ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੈ ਪਾਕਿ, ਖ਼ਾਲਿਸਤਾਨੀ ਤਾਕਤਾਂ ਨੌਜਵਾਨਾਂ ਨੂੰ ਗੁੰਮਰਾਹ ਕਰਨ ’ਚ ਲੱਗੀਆਂ: ਰਮਣੀਕ ਮਾਨ

Saturday, Aug 14, 2021 - 11:52 AM (IST)

ਪੰਜਾਬ ਨੂੰ ਅਸਥਿਰ ਕਰਨਾ ਚਾਹੁੰਦੈ ਪਾਕਿ, ਖ਼ਾਲਿਸਤਾਨੀ ਤਾਕਤਾਂ ਨੌਜਵਾਨਾਂ ਨੂੰ ਗੁੰਮਰਾਹ ਕਰਨ ’ਚ ਲੱਗੀਆਂ: ਰਮਣੀਕ ਮਾਨ

ਜਲੰਧਰ- ਮੰਨੇ-ਪ੍ਰਮੰਨੇ ਸਿਆਸੀ ਮਾਹਿਰ ਰਣਮੀਕ ਸਿੰਘ ਮਾਨ ਦਾ ਮੰਨਣਾ ਹੈ ਕਿ ਗੁਆਂਢੀ ਦੇਸ਼ ਪਾਕਿਸਤਾਨ ਪੰਜਾਬ ਵਿਚ ਪੈਦਾ ਹੋ ਰਹੇ ਮੌਜੂਦਾ ਹਾਲਾਤ ਦਾ ਫਾਇਦਾ ਉਠਾ ਕੇ ਪੰਜਾਬ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚ ਰਿਹਾ ਹੈ ਅਤੇ ਪਾਕਿਸਤਾਨ ਦੇ ਇਸ ਏਜੰਡੇ ਤੋਂ ਅਣਜਾਣ ਪੰਜਾਬ ਦੇ ਕੁਝ ਨੌਜਵਾਨ ਪਾਕਿਸਤਾਨੀ ਏਜੰਸੀਆਂ ਦੇ ਜਾਲ ਵਿਚ ਫਸ ਰਹੇ ਹਨ। ਪੰਜਾਬ ਨੂੰ ਬਚਾਉਣ ਲਈ ਪਾਕਿਸਤਾਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ ਕਿਉਂਕਿ ਜੇ ਪੰਜਾਬ ਅਸਥਿਰ ਹੁੰਦਾ ਹੈ ਤਾਂ ਇਸ ਦਾ ਅਸਰ ਸਿਰਫ਼ ਪੰਜਾਬ ਤਕ ਸੀਮਿਤ ਨਹੀਂ ਰਹੇਗਾ, ਸਗੋਂ ਪੂਰੇ ਉੱਤਰੀ ਭਾਰਤ ਵਿਚ ਇਸ ਦਾ ਅਸਰ ਨਜ਼ਰ ਆਏਗਾ। ਪੰਜਾਬ ਦੀ ਅਸਥਿਰਤਾ ਪੂਰੇ ਦੱਖਣੀ-ਪੂਰਬੀ ਏਸ਼ੀਆ ਦੀ ਸ਼ਾਂਤੀ ਭੰਗ ਕਰ ਸਕਦੀ ਹੈ। ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਰਮਣੀਕ ਸਿੰਘ ਮਾਨ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਹਰਿੰਦਰ ਸਿੰਘ ਬਾਜਵਾ ਨੇ। ਪੇਸ਼ ਹੈ ਪੂਰੀ ਇੰਟਰਿਵਊ–

ਪੰਜਾਬ ’ਚ ਨਸ਼ੇ, ਬੇਰੋਜ਼ਗਾਰੀ ਤੇ ਨੌਜਵਾਨਾਂ ਦੀ ਹਿਜਰਤ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ?
ਪੰਜਾਬ ਦੀ ਮੌਜੂਦਾ ਸਥਿਤੀ ਦਾ ਜੇ ਅਸੀਂ ਬਾਰੀਕੀ ਨਾਲ ਵਿਸ਼ਲੇਸ਼ਣ ਕਰੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਿਛਲੇ 25 ਸਾਲਾਂ ਵਿਚ ਪੰਜਾਬ ਦੀ ਸੱਤਾ ’ਤੇ ਕਾਬਜ਼ ਸਿਆਸਤਦਾਨਾਂ ਦਾ ਏਜੰਡਾ ਪੰਜਾਬ ਅਤੇ ਇਥੋਂ ਦੇ ਨਾਗਰਿਕਾਂ ਦਾ ਵਿਕਾਸ ਨਹੀਂ ਰਿਹਾ। ਉਨ੍ਹਾਂ ਦੀ ਪਹਿਲ ਖ਼ੁਦ ਦਾ ਆਰਥਿਕ ਵਿਕਾਸ ਰਿਹਾ ਹੈ। ਸੱਤਾਧਾਰੀ ਖ਼ੁਦ ’ਤੇ ਕੇਂਦਰਤ ਰਹੇ ਹਨ ਅਤੇ ਉਨ੍ਹਾਂ ਆਪਣੇ ਸਾਮਰਾਜ ਦਾ ਵਿਸਤਾਰ ਕੀਤਾ ਹੈ, ਜਦੋਂਕਿ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਕਿਸੇ ਵੀ ਸੂਬੇ ਦੀ ਤਰੱਕੀ ਦਾ ਪੈਮਾਨਾ ਆਰਥਿਕ ਵਿਕਾਸ ਦੇ ਨਾਲ-ਨਾਲ ਉਸ ਦਾ ਸਮਾਜਿਕ ਵਿਕਾਸ ਹੁੰਦਾ ਹੈ । ਇਸ ਦੇ ਨਾਲ ਇਹ ਵੀ ਵੇਖਿਆ ਜਾਂਦਾ ਹੈ ਕਿ ਸੂਬੇ ਦੀ ਜਨਤਾ ਦਾ ਭਵਿੱਖ ਕਿਹੋ ਜਿਹਾ ਰਹਿਣ ਵਾਲਾ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬ ਪਿਛਲੇ 25 ਸਾਲਾਂ ਵਿਚ ਇਨ੍ਹਾਂ ਸਾਰੇ ਪੈਮਾਨਿਆਂ ’ਤੇ ਪਿਛੜਿਆ ਹੈ। ਪੰਜਾਬ ਤੋਂ ਨੌਜਵਾਨਾਂ ਦੀ ਹਿਜਰਤ ਹੋ ਰਹੀ ਹੈ। ਅਸੀਂ ਇੰਨੀ ਮਿਹਨਤਕਸ਼ ਕੌਮ ਹਾਂ ਕਿ ਅਸੀਂ ਵਿਦੇਸ਼ਾਂ ਵਿਚ ਜਾ ਕੇ ਉਨ੍ਹਾਂ ਦੇਸ਼ਾਂ ਦੀ ਆਰਥਿਕ ਤਰੱਕੀ ਵਿਚ ਵੱਡਾ ਯੋਗਦਾਨ ਪਾਇਆ ਹੈ ਪਰ ਸਾਡੇ ਸਿਆਸਤਦਾਨ ਅਜਿਹੀਆਂ ਨੀਤੀਆਂ ਨਹੀਂ ਬਣਾ ਸਕੇ, ਜਿਨ੍ਹਾਂ ਕਾਰਨ ਨੌਜਵਾਨ ਇੱਥੇ ਰਹਿ ਕੇ ਪੰਜਾਬ ਦਾ ਅਤੇ ਖ਼ੁਦ ਦਾ ਵਿਕਾਸ ਕਰ ਸਕਣ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ

PunjabKesari

ਸਿਆਸਤਦਾਨਾਂ ਦੀਆਂ ਨਿੱਜੀ ਇੱਛਾਵਾਂ ਇਸ ਦੇ ਲਈ ਕਿਵੇਂ ਜ਼ਿੰਮੇਵਾਰ ਹਨ?
ਤੁਸੀਂ ਨਸ਼ੇ ਦੀ ਗੱਲ ਕੀਤੀ ਤਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਫੜ ਕੇ ਨਸ਼ਿਆਂ ਨੂੰ ਖ਼ਤਮ ਕਰਨ ਦੀ ਗੱਲ ਕਹੀ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਨਸ਼ਿਆਂ ਨੂੰ ਖ਼ਤਮ ਨਾ ਕਰ ਸਕਣ ਦੇ ਕਾਰਨ ਹੋ ਸਕਦੇ ਹਨ ਪਰ ਕਾਂਗਰਸ ਵੱਲੋਂ ਇਸ ’ਤੇ ਕਾਬੂ ਨਾ ਪਾਏ ਜਾਣ ਦੇ ਕੀ ਕਾਰਨ ਹਨ? ਕੈਪਟਨ ਤਾਂ ਖ਼ੁਦ ਫੌਜੀ ਰਹਿ ਚੁੱਕੇ ਹਨ। ਕੈਪਟਨ ਹੁਣ ਟਵੀਟ ਕਰ ਰਹੇ ਹਨ ਕਿ ਪੰਜਾਬ ਵਿਚ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜੇ ਜਾ ਰਹੇ ਹਨ। ਸਾਨੂੰ ਫੋਰਸ ਚਾਹੀਦੀ ਹੈ। ਇਹ ਪਹਿਲਾਂ ਕਿਉਂ ਨਹੀਂ ਕਿਹਾ ਗਿਆ? ਇਹ ਕੰਮ ਤਾਂ ਪਹਿਲਾਂ ਵੀ ਹੋ ਰਿਹਾ ਸੀ, ਹੁਣ ਸਿਰਫ਼ ਉਸ ਦਾ ਮਾਧਿਅਮ ਬਦਲਿਆ ਹੈ। ਉਹ ਸੁਰੰਗ ਬਣਾਉਣ ਦੀ ਬਜਾਏ ਡਰੋਨ ਰਾਹੀਂ ਆ ਰਹੇ ਹਨ ਪਰ ਪਹਿਲਾਂ ਤੁਹਾਡਾ ਖ਼ੁਫ਼ੀਆ ਤੰਤਰ ਕਿੱਥੇ ਸੀ? ਸੁਨੀਲ ਜਾਖੜ ਨੇ ਨਵਜੋਤ ਸਿੱਧੂ ਦੀ ਤਾਜਪੋਸ਼ੀ ਦੌਰਾਨ ਮੰਚ ਤੋਂ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਚਾਰਜ ਕਰਕੇ ਸਰਹੱਦ ’ਤੇ ਭੇਜ ਦਿੱਤਾ, ਨਹੀਂ ਤਾਂ ਉਨ੍ਹਾਂ ਦਾ ਗੁੱਸਾ ਕਾਂਗਰਸ ’ਤੇ ਉਤਰਨਾ ਸੀ। ਕਿਸਾਨਾਂ ਦਾ ਗੁੱਸਾ ਕਾਂਗਰਸ ’ਤੇ ਕਿਉਂ ਉਤਰਦਾ? ਕੀ ਉਸ ਦਾ ਕਿਸੇ ਨੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ? ਕਿਸਾਨਾਂ ਲਈ 1962 ਤੋਂ ਬਾਅਦ ਕੋਈ ਕਾਨੂੰਨ ਨਹੀਂ ਆਇਆ। ਪਹਿਲਾਂ ਅਕਾਲੀ ਦਲ ਵੀ ਇਸ ਕਾਨੂੰਨ ਦੇ ਨਾਲ ਸੀ ਅਤੇ ਉਸ ਨੇ ਇਨ੍ਹਾਂ ਦਾ ਸਮਰਥਨ ਕੀਤਾ ਸੀ। ਇਹ ਰੈਡਿਕਲਾਈਜ਼ੇਸ਼ਨ ਦਾ ਤੀਜਾ ਹਿੱਸਾ ਹੈ ਅਤੇ ਪੰਜਾਬ ਦੀ ਅਗਲੀ ਨਸਲ ਨੂੰ ਇਸੇ ਰਾਹੀਂ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਿਰਫ ਪੰਜਾਬ ਨੂੰ ਡਿਸਟਰਬ ਨਹੀਂ ਕਰੇਗਾ, ਸਗੋਂ ਇਸ ਨਾਲ ਪੂਰੇ ਇਲਾਕੇ ਦੀ ਸ਼ਾਂਤੀ ਭੰਗ ਹੋਵੇਗੀ।

ਪੰਜਾਬ ’ਚ ਸਥਿਤੀ ਵਿਗੜਨ ਨਾਲ ਹੋਰ ਇਲਾਕੇ ਕਿਵੇਂ ਡਿਸਟਰਬ ਹੋਣਗੇ?
ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਭਾਰਤ ਵਿਚ ਅਸ਼ਾਂਤੀ ਫੈਲਾਉਣ ਲਈ ਸ਼ੁਰੂ ਤੋਂ ਕੇ.-ਟੂ ਫਾਰਮੂਲੇ ’ਤੇ ਕੰਮ ਕਰਦੀ ਰਹੀ ਹੈ। ਕੇ.-ਵਨ ਉਨ੍ਹਾਂ ਦਾ ਕਸ਼ਮੀਰ ਹੈ ਅਤੇ ਕੇ.-ਟੂ ਖਾਲਿਸਤਾਨ ਹੈ। ਕਸ਼ਮੀਰ ਵਿਚ ਧਾਰਾ-370 ਦੇ ਖ਼ਾਤਮੇ ਤੋਂ ਬਾਅਦ ਉਨ੍ਹਾਂ ਦੀ ਦੁਕਾਨ ਬੰਦ ਹੋ ਗਈ ਹੈ ਅਤੇ ਉਹ ਹੁਣ ਖ਼ਾਲਿਸਤਾਨ ਦੀ ਦੁਕਾਨ ਖੋਲ੍ਹ ਰਹੇ ਹਨ। ਹੁਣ ਗੁਰਪਤਵੰਤ ਸਿੰਘ ਪੰਨੂ ਵਰਗਿਆਂ ਨੂੰ ਅੱਗੇ ਆ ਕੇ ਪੰਜਾਬ ਵਿਚ ਖ਼ਾਲਿਸਤਾਨ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪੰਨੂ ਦੀ ਜੁਰਅਤ ਨਹੀਂ ਕਿ ਉਹ ਭਾਰਤ ’ਚ ਆ ਕੇ ਅਜਿਹੀਆਂ ਗੱਲਾਂ ਕਰੇ। ਪੰਨੂ ਵਰਗੇ ਵਿਦੇਸ਼ ਵਿਚ ਰਹਿ ਕੇ ਹੀ ਅਜਿਹੀਆਂ ਗੱਲਾਂ ਕਰ ਸਕਦੇ ਹਨ। ਪਾਕਿਸਤਾਨ ਦੀ ਆਈ. ਐੱਸ. ਆਈ. ਪੰਜਾਬ ਵਿਚ ਖ਼ਾਲਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਤਾਲਿਬਾਨ ਨੂੰ ਸਮਰਥਨ ਦੇ ਰਹੀ ਹੈ। ਪਾਕਿਸਤਾਨ ਨੂੰ ਸੈਂਟਰਲ ਏਸ਼ੀਆ ਤਕ ਰੂਟ ਚਾਹੀਦਾ ਹੈ ਅਤੇ ਉਹ ਰੂਟ ਉਸ ਨੂੰ ਅਫ਼ਗਾਨਿਸਤਾਨ ਰਾਹੀਂ ਹੀ ਮਿਲ ਸਕਦਾ ਹੈ। ਅਜਿਹਾ ਉਸ ਵੇਲੇ ਤਕ ਸੰਭਵ ਨਹੀਂ ਜਦੋਂ ਤਕ ਅਫ਼ਗਾਨਿਸਤਾਨ ਵਿਚ ਪਾਕਿਸਤਾਨ ਦੇ ਸਮਰਥਨ ਵਾਲੀ ਸਰਕਾਰ ਨਾ ਹੋਵੇ। ਇਸ ਤੋਂ ਬਿਨਾਂ ਉਹ ਨਾ ਤਾਂ ਅਫ਼ਗਾਨਿਸਤਾਨ ਦੇ ਕੁਦਰਤੀ ਸੰਸਥਾਨਾਂ ’ਤੇ ਕਬਜ਼ਾ ਕਰ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਰਾਹਦਾਰੀ ਮਿਲਦੀ ਹੈ। ਜੇ ਅਫ਼ਗਾਨਿਸਤਾਨ ਮੁੜ ਪਾਕਿਸਤਾਨ ਦੀ ਪ੍ਰੋਕਸੀ ਬਣ ਜਾਂਦਾ ਹੈ ਤਾਂ ਉਹ ਅੱਤਵਾਦੀਆਂ ਦੀ ਟਰੇਨਿੰਗ ਗਰਾਊਂਡ ਬਣ ਜਾਵੇਗਾ। ਇਸ ਨਾਲ ਪੂਰੀ ਦੁਨੀਆ ਵਿਚ ਅੱਤਵਾਦ ਮੁੜ ਸਿਰ ਚੁੱਕਣ ਲੱਗੇਗਾ ਅਤੇ ਭਾਰਤ ਵੀ ਇਸ ਦੀ ਲਪੇਟ ਵਿਚ ਆ ਜਾਵੇਗਾ।

ਇਹ ਵੀ ਪੜ੍ਹੋ: ਹੈਵਾਨੀਅਤ: ਰਾਜਮਾਂਹ ਦੀ ਬੋਰੀ ਚੋਰੀ ਕਰਦੇ ਫੜੇ ਨੌਜਵਾਨਾਂ ਨੂੰ ਨੰਗੇ ਕਰਕੇ ਕੁੱਟਿਆ, ਪਿੱਠ ’ਤੇ ਲਿਖ ਦਿੱਤਾ ਚੋਰ

ਪੰਜਾਬੀ ਨੌਜਵਾਨਾਂ ਦੇ ਵੱਖਵਾਦ ਵੱਲ ਵਧਣ ਦੇ ਕੀ ਕਾਰਨ ਹਨ?
ਵਿਦੇਸ਼ਾਂ ਵਿਚ ਬੈਠੀਆਂ ਕੁਝ ਤਾਕਤਾਂ ਕੋਲੋਂ ਪੰਜਾਬ ਦੀ ਸ਼ਾਂਤੀ ਨਹੀਂ ਵੇਖੀ ਜਾਂਦੀ। ਪੰਜਾਬ ਇਤਿਹਾਸਕ ਤੌਰ ’ਤੇ ਗੇਟਵੇ ਆਫ ਇੰਡੀਆ ਰਿਹਾ ਹੈ ਅਤੇ ਇਸ ’ਤੇ ਹਮੇਸ਼ਾ ਹਮਲਾਵਰਾਂ ਨੇ ਹਮਲਾ ਬੋਲਿਆ ਹੈ। ਹੁਣ ਵੀ ਪੰਜਾਬ ਨੂੰ ਹੀ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਪੰਜਾਬ ਦੀ ਮੌਜੂਦਾ ਸਥਿਤੀ ਅਜਿਹੀ ਹੈ ਕਿ ਨੌਜਵਾਨ ਬੇਰੋਜ਼ਗਾਰ ਹਨ ਅਤੇ ਉਨ੍ਹਾਂ ਨੂੰ ਧਰਮ ਦੇ ਨਾਂ ’ਤੇ ਆਸਾਨੀ ਨਾਲ ਭੜਕਾਇਆ ਜਾ ਰਿਹਾ ਹੈ। ਨਕਸਲਵਾਦੀ ਅਤੇ ਖੱਬੇਪੱਖੀ ਕਦੇ ਉਦਯੋਗ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ। ਇਸ ਲਈ ਉਨ੍ਹਾਂ ਪੰਜਾਬ ਵਿਚ ਨੌਜਵਾਨੀ ਨੂੰ ਧਰਮ ਦੇ ਨਾਂ ’ਤੇ ਭੜਕਾਉਣਾ ਸ਼ੁਰੂ ਕੀਤਾ ਹੈ। ਇਹ ਤਾਕਤਾਂ ਨੌਜਵਾਨਾਂ ਨੂੰ ਪੰਜਾਬ ਵਿਚ ਖੇਤੀ ਅੰਦੋਲਨ ਦੇ ਨਾਂ ’ਤੇ ਭੜਕਾ ਰਹੀਆਂ ਹਨ ਅਤੇ ਇੰਡਸਟ੍ਰੀ ਪੰਜਾਬ ਤੋਂ ਬਾਹਰ ਜਾ ਰਹੀ ਹੈ। ਖੱਬੇਪੱਖੀ ਵਿਚਾਰਕ ਤੌਰ ’ਤੇ ਹੀ ਇੰਡਸਟ੍ਰੀ ਦੇ ਖਿਲਾਫ ਹਨ। ਨੌਜਵਾਨਾਂ ਨੂੰ ਵਿਦੇਸ਼ ਵਿਚ ਬੈਠੀਆਂ ਪੰਜਾਬ ਵਿਰੋਧੀ ਤਾਕਤਾਂ ਪੈਸੇ ਦਾ ਲਾਲਚ ਦੇ ਕੇ ਵੀ ਇਸ ਪਾਸੇ ਧੱਕ ਰਹੀਆਂ ਹਨ ਪਰ ਗੁੰਮਰਾਹ ਹੋਏ ਨੌਜਵਾਨਾਂ ਨੂੰ ਬਾਅਦ ’ਚ ਇਨ੍ਹਾਂ ਤਾਕਤਾਂ ਦੀਆਂ ਸਾਜ਼ਿਸਾਂ ਦਾ ਪਤਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਕੀਤੇ ’ਤੇ ਪਛਤਾਵਾ ਹੁੰਦਾ ਹੈ ਪਰ ਉਸ ਵੇਲੇ ਤਕ ਦੇਰ ਹੋ ਚੁੱਕੀ ਹੁੰਦੀ ਹੈ।

ਇਹ ਵੀ ਪੜ੍ਹੋ: ਆਦਮਪੁਰ 'ਚ ASI ਦਾ ਸ਼ਰਮਨਾਕ ਕਾਰਾ, ਮਾਮੂਲੀ ਗੱਲ ਪਿੱਛੇ ਮੁੰਡੇ ਦੀ ਡਾਂਗਾਂ ਨਾਲ ਕੀਤੀ ਕੁੱਟਮਾਰ, ਹੋਇਆ ਸਸਪੈਂਡ

ਖੇਤੀ ਕਾਨੂੰਨਾਂ ’ਤੇ ਤਿੱਖੇ ਬੋਲ
8 ਸਾਲ ਤਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਰੱਦੀ ਦੀ ਟੋਕਰੀ ਵਿਚ ਪਈ ਰਹੀ ਪਰ ਉਸ ਵੇਲੇ ਕਿਸਾਨਾਂ ਨੂੰ ਦਿੱਲੀ ਜਾ ਕੇ ਧਰਨਾ ਦੇਣ ਲਈ ਪ੍ਰੇਰਿਤ ਕਿਉਂ ਨਹੀਂ ਕੀਤਾ ਗਿਆ?
ਆੜ੍ਹਤੀ ਨੂੰ ਕਿਸਾਨ ਦਾ ਬੈਂਕ ਦੱਸਿਆ ਜਾ ਰਿਹਾ ਹੈ ਪਰ ਕੀ ਆੜ੍ਹਤੀ ਬਿਨਾਂ ਵਿਆਜ ਦੇ ਕਿਸਾਨ ਨੂੰ ਪੈਸਾ ਦੇ ਰਿਹਾ ਹੈ? ਕਿਸਾਨ ਕੋਲ ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ ਹੈ ਤਾਂ ਆੜ੍ਹਤੀ ’ਤੇ ਨਿਰਭਰਤਾ ਕਿਉਂ?
5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿਣ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹੀ ਕਿਹੜੀ ਨੀਤੀ ਲਾਗੂ ਕੀਤੀ, ਜਿਸ ਨਾਲ ਕਿਸਾਨਾਂ ਨੂੰ ਯਕੀਨੀ ਤੌਰ ’ਤੇ ਫਾਇਦਾ ਮਿਲਣ ਦਾ ਰਸਤਾ ਖੁੱਲ੍ਹਾ ਹੋਵੇ।
ਪਿੰਡਾਂ ’ਚ ਕਿਸਾਨਾਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਜੁਰਮਾਨਾ ਲੱਗਣ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਅੰਦੋਲਨ ਵਿਚ ਲਿਜਾਇਆ ਗਿਆ। ਹੁਣ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਦੇ ਖਾਤਿਆਂ ਵਿਚ ਸਿੱਧਾ ਪੈਸਾ ਜਮ੍ਹਾ ਹੋਣ ’ਤੇ ਉਨ੍ਹਾਂ ਨੂੰ ਕਾਨੂੰਨ ਦਾ ਫਾਇਦਾ ਸਮਝ ਆ ਰਿਹਾ ਹੈ।

ਇਹ ਵੀ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ, ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁੱਤ ਰਹਿੰਦਾ ਹੈ ਵਿਦੇਸ਼

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News