ਮਾਮਲਾ ਨਾਬਾਲਗ ਨਾਲ ਜਬਰ-ਜ਼ਿਨਾਹ ਤੇ ਕਤਲ ਦਾ, ਇਨਸਾਫ਼ ਲਈ ਮਨਪ੍ਰੀਤ ਦੀ ਕੋਠੀ ਘੇਰਣ ਦਾ ਐਲਾਨ

Wednesday, Sep 09, 2020 - 05:49 PM (IST)

ਲੰਬੀ/ਮਲੋਟ (ਜੁਨੇਜਾ) : ਹਲਕੇ ਦੇ ਇਕ ਪਿੰਡ ਦੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਅਤੇ ਉਸਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮੁਲਜ਼ਮਾਂ ਅਤੇ ਮਜ਼ਦੂਰ ਕਾਕਾ ਰਾਮ ਦੇ ਕਾਤਲਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਲੰਬੀ ਥਾਣੇ ਅੱਗੇ ਸ਼ੁਰੂ ਅਣਮਿੱਥੇ ਸਮੇਂ ਲਈ ਧਰਨਾ ਸਮਾਪਤ ਕਰਨ ਮੌਕੇ ਐਲਾਨ ਕੀਤਾ ਕਿ ਹੁਣ 17 ਸਤੰਬਰ ਨੂੰ ਕੈਪਟਨ ਸਰਕਾਰ ਦੇ ਨੁਮਾਇੰਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਧਰਨੇ ਦੀ ਸਮਾਪਤੀ ਮੌਕੇ ਲੰਬੀ ਪਿੰਡ 'ਚ ਵਿਸ਼ਾਲ ਮੁਜ਼ਾਹਰਾ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਰਥੀ ਫੂਕੀ ਗਈ। ਬੁਲਾਰਿਆਂ ਨੇ ਮੁੱਖ ਮੰਤਰੀ ਵੱਲੋਂ ਕਾਨੂੰਨ ਦੀ ਥਾਂ ਰਜਵਾੜਾਸ਼ਾਹੀ ਢੰਗ ਨਾਲ ਰਾਜ ਪ੍ਰਬੰਧ ਚਲਾਉਣ ਦੀ ਤਿੱਖੀ ਅਲੋਚਨਾ ਕੀਤੀ । 

ਬੁਲਾਰਿਆਂ ਨੇ ਕਿਹਾ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਧਰਨੇ ਨੂੰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ, ਕ੍ਰਿਸ਼ਨਾ ਦੇਵੀ , ਗੁਰਮੇਲ ਕੌਰ ਅਤੇ ਤਾਰਾਵੰਤੀ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਪਾਸ਼ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜਿੰਦਰ ਸਿੰਘ ਸਰਾਂ , ਮਜ਼ਦੂਰ ਆਗੂ ਕਾਲਾ ਸਿੰਘ ਅਤੇ ਰਾਜਾ ਸਿੰਘ ਖੂਨਣ ਖੁਰਦ, ਕਾਕਾ ਸਿੰਘ ਖੁੰਡੇ ਹਲਾਲ ਅਤੇ ਕਾਲਾ ਸਿੰਘ ਸਿੰਘੇਵਾਲਾ ਨੇ ਸੰਬੋਧਨ ਕੀਤਾ।


Gurminder Singh

Content Editor

Related News