ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਦਾ ਨਜ਼ਦੀਕੀ ਗੈਂਗਸਟਰ ਰਣਦੀਪ ਗ੍ਰਿਫ਼ਤਾਰ, ਵੱਡੀ ਸਾਜ਼ਿਸ਼ ਨੂੰ ਦੇਣਾ ਸੀ ਅੰਜਾਮ
Thursday, Sep 22, 2022 - 09:51 PM (IST)
ਨੈਸ਼ਨਲ ਡੈਸਕ : ਦਿੱਲੀ ਪੁਲਸ ਦੀ ਸਪੈਸ਼ਲ ਟੀਮ ਨੇ ਪਾਕਿਸਤਾਨ ’ਚ ਬੈਠੇ ਖਾਲਿਸਤਾਨੀ ਅੱਤਵਾਦੀ ਦੀ ਵੱਡੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਹੈ। ਦਰਅਸਲ, ਖਾਲਿਸਤਾਨੀ ਅੱਤਵਾਦੀ ਰਿੰਦਾ ਨੇ ਭਾਰਤ ’ਚ ਹਿੰਦੂ ਨੇਤਾਵਾਂ ਅਤੇ ਆਰ.ਐੱਸ.ਐੱਸ. ਵਰਕਰਾਂ ਦੇ ਕਤਲ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਸਮਾਂ ਰਹਿੰਦਿਆਂ ਹੀ ਦਿੱਲੀ ਪੁਲਸ ਨੇ ਇਨ੍ਹਾਂ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਅਤੇ ਅੱਤਵਾਦੀ ਦੇ ਨਜ਼ਦੀਕੀ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ। ਦਰਅਸਲ, ਦਿੱਲੀ ਪੁਲਸ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਪਾਕਿਸਤਾਨ ’ਚ ਬੈਠੇ ਖਾਲਿਸਤਾਨੀ ਅੱਤਵਾਦੀ ਰਿੰਦਾ ਦੇ ਬਹੁਤ ਨਜ਼ਦੀਕੀ ਗੈਂਗਸਟਰ ਕਵਰ ਰਣਦੀਪ ਸਿੰਘ ਉਰਫ਼ ਐੱਸ. ਕੇ. ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੈਂਗਸਟਰ ਨੂੰ ਪਾਕਿਸਤਾਨ ’ਚ ਬੈਠੇ ਅੱਤਵਾਦੀ ਰਿੰਦਾ ਦੇ ਇਸ਼ਾਰੇ ’ਤੇ ਹਿੰਦੂ ਨੇਤਾਵਾਂ ਅਤੇ ਆਰ.ਐੱਸ.ਐੱਸ. ਨੇਤਾਵਾਂ ਨੂੰ ਮਾਰਨ ਦਾ ਕੰਮ ਦਿੱਤਾ ਗਿਆ ਸੀ। ਜਿਸ ਲਈ ਇਹ ਕਈ ਵਾਰ ਦਿੱਲੀ ਆ ਕੇ ਰੁਕਿਆ ਵੀ ਸੀ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਮੂਲ ਤੌਰ ’ਤੇ ਪੰਜਾਬ ਦੇ ਪਟਿਆਲਾ ਦਾ ਰਹਿਣ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : ਪਿਤਾ ਦੀ ਸਿਹਤ ਨੂੰ ਲੈ ਕੇ ਵਿਧਾਇਕ ਲਾਭ ਸਿੰਘ ਉੱਗੋਕੇ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਗੱਲ
ਇਸ ’ਤੇ ਪਹਿਲਾਂ ਵੀ ਤਕਰੀਬਨ 7 ਤੋਂ 8 ਅਪਰਾਧਿਕ ਮਾਮਲੇ ਦਰਜ ਹਨ। ਦੋਸ਼ੀ ਰਿੰਦਾ ਨਾਲ ਵਰਚੁਅਲ ਨੰਬਰਾਂ ਰਾਹੀਂ ਲਗਾਤਾਰ ਸੰਪਰਕ ’ਚ ਰਹਿੰਦਾ ਸੀ। ਦੱਸਿਆ ਗਿਆ ਹੈ ਕਿ ਰਿੰਦਾ ਦੇ ਇਸ਼ਾਰੇ ’ਤੇ ਗ੍ਰਿਫ਼ਤਾਰ ਗੈਂਗਸਟਰ ਰਣਦੀਪ ਨੂੰ ਕੁਝ ਤਸਵੀਰਾਂ ਵੀ ਦਿੱਤੀਆਂ ਗਈਆਂ ਸਨ, ਜਿਨ੍ਹਾਂ ਰਾਹੀਂ ਹਿੰਦੂ ਨੇਤਾਵਾਂ ਅਤੇ ਆਰ. ਐੱਸ. ਐੱਸ. ਦੇ ਨੇਤਾਵਾਂ ’ਤੇ ਹਮਲਾ ਕਰਨ ਦੀ ਯੋਜਨਾ ਸੀ। ਗੈਂਗਸਟਰ ਤੋਂ ਅੱਤਵਾਦੀ ਬਣਿਆ ਰਣਦੀਪ ਸਿੰਘ ਉਰਫ਼ ਐੱਸ. ਕੇ. ਖਰੌਦ ਪੰਜਾਬ ਦਾ ‘ਏ’ ਕੈਟਾਗਰੀ ਦਾ ਅਪਰਾਧੀ ਹੈ, ਜਿਸ ਦੀ ਪੁਲਸ ਨੂੰ ਦੋ ਸਾਲਾਂ ਤੋਂ ਭਾਲ ਸੀ। ਮੁਲਜ਼ਮ ਆਈ.ਐੱਸ.ਆਈ. ਸਮਰਥਿਤ ਭਗੌੜੇ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਨਜ਼ਦੀਕੀ ਹੈ। ਗ੍ਰਿਫ਼ਤਾਰ ਮੁਲਜ਼ਮ ਰਿੰਦਾ ਨਾਲ ਮਿਲ ਕੇ ‘ਕੌਮ’ ਨਾਮੀ ਮਿਸ਼ਨ ਦੀ ਸਾਜ਼ਿਸ਼ ਰਚ ਰਿਹਾ ਸੀ।