ਰਾਮ ਲੀਲਾ ’ਚ ਸ਼ਰਾਬ ਨਾਲ ਸੀਨ ਕਰਨ ਵਾਲੇ ਪ੍ਰਬੰਧਕ ਤੇ ਕਲਾਕਾਰ ਤਲਬ
Sunday, Oct 10, 2021 - 11:54 AM (IST)
ਪਟਿਆਲਾ (ਰਾਜੇਸ਼ ਪੰਜੌਲਾ, ਅੱਤਰੀ) : ਸ੍ਰੀ ਸਨਾਤਨ ਧਰਮ ਕਲੱਬ ਵੱਲੋਂ ਪ੍ਰਭਾਤ ਏਰੀਆ ਜ਼ੀਰਕਪੁਰ ’ਚ ਰਾਮਲੀਲਾ ’ਚ ਸ਼ਰਾਬ ਦੀ ਬੋਤਲ ਲੈ ਕੇ ਸੀਨ ਕੀਤੇ ਜਾਣ ’ਤੇ ਕਲੱਬ ਦੇ ਸਮੁੱਚੇ ਪ੍ਰਮੁੱਖ ਦੋਸ਼ੀ ਕਲਾਕਾਰਾਂ ਤੇ ਪ੍ਰਬੰਧਕਾਂ ਨੂੰ ਬੀਤੇ ਦਿਨੀਂ ਸ੍ਰੀ ਹਿੰਦੂ ਤਖ਼ਤ ’ਤੇ ਤਲਬ ਕੀਤਾ ਗਿਆ। ਇੱਥੇ ਉਨ੍ਹਾਂ ਨੇ ਆਪਣੀ ਗਲਤੀ ਮੰਨੀ ਅਤੇ ਮੁਆਫ਼ੀ ਮੰਗੀ। ਉਨ੍ਹਾਂ ਦੀ ਇਸ ਗਲਤੀ ਨੂੰ ਦੇਖਦੇ ਹੋਏ ਸ੍ਰੀ ਹਿੰਦੂ ਤਖ਼ਤ ਧਰਮਾਧੀਸ਼ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਵੱਲੋਂ ਉਨ੍ਹਾਂ ਨੂੰ ਪੰਜ ਸ਼ਨੀਵਾਰ ਨੂੰ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿਚ ਆ ਕੇ ਲੰਗਰ ਭਵਨ ਵਿਚ ਭਗਤਾਂ ਦੇ ਜੂਠੇ ਭਾਂਡੇ ਸਾਫ ਕਰਨ ਦੀ ਸਜ਼ਾ ਸੁਣਾਈ ਗਈ, ਜਿਸ ਦੇ ਤਹਿਤ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ ਤੇ ਦੋਸ਼ੀ ਕਲਾਕਾਰਾਂ ਨੇ ਮੰਦਿਰ ਵਿਚ ਆ ਕੇ ਲੰਗਰ ਭਵਨ ਵਿਚ ਭਾਂਡੇ ਸਾਫ ਕੀਤੇ ਅਤੇ ਸੇਵਾ ਕੀਤੀ।
ਇਸ ਮੌਕੇ ਤਖ਼ਤ ਦੇ ਸੀਨੀਅਰ ਪ੍ਰਚਾਰਕ ਰਾਜੇਸ਼ ਕਹਿਰ ਨੇ ਦੱਸਿਆ ਕਿ ਗੁਰੂ ਦੇ ਹੁਕਮ ਦੀ ਪਾਲਣਾ ਦੀ ਜ਼ਿੰਮੇਵਾਰੀ ਹਿੰਦੂ ਸੁਰੱਖਿਆ ਸੰਮਤੀ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਿੰਦੂ ਤਖ਼ਤ ਜੋ ਵੀ ਹੁਕਮ ਦੇਵੇਗਾ, ਸੰਮਤੀ ਉਸ ਦਾ ਹਰ ਹਾਲਤ ਵਿਚ ਪਾਲਣਾ ਕਰਵਾਏਗੀ। ਉਸ ਲਈ ਭਾਵੇਂ ਕਿਸੇ ਹੱਦ ਤੱਕ ਕਿਉਂ ਨਾ ਜਾਣਾ ਪਏ। ਇਸ ਮੌਕੇ ਸੰਮਤੀ ਤੇ ਤਖ਼ਤ ਆਗੂ ਰਾਜੇਸ਼ ਕਹਿਰ, ਸਵਤੰਤਰ ਰਾਜ ਪਾਸੀ, ਕੈਲਾਸ਼ ਸ਼ਰਮਾ, ਭਗਵਾਨ ਦਾਸ ਮਹਿਤਾ, ਰਜਿੰਦਰ ਸ਼ਰਮਾ, ਨਰੇਸ਼ ਸਿੰਗਲ ਆਦਿ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਨਾਤਨ ਧਰਮ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੇਵਾ ਕਰਨ ਵਾਲੇ ਦੋਸ਼ੀ ਕਲੱਬ ਦੇ ਚੇਅਰਮੈਨ ਕਰਨੈਲ ਧੀਮਾਨ, ਪ੍ਰਧਾਨ ਵਿਸ਼ਾਲ ਸ਼ਰਮਾ, ਜਸ ਕੰਬੋਜ ਸਕੱਤਰ, ਵਿੱਕੀ ਭਬਾਤ ਜਨਰਲ ਸਕੱਤਰ, ਸੰਜੂ ਜੋਗੀ ਮੁੱਖ ਕਲਾਕਾਰ ਨੇ ਸੇਵਾ ਕੀਤੀ।