ ਪਿੰਡ ਦੇ ਲੋਕਾਂ ਵਿਚ ਪੂਰਾ ਸਹਿਮ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪੁਲਸ-ਪ੍ਰਸ਼ਾਸਨ ਕੋਲੋਂ ਉਕਤ ਮੁਲਜ਼ਮ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


author

Karan Kumar

Content Editor

Related News