ਦੀਵਾਲੀ ਨੇੜੇ ਵੱਡਾ ਧਮਾਕਾ ਕਰ ਸਕਦੇ ਹਨ ਰਣਜੀਤ ਸਿੰਘ ਬ੍ਰਹਮਪੁਰਾ

10/23/2020 6:35:49 PM

ਅੰਮ੍ਰਿਤਸਰ : ਬਾਦਲਾਂ ਖ਼ਿਲਾਫ਼ ਵਿਰੋਧ ਦਾ ਝੰਡਾ ਚੁੱਕਣ ਵਾਲੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਾਲਾ ਅਕਾਲੀ ਦਲ ਟਕਸਾਲੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਅਕਾਲੀ ਦਲ ਡੈਮੋਕ੍ਰੈਟਿਕ ਵਿਚਾਲੇ ਜਲਦ ਹੀ ਗਠਜੋੜ ਹੋ ਸਕਦਾ ਹੈ। ਇਹ ਖੁਲਾਸਾ ਖੁਦ ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਹੈ। ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਅਤੇ ਅਹੁਦੇਦਾਰਾਂ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਬ੍ਰਹਮਪੁਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਹੋਈ ਸੀ ਅਤੇ ਦੋਵਾਂ ਵਿਚਾਲੇ ਜਥੇਬੰਦੀਆਂ ਦੀ ਆਪਸੀ ਏਕਤਾ ਬਾਰੇ ਵੀ ਵਿਚਾਰ ਚਰਚਾ ਹੋਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਜਥੇਬੰਦੀਆਂ ਆਪਸੀ ਏਕਤਾ ਲਈ ਰਜ਼ਾਮੰਦ ਹਨ ਅਤੇ ਦੋਵਾਂ ਦਾ ਟੀਚਾ ਵੀ ਇਕ ਹੈ। ਇਸ ਲਈ ਜਲਦੀ ਹੀ ਆਪਸੀ ਗਠਜੋੜ ਦਾ ਐਲਾਨ ਕੀਤਾ ਜਾਵੇਗਾ। ਇਹ ਗਠਜੋੜ ਦਾ ਐਲਾਨ ਦੀਵਾਲੀ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ :  ਲੁਧਿਆਣਾ ਮੁਥੂਟ ਫਾਇਨਾਂਸ ਡਕੈਤੀ ਮਾਮਲੇ 'ਚ ਵੱਡਾ ਖ਼ੁਲਾਸਾ, ਭਾਜਪਾ ਨੇਤਾ ਦੇ ਕਤਲ ਨਾਲ ਜੁੜੇ ਤਾਰ

ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬ ਦੀ ਸਿਆਸਤ ਵਿਚ ਬਦਲਾਅ ਲਈ ਤੀਜਾ ਫਰੰਟ ਬਣਾਉਣਾ ਸਮੇਂ ਦੀ ਲੋੜ ਹੈ। ਇਸ ਸਬੰਧੀ ਹਮਖਿਆਲੀ ਪਾਰਟੀਆਂ ਵਿਚਾਲੇ ਏਕਤਾ ਹੋਣੀ ਚਾਹੀਦੀ ਹੈ। ਇਸ ਸਬੰਧੀ ਕਈ ਜਥੇਬੰਦੀਆਂ ਨਾਲ ਗੈਰ-ਰਸਮੀ ਗੱਲਬਾਤ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਗਠਜੋੜ ਸਾਂਝੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜੇਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੀ ਇਕ ਸਾਂਝਾ ਗਠਜੋੜ ਤਿਆਰ ਕੀਤਾ ਜਾਵੇਗਾ, ਜਿਸ ਵਿਚ ਹਮਖਿਆਲੀ ਪਾਰਟੀਆਂ ਸ਼ਾਮਲ ਹੋਣਗੀਆਂ।

ਇਹ ਵੀ ਪੜ੍ਹੋ :  ਕੈਨੇਡਾ ਰਹਿੰਦੀ ਕੁੜੀ ਦੀ ਫੇਸਬੁਕ ਆਈ. ਡੀ. ਕੀਤੀ ਹੈਕ. ਇਤਰਾਜ਼ਯੋਗ ਤਸੀਵਰਾਂ ਕੀਤੀਆਂ ਪੋਸਟ

ਇਸ ਦੌਰਾਨ ਉਨ੍ਹਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਕੇਂਦਰ ਸਰਕਾਰ  ਨੂੰ ਅਪੀਲ ਕੀਤੀ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਇਸ ਮੌਕੇ ਇਕੱਠ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਪਾਰਦਰਸ਼ਤਾ ਲਈ ਵੋਟਾਂ ਸਿਰਫ਼ ਫੋਟੋ ਸ਼ਨਾਖਤੀ ਕਾਰਡ ਰਾਹੀਂ ਹੀ ਪਾਈਆਂ ਜਾਣ, ਇਸ ਲਈ ਲੋੜੀਂਦੇ ਕਦਮ ਚੁੱਕੇ ਜਾਣ। ਜਥੇਬੰਦੀ ਨੇ ਇਕ ਮਤੇ ਰਾਹੀਂ ਸੂਬੇ ਨੂੰ ਵਧੇਰੇ ਅਧਿਕਾਰਾਂ ਦੀ ਮੰਗ ਕੀਤੀ ਹੈ ਅਤੇ ਇਕ ਹੋਰ ਮਤੇ ਰਾਹੀਂ ਬਰਗਾੜੀ ਤੇ ਬਹਿਬਲ ਕਲਾ ਕਾਂਡ ਅਤੇ 328 ਪਾਵਨ ਸਰੂਪਾਂ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ :  ਤਰਨਤਾਰਨ 'ਚ ਵੱਡਾ ਹਾਦਸਾ, ਪਤੀ-ਪਤਨੀ ਸਣੇ ਧੀ ਦੀ ਮੌਤ


Gurminder Singh

Content Editor

Related News