ਜਬਰ-ਜ਼ਿਨਾਹ ਦੇ ਮਾਮਲੇ ਵਧੇ, ਬਠਿੰਡਾ ’ਚ ਤਿੰਨ ਕੇਸਾਂ ’ਚ ਚਾਰ ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ

Wednesday, Sep 01, 2021 - 01:57 PM (IST)

ਜਬਰ-ਜ਼ਿਨਾਹ ਦੇ ਮਾਮਲੇ ਵਧੇ, ਬਠਿੰਡਾ ’ਚ ਤਿੰਨ ਕੇਸਾਂ ’ਚ ਚਾਰ ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ

ਬਠਿੰਡਾ (ਵਰਮਾ) : ਜ਼ਿਲ੍ਹੇ ਵਿਚ ਜਬਰ-ਜ਼ਿਨਾਹ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਿਛਲੇ ਇਕ ਹਫ਼ਤੇ ਵਿਚ ਜਬਰ ਜ਼ਿਨਾਹ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਤਿੰਨ ਮਾਮਲਿਆਂ ਵਿਚ ਪੁਲਸ ਨੇ ਚਾਰ ਵਿਅਕਤੀਆਂ ਖ਼ਿਲਾਫ਼  ਮੁਕੱਦਮੇ ਦਰਜ ਕੀਤੇ ਹਨ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਥਾਣਾ ਨਥਾਣਾ ਦੀ ਪੁਲਸ ਨੇ ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦਰਜ ਕਰਵਾਈ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਜੇਲ੍ਹ ਵਿਚ ਬੰਦ ਹੈ, ਇਸ ਲਈ ਉਹ ਆਪਣੇ ਪਿਤਾ ਦੇ ਘਰ ਰਹਿ ਗਈ ਸੀ ਕੁਝ ਸਮਾਂ ਪਹਿਲਾਂ ਹੀ ਉਸ ਦੀ ਮੁਲਾਕਾਤ ਨਿਰਮਲ ਸਿੰਘ ਨਾਮ ਦੇ ਵਿਅਕਤੀ ਨਾਲ ਹੋਈ ਸੀ। ਪੀੜਤਾ ਨੇ ਦੱਸਿਆ ਕਿ 29 ਅਗਸਤ ਨੂੰ ਨਿਰਮਲ ਸਿੰਘ ਨੇ ਕੰਮ ਦੇ ਬਹਾਨੇ ਉਸ ਨੂੰ ਸੱਦਿਆ ਅਤੇ ਕਾਰ ਵਿਚ ਬਿਠਾ ਕੇ ਅਣਪਛਾਤੀ ਜਗ੍ਹਾ ’ਤੇ ਲੈ ਗਿਆ, ਜਿੱਥੇ ਉਕਤ ਵਿਅਕਤੀ ਨੇ ਆਪਣੇ ਅਣਪਛਾਤੇ ਸਾਥੀ ਨਾਲ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਚੁੱਪ ਰਹਿਣ ਲਈ ਕਿਹਾ। ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 

ਫੇਸਬੁੱਕ ’ਤੇ ਦੋਸਤੀ ਕਰਨ ਤੋਂ ਬਾਅਦ ਕੀਤਾ ਜਬਰ-ਜ਼ਿਨਾਹ  
ਥਾਣਾ ਸਿਵਲ ਲਾਈਨ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਪੀੜਤ ਕੁੜੀ ਨੇ ਦੱਸਿਆ ਕਿ ਫੇਸਬੁੱਕ ਜ਼ਰੀਏ ਉਸ ਦੀ ਦੋਸਤੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਦਲਜੀਤ ਸਿੰਘ ਨਾਮ ਦੇ ਨੌਜਵਾਨ ਨਾਲ ਹੋਈ ਸੀ। ਪੀੜਤਾ ਨੇ ਦੱਸਿਆ ਕਿ ਚਾਰ ਮਹੀਨੇ ਤੱਕ ਉਕਤ ਨੌਜਵਾਨ ਨਾਲ ਫੇਸਬੁੱਕ ’ਤੇ ਉਸ ਦੀ ਗੱਲਬਾਤ ਚੱਲਦੀ ਰਹੀ। ਇਸ ਦੌਰਾਨ ਦਲਜੀਤ ਸਿੰਘ ਨੇ ਉਸ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਅਤੇ ਬਹਾਨੇ ਨਾਲ ਸਥਾਨਕ ਸ਼ਹਿਰ ਦੇ ਇਕ ਹੋਟਲ ਵਿਚ ਬੁਲਾ ਲਿਆ ਜਿੱਥੇ ਉਕਤ ਨੌਜਵਾਨ ਨੇ ਉਸ ਨਾਲ ਜ਼ਬਰੀ ਸਰੀਰਕ ਸਬੰਧ ਬਣਾਏ ਤੇ ਬਾਅਦ ਵਿਚ ਵਿਆਹ ਕਰਵਾਉਣ ਤੋਂ ਮੁੱਕਰ ਗਿਆ। ਪੁਲਸ  ਨੇ ਪੀੜਤਾ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਦਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਕਤ ਨੌਜਵਾਨ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਪੁਲਸ ਮੁਲਾਜ਼ਮ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ  
26 ਅਗਸਤ ਨੂੰ ਥਾਣਾ ਕੈਨਾਲ ਕਲੋਨੀ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਇਕ ਜਨਾਨੀ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦੀ ਮੁਲਾਕਾਤ ਪੰਜਾਬ ਪੁਲਸ ਦੇ ਮੁਲਾਜ਼ਮ ਜਗਸੀਰ ਸਿੰਘ ਨਾਲ ਹੋਈ ਸੀ। ਇਸ ਦੌਰਾਨ ਉਕਤ ਮੁਲਾਜ਼ਮ ਨੇ ਉਸ ਦਾ ਫੋਨ ਨੰਬਰ ਲੈ ਲਿਆ ਤੇ ਗੱਲਬਾਤ ਕਰਨ ਲੱਗ ਪਿਆ। ਪੀੜਤਾ ਨੇ ਦੱਸਿਆ ਕਿ ਜਦ ਉਸਨੇ ਉਕਤ ਮੁਲਾਜ਼ਮ ਨੂੰ ਫੋਨ ਕਰਨ ਤੋਂ ਵਰਜਿਆ ਤਾਂ ਉਹ ਜ਼ਬਰੀ ਮੇਰੇ ਘਰ ਵਿਚ ਦਾਖ਼ਲ ਹੋ ਗਿਆ ਤੇ ਨਸ਼ਾ ਤਸਕਰੀ ਦਾ ਪਰਚਾ ਦਰਜ ਕਰਨ ਦੀ ਧਮਕੀ ਦੇ ਕੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਮੋਬਾਇਲ ਫੋਨ ਦੇ ਜ਼ਰੀਏ ਵੀਡੀਓ ਬਣਾ ਲਈ ਤੇ ਬਾਅਦ ਵਿਚ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਜ਼ਬਰਦਸਤੀ ਕਰਦਾ ਰਿਹਾ ਅਤੇ ਰੌਲਾ ਪਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ  ਦਿੱਤੀਆਂ। ਪੀੜਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਕਥਿਤ ਦੋਸ਼ੀ ਜਗਸੀਰ ਸਿੰਘ ਖਿਲਾਫ਼ ਧਾਰਾ 376 ਅਤੇ 506 ਦੇ ਅਧੀਨ ਕੇਸ ਦਰਜ ਕੀਤਾ ਹੈ। ਉਕਤ ਵਿਅਕਤੀ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।


author

Gurminder Singh

Content Editor

Related News