ਕੈਪਟਨ ਤੇ ਹਰਸਿਮਰਤ ਕਰਤਾਰਪੁਰ ਲਾਂਘੇ ''ਤੇ ਸਿਆਸਤ ਨਾ ਕਰਨ : ਬ੍ਰਹਮਪੁਰਾ
Sunday, Jan 13, 2019 - 11:16 AM (IST)

ਚੰਡੀਗੜ੍ਹ (ਅਸ਼ਵਨੀ) : ਕਰਤਾਰਪੁਰ ਲਾਂਘੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ਬਦੀ ਜੰਗ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਹਾਲਾਂਕਿ ਇਹ ਕਰਤਾਰਪੁਰ ਲਾਂਘੇ ਦਾ ਮੁੱਦਾ ਬਹੁਤ ਸੰਵੇਦਨਸ਼ੀਲ ਅਤੇ ਨਾਜ਼ੁਕ ਹੈ, ਜੋ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਇਸ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਇਹ ਵਿਚਾਰ ਇੱਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਕਿਹਾ ਕਿ ਉਹ ਇਸ ਮੁੱਦੇ 'ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਹੀ ਦੋਗਲੀ ਨੀਤੀ ਅਪਣਾ ਰਹੀਆਂ ਹਨ। ਬਾਦਲ ਪਰਿਵਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਲੋਕ ਪਹਿਲਾਂ ਹੀ ਬਹੁਤ ਤੰਗ ਅਤੇ ਦੁਖੀ ਹਨ। ਬ੍ਰਹਮਪੁਰਾ ਨੇ ਤਾਂ ਬਾਦਲ ਪਰਿਵਾਰ ਨੂੰ ਵੀ ਆਪਣੇ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਰਤਾਰਪੁਰ ਲਾਂਘੇ 'ਤੇ ਸਿਆਸਤ ਕਰਨ ਤੋਂ ਪਹਿਲਾਂ ਸ਼ਾਇਦ ਇਹ ਭੁੱਲ ਚੁੱਕੀ ਹੈ ਬਾਦਲ ਪਰਿਵਾਰ ਨੇ ਕੀ ਕੀ ਪਾਪ ਕਮਾਏ ਹਨ।