ਸੁਖਬੀਰ ਦੀ ਵਿਧਾਨ ਸਭਾ ਸੀਟ ਜਿੱਤ ਕੇ ਰਮਿੰਦਰ ਆਂਵਲਾ ਬਣੇ ਕੈਬਨਿਟ ਮੰਤਰੀ ਦੇ ਦਾਅਵੇਦਾਰ
Friday, Oct 25, 2019 - 01:20 PM (IST)
ਪਟਿਆਲਾ (ਰਾਜੇਸ਼) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਿਧਾਨ ਸਭਾ ਸੀਟ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਉਮੀਦਵਾਰ ਡਾ. ਰਾਜ ਸਿੰਘ ਨੂੰ ਹਰਾ ਕੇ ਰਮਿੰਦਰ ਆਂਵਲਾ ਕੈਬਨਿਟ ਮੰਤਰੀ ਦੇ ਦਾਅਵੇਦਾਰ ਬਣ ਗਏ ਹਨ। ਰਮਿੰਦਰ ਆਂਵਲਾ ਨੇ ਇਹ ਚੋਣ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ। ਆਪਣੇ-ਆਪ ਨੂੰ ਅਜੇਤੂ ਕਹਾਉਣ ਵਾਲੇ ਸੁਖਬੀਰ ਬਾਦਲ ਦੀ ਸੀਟ ਜਿੱਤਣ ਨਾਲ ਰਮਿੰਦਰ ਆਂਵਲਾ ਦਾ ਸਿਆਸੀ ਕੱਦ ਵਧ ਗਿਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਮੰਤਰੀ ਮੰਡਲ ਵਿਚ ਇਕ ਸੀਟ ਖਾਲੀ ਹੈ, ਜਿਸ 'ਤੇ ਕਈ ਵਿਧਾਇਕਾਂ ਦੀ ਅੱਖ ਹੈ। ਸਿੰਚਾਈ ਵਿਭਾਗ ਦੇ ਸਕੈਂਡਲ 'ਚ ਨਾਂ ਆਉਣ ਕਾਰਨ ਆਪਣੀ ਮੰਤਰੀ ਦੀ ਕੁਰਸੀ ਗਵਾਉਣ ਵਾਲੇ ਰਾਣਾ ਗੁਰਜੀਤ ਸਿੰਘ ਫਿਰ ਮੰਤਰੀ ਬਣਨ ਲਈ ਜ਼ੋਰ ਲਾ ਰਹੇ ਹਨ ਪਰ ਇਨ੍ਹਾਂ ਉੱਪ ਚੋਣਾਂ 'ਚ ਰਮਿੰਦਰ ਆਂਵਲਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਆਂਵਲਾ ਮੰਤਰੀ ਦੇ ਅਹੁਦੇ ਦੇ ਹੱਕਦਾਰ ਬਣ ਗਏ ਹਨ।
ਆਮ ਤੌਰ 'ਤੇ ਸਿਆਸੀ ਪਾਰਟੀਆਂ ਉਨ੍ਹਾਂ ਆਗੂਆਂ ਨੂੰ ਵਜ਼ਾਰਤ 'ਚ ਸ਼ਾਮਲ ਕਰਦੀਆਂ ਹਨ, ਜੋ ਵੱਡੇ ਲੀਡਰਾਂ ਦੇ ਗੜ੍ਹ ਨੂੰ ਜਿੱਤ ਕੇ ਵਿਧਾਨ ਸਭਾ ਤੇ ਲੋਕ ਸਭਾ ਵਿਚ ਪਹੁੰਚਦੇ ਹਨ। ਰਮਿੰਦਰ ਆਂਵਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਗੜ੍ਹ ਤੋੜਿਆ ਹੈ, ਜਿਸ ਕਰ ਕੇ ਕੈਬਨਿਟ ਮੰਤਰੀ ਦੀ ਖਾਲੀ ਕੁਰਸੀ 'ਤੇ ਉਨ੍ਹਾਂ ਦਾ ਅਧਿਕਾਰ ਬਣ ਗਿਆ ਹੈ। ਜਦੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀ ਦੇ ਖਾਲੀ ਪਏ ਅਹੁਦੇ ਨੂੰ ਭਰਨਗੇ ਤਾਂ ਉਸ ਸਮੇਂ ਰਮਿੰਦਰ ਆਂਵਲਾ ਦੇ ਨਾਂ ਨੂੰ ਦਰਕਿਨਾਰ ਕਰਨਾ ਬਹੁਤ ਮੁਸ਼ਕਲ ਹੋਵੇਗਾ। ਆਂਵਲਾ ਨੇ ਇਹ ਸੀਟ ਜਿੱਤ ਕੇ ਪੰਜਾਬ ਦੀ ਰਾਜਨੀਤੀ ਬਦਲ ਦਿੱਤੀ ਹੈ।
ਕੈਪਟਨ ਸੰਧੂ ਦੀ ਅੱਖ ਸੀ ਖ਼ਾਲੀ ਮੰਤਰੀ ਦੇ ਅਹੁਦੇ ਦੀ ਸੀਟ 'ਤੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਕੈਪਟਨ ਸੰਦੀਪ ਸਿੰਘ ਸੰਧੂ ਸਿਰਫ ਵਿਧਾਇਕ ਬਣਨ ਲਈ ਚੋਣ ਨਹੀਂ ਲੜ ਰਹੇ ਸਨ, ਉਨ੍ਹਾਂ ਦੀ ਅੱਖ ਸਿੱਧੂ ਦੇ ਅਸਤੀਫੇ ਤੋਂ ਬਾਅਦ ਖਾਲੀ ਪਈ ਮੰਤਰੀ ਦੀ ਕੁਰਸੀ 'ਤੇ ਸੀ, ਜਿਸ ਕਰ ਕੇ ਹੀ ਉਨ੍ਹਾਂ ਦਾਖਾ ਤੋਂ ਚੋਣ ਲੜੀ। ਸੰਧੂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਨਾਲ ਅਤਿ ਨਜ਼ਦੀਕੀ ਹੋਣ ਦਾ ਉਨ੍ਹਾਂ ਨੂੰ ਫਾਇਦਾ ਮਿਲੇਗਾ ਪਰ ਉਨ੍ਹਾਂ ਦੇ ਸੁਪਨੇ ਅਧੂਰੇ ਰਹਿ ਗਏ ਅਤੇ ਅਕਾਲੀ ਉਮੀਦਵਾਰ ਨੇ ਉਨ੍ਹਾਂ ਨੂੰ ਕਰਾਰੀ ਹਾਰ ਦੇ ਦਿੱਤੀ। ਕੈਪਟਨ ਸੰਧੂ ਦੀ ਹਾਰ ਨਾਲ ਕਾਂਗਰਸ ਵੱਲੋਂ ਜਿੱਤੀਆਂ ਗਈਆਂ ਤਿੰਨ ਸੀਟਾਂ ਦਾ ਸਵਾਦ ਵੀ ਕਿਰਕਿਰਾ ਹੋ ਗਿਆ ਹੈ ਕਿਉਂਕਿ ਸਾਰੇ ਪੰਜਾਬ ਦੀਆਂ ਨਜ਼ਰਾਂ ਅਤੇ ਖਾਸ ਕਰ ਕੇ ਕਾਂਗਰਸੀ ਹਲਕਿਆਂ ਦੀਆਂ ਨਜ਼ਰਾਂ ਕੈਪਟਨ ਸੰਧੂ 'ਤੇ ਸਨ। ਪੰਜਾਬ ਦੇ ਸਮੁੱਚੇ ਕੈਬਨਿਟ ਵਜ਼ੀਰ ਅਤੇ ਵਿਧਾਇਕ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਗਏ। ਕਾਂਗਰਸ ਦੇ ਹਰ ਛੋਟੇ ਅਤੇ ਵੱਡੇ ਲੀਡਰ ਨੇ ਦਾਖਾ ਵਿਚ ਆਪਣੀ ਹਰ ਤਰ੍ਹਾਂ ਦੀ ਹਾਜ਼ਰੀ ਲਵਾਈ ਪਰ ਇਸ ਦੇ ਬਾਵਜੂਦ ਵੀ ਸੰਧੂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।