5 ਸਾਲ ਤੋਂ ਕੋਠੀ 'ਚ ਬੰਦ ਜਿਊਂਦੀ ਮਿਲੀ 85 ਸਾਲਾ ਰਣਜੀਤ ਕੌਰ, ਹੈਰਾਨ ਕਰ ਦੇਵੇਗਾ ਚੰਡੀਗੜ੍ਹ ਦਾ ਇਹ ਮਾਮਲਾ

Tuesday, Apr 12, 2022 - 11:47 AM (IST)

5 ਸਾਲ ਤੋਂ ਕੋਠੀ 'ਚ ਬੰਦ ਜਿਊਂਦੀ ਮਿਲੀ 85 ਸਾਲਾ ਰਣਜੀਤ ਕੌਰ, ਹੈਰਾਨ ਕਰ ਦੇਵੇਗਾ ਚੰਡੀਗੜ੍ਹ ਦਾ ਇਹ ਮਾਮਲਾ

ਚੰਡੀਗੜ੍ਹ (ਹਾਂਡਾ) : ਸੈਕਟਰ-40 ਦੇ ਮਕਾਨ ਨੰਬਰ 3100 ਵਿਚ ਪਿਛਲੇ ਪੰਜ ਸਾਲਾਂ ਤੋਂ 85 ਸਾਲਾ ਔਰਤ ਬੰਦ ਹੈ, ਜੋ ਕਿ ਕਦੇ ਬਾਹਰ ਨਹੀਂ ਨਿਕਲੀ। ਮਕਾਨ ’ਚ ਬਜ਼ੁਰਗ ਔਰਤ ਨਾਲ ਉਸ ਦੀ ਬੇਟੀ ਵੀ ਰਹਿੰਦੀ ਹੈ, ਜੋ ਕਿਸੇ ਨੂੰ ਅੰਦਰ ਵੜਣ ਨਹੀਂ ਦਿੰਦੀ। ਇਹੀ ਨਹੀਂ ਘਰ ਦੇ ਅੰਦਰ ਦਰਜਨ ਭਰ ਅਵਾਰਾ ਕੁੱਤਿਆਂ ਨੂੰ ਵੀ ਪਾਲਿਆ ਹੋਇਆ ਹੈ, ਜੋ ਕਿਸੇ ਨੂੰ ਨੇੜੇ ਆਉਣ ਨਹੀਂ ਦਿੰਦੇ। ਨੇੜਲੇ ਲੋਕ ਪ੍ਰੇਸ਼ਾਨ ਹਨ ਕਿਉਂਕਿ ਘਰ ਅੰਦਰੋਂ ਬਦਬੂ ਆਉਂਦੀ ਹੈ, ਟੋਕਣ ’ਤੇ ਬਜ਼ੁਰਗ ਔਰਤ ਦੀ ਬੇਟੀ ਲੋਕਾਂ ਨਾਲ ਝਗੜਦੀ ਹੈ। ਗੁਆਂਢੀਆਂ ਨੂੰ ਸ਼ੱਕ ਹੋਇਆ ਕਿ ਬਜ਼ੁਰਗ ਔਰਤ ਦੀ ਮੌਤ ਹੋ ਚੁੱਕੀ ਹੈ ਅਤੇ ਬੇਟੀ ਇਸ ਗੱਲ ਨੂੰ ਲੁਕਾ ਰਹੀ ਹੈ, ਜਿਸ ਕਾਰਨ ਸਾਰਿਆਂ ਨੇ ਮਿਲ ਕੇ ਐੱਸ. ਡੀ. ਐੱਮ. ਨੂੰ ਸ਼ਿਕਾਇਤ ਲਿਖੀ ਕਿ ਘਰ ਨੂੰ ਖੁਲ੍ਹਵਾ ਕੇ ਤਲਾਸ਼ੀ ਲਈ ਜਾਵੇ ਅਤੇ ਅਸਲੀਅਤ ਜਨਤਕ ਕੀਤੀ ਜਾਵੇ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਲੋਕਾਂ ਦੀ ਸ਼ਿਕਾਇਤ ’ਤੇ ਸੋਮਵਾਰ ਨੂੰ ਐੱਸ. ਡੀ. ਐੱਮ. ਸਾਊਥ ਪ੍ਰਦੁਮਨ ਸਿੰਘ ਨੇ ਪੁਲਸ ਨੂੰ ਨਾਲ ਲੈ ਕੇ ਮਕਾਨ ਨੰਬਰ 3100 ਦਾ ਦੌਰਾ ਕੀਤਾ। ਜਦੋਂ ਉਹ ਮਕਾਨ ਵਿਚ ਪੁੱਜੇ ਤਾਂ ਘਰ ਵਿਚ ਤਾਲਾ ਲੱਗਿਆ ਸੀ। ਵਾਰ-ਵਾਰ ਬੁਲਾਉਣ ’ਤੇ ਵੀ ਕੋਈ ਨਹੀਂ ਆਇਆ। ਘਰ ਦੇ ਅੰਦਰ ਬਜ਼ੁਰਗ ਔਰਤ ਦੀ ਬੇਟੀ ਹਰਜੀਤ ਕੌਰ ਮੌਜੂਦ ਸੀ, ਜਿਸ ਨੇ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਅਤੇ ਉਪਰਲੀ ਮੰਜ਼ਲ ’ਤੇ ਚਲੀ ਗਈ। ਐੱਸ. ਡੀ. ਐੱਮ. ਇਕ ਘੰਟਾ ਉਸ ਨੂੰ ਗੇਟ ਖੋਲ੍ਹਣ ਲਈ ਮਨਾਉਂਦੇ ਰਹੇ ਪਰ ਉਹ ਨਾ ਮੰਨੀ, ਜਿਸ ਤੋਂ ਬਾਅਦ ਐੱਸ. ਡੀ. ਐੱਮ. ਨੇ ਪੁਲਸ ਨੂੰ ਤਾਲਾ ਤੋੜਨ ਦੇ ਹੁਕਮ ਦਿੱਤੇ। ਤਾਲਾ ਤੋੜਨ ਤੋਂ ਬਾਅਦ ਐੱਸ. ਡੀ. ਐੱਮ. ਪੁਲਸ ਨਾਲ ਅੰਦਰ ਗਏ, ਜਿਥੇ ਇਕ ਕਮਰੇ ਵਿਚ ਬਜ਼ੁਰਗ ਔਰਤ ਰਣਜੀਤ ਕੌਰ ਜਿੰਦਾ ਮਿਲੀ ਪਰ ਬਹੁਤ ਹੀ ਤਰਸਯੋਗ ਹਾਲਤ ਵਿਚ। ਐੱਸ. ਡੀ. ਐੱਮ. ਅਤੇ ਉਨ੍ਹਾਂ ਨਾਲ ਆਈ ਬਜ਼ੁਰਗ ਔਰਤ ਦੀ ਬੇਟੀ ਇੰਦਰਜੀਤ ਕੌਰ ਨੂੰ ਵੇਖਦਿਆਂ ਹੀ ਉਹ ਚੀਕਣ ਲੱਗੀ ਕਿ ਉਹ ਆਪਣੀ ਬੇਟੀ ਦੇ ਨਾਲ ਹੀ ਰਹੇਗੀ। ਐੱਸ. ਡੀ. ਐੱਮ. ਨੇ ਬਜ਼ੁਰਗ ਔਰਤ ਦੀ ਬੇਟੀ ਹਰਜੀਤ ਕੌਰ ਨੂੰ ਮਾਂ ਨੂੰ ਲੈ ਕੇ ਮੰਗਲਵਾਰ ਨੂੰ ਐੱਸ.ਡੀ.ਐੱਮ. ਦਫ਼ਤਰ ਵਿਚ ਹਾਜ਼ਰ ਹੋਣ ਨੂੰ ਕਿਹਾ ਹੈ। ਰਣਜੀਤ ਕੌਰ ਮਸ਼ਹੂਰ ਨੋਟਰੀ ਰਹੇ ਗੁਲਸ਼ਨਬੀਰ ਸਿੰਘ ਦੀ ਪਤਨੀ ਹੈ, ਜਿਨ੍ਹਾਂ ਦੀਆਂ ਤਿੰਨ ਬੇਟੀਆਂ ਹਨ, ਜਿਨ੍ਹਾਂ ਵਿਚੋਂ ਇਕ ਪਟਿਆਲਾ ਤੋਂ ਗਜ਼ਟਿਡ ਅਫ਼ਸਰ ਰਿਟਾਇਰ ਹੋਈ ਹੈ। ਗੁਲਸ਼ਨਬੀਰ ਸਿੰਘ ਨੇ ਬੁਢਾਪੇ ਦੇ ਸਹਾਰੇ ਲਈ ਵੱਡੀ ਬੇਟੀ ਇੰਦਰਜੀਤ ਕੌਰ ਦੇ ਬੇਟੇ ਸਰਬਜੋਤ ਨੂੰ ਗੋਦ ਲੈ ਲਿਆ ਸੀ। ਦੋਸ਼ ਹੈ ਕਿ ਹਰਜੀਤ ਕੌਰ ਆਪਣੇ ਪਿਤਾ ਅਤੇ ਭਰਾ ਨੂੰ ਵੀ ਘਰੋਂ ਕੱਢ ਚੁੱਕੀ ਹੈ, ਜੋ ਕਿ ਵੱਖ ਰਹਿ ਰਹੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਘਰਵਾਲੀ ਹਸਪਤਾਲ ’ਚ ਦਾਖ਼ਲ, ਅੱਜ ਹੋਵੇਗਾ ਆਪ੍ਰੇਸ਼ਨ

ਗੁਲਸ਼ਨਬੀਰ ਸਿੰਘ ਅਤੇ ਉਨ੍ਹਾਂ ਦਾ ਗੋਦ ਲਿਆ ਪੁੱਤਰ ਸਰਬਜੋਤ ਸਿੰਘ ਵੱਲੋਂ ਪੁਲਸ ਨੂੰ ਕਈ ਵਾਰ ਹਰਜੀਤ ਕੌਰ ਖਿਲਾਫ਼ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਕਿ ਉਸ ਨੇ ਮਕਾਨ ਵਿਚ ਜਬਰੀ ਕਬਜ਼ਾ ਕਰ ਲਿਆ ਹੈ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਸਰਬਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸਾਲ 2015 ਵਿਚ ਜੂਨ ਦੀਆਂ ਛੁੱਟੀਆਂ ਵਿਚ ਆਪਣੇ ਬੱਚਿਆਂ ਨਾਲ ਇੱਥੇ ਆਈ ਸੀ ਅਤੇ ਜਬਰੀ ਆਪਣੇ ਪਰਿਵਾਰ ਸਮੇਤ ਇਥੇ ਹੀ ਰਹਿਣ ਲੱਗੀ। ਭਰਾ ਖਿਲਾਫ਼ ਪੁਲਸ ਵਿਚ ਰੇਪ ਕਰਨ ਦੀ ਕੋਸ਼ਿਸ਼ ਦੀ ਸ਼ਿਕਾਇਤ ਕੀਤੀ ਅਤੇ ਪਿਤਾ ਖਿਲਾਫ਼ ਵੀ ਐੱਫ਼.ਆਈ.ਆਰ. ਦਰਜ ਕਰਵਾ ਦਿੱਤੀ।

ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ

ਇੰਦਰਜੀਤ ਕੌਰ ਨੇ ਦੱਸਿਆ ਕਿ ਆਪਣੀ ਮਾਂ ਨੂੰ ਉਸ ਨੇ ਤਿੰਨ ਸਾਲਾਂ ਤੋਂ ਨਹੀਂ ਵੇਖਿਆ ਸੀ, ਇਸ ਲਈ ਉਹ ਇਕ ਮਹੀਨੇ ਤੋਂ ਹਰ ਰੋਜ਼ ਸੈਕਟਰ-40 ’ਚ ਜਾ ਕੇ ਮਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਹਰਜੀਤ ਕੌਰ ਨੇ ਨਹੀਂ ਮਿਲਣ ਦਿੱਤਾ। ਨਾ ਹੀ ਮਾਂ ਦੀ ਸ਼ਕਲ ਹੀ ਵਿਖਾਈ। ਜਿਸ ਤੋਂ ਬਾਅਦ ਉਹ ਨੇੜਲੇ ਲੋਕਾਂ ਨੂੰ ਨਾਲ ਲੈ ਕੇ ਐੱਸ. ਡੀ. ਐੱਮ. ਦਫ਼ਤਰ ਗਈ ਸੀ, ਜਿਸ ਤੋਂ ਬਾਅਦ ਐੱਸ. ਡੀ. ਐੱਮ. ਖੁਦ ਆਏ ਅਤੇ ਦਰਵਾਜ਼ਾ ਖੁਲ੍ਹਵਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਦੀ ਹਾਲਤ ਬਹੁਤ ਖ਼ਰਾਬ ਸੀ, ਜਿਨ੍ਹਾਂ ਨੂੰ ਕੁੱਤਿਆਂ ਵਿਚ ਕਮਰੇ ਵਿਚ ਰੱਖਿਆ ਹੋਇਆ ਸੀ, ਉਨ੍ਹਾਂ ਨੇ ਐੱਸ.ਡੀ.ਐੱਮ. ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਦੀ ਕਸਟਡੀ ਉਨ੍ਹਾਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਉਨ੍ਹਾਂ ਦੀ ਦੇਖਭਾਲ ਕਰ ਸਕਣ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Anuradha

Content Editor

Related News