ਦੋਹਰੀ ਮਾਰ ਝੱਲ ਰਹੇ ਨੇ ਸਰਹੱਦੀ ਪਿੰਡ ਦੇ ਕਿਸਾਨ, ਕਿਸੇ ਸਰਕਾਰ ਨੇ ਨਹੀਂ ਫੜੀ ਬਾਂਹ
Saturday, May 04, 2019 - 12:44 PM (IST)

ਰਮਦਾਸ : ਰਾਵੀ ਦਰਿਆ ਨਾਲ ਵੱਸਦੇ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਅਰਮਾਨ ਵਰ੍ਹਿਆਂ ਤੋਂ ਵਹਿੰਦੇ ਪਾਣੀ 'ਚ ਰੁੜ੍ਹਦੇ ਰਹੇ ਹਨ। ਸਰਹੱਦ ਨਾਲ ਲਗਦੇ ਇਨ੍ਹਾਂ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਦਰਿਆ ਅਤੇ ਤਾਰੋਂ ਪਾਰ ਹੈ। ਪਹਿਲਾਂ ਇਹ ਕਿਸਾਨ ਹੜ੍ਹਾਂ ਦੀ ਮਾਰ ਦੇ ਸਤਾਏ ਰਹਿੰਦੇ ਸਨ ਤੇ ਹੁਣ ਇਹ ਸਰਕਾਰਾਂ ਦੀ ਮਾਰ ਦੇ ਸਤਾਏ ਹਨ। ਰਾਵੀ ਦਰਿਆ ਦੇ ਨਾਲ ਪੈਂਦੇ ਦਰਜਨਾਂ ਪਿੰਡਾਂ ਦੀ ਜ਼ਮੀਨ ਦਰਿਆ ਤੋਂ ਪਾਰ ਹੈ, ਉੱਥੇ ਪੁਲ ਨਾ ਹੋਣ ਕਰਕੇ ਇਨ੍ਹਾਂ ਲੋਕਾਂ ਨੂੰ ਨਿੱਤ ਦਿਨ ਬੇੜਿਆਂ 'ਤੇ ਆਪਣੀ ਜ਼ਿੰਦਗੀ ਠੇਲਣੀ ਪੈਂਦੀ ਹੈ। ਇਹ ਲੋਕ ਪਿਛਲੇ ਕਈ ਦਹਾਕਿਆਂ ਤੋਂ ਹਕੂਮਤਾਂ ਤੋਂ ਇਲਾਕੇ 'ਚ ਪੁਲ ਦੀ ਮੰਗ ਕਰਦੇ ਆ ਰਹੇ ਹਨ ਪਰ ਹਰ ਵਾਰ ਲਾਰੇ ਹੀ ਝੋਲੀ ਪਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕੋਟ ਰਯਾਦਾ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਨੇ ਦੱਸਿਆ ਕਿ ਸਿਆਸਤਦਾਨਾਂ ਦੇ ਲਾਰੇ ਸੁਣਦਿਆਂ ਉਨ੍ਹਾਂ ਦੀ ਜ਼ਿੰਦਗੀ ਢਲ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਵਾਲੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਹਰ ਚੋਣਾਂ ਸਮੇਂ ਦਰਿਆ 'ਤੇ ਪੁਲ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ। ਹਰ ਵਾਰ ਚੋਣਾਂ ਸਮੇਂ ਤਾਂ ਸਿਆਸਤਦਾਨ ਵਾਅਦਾ ਕਰਦੇ ਹਨ, ਜੋ ਅੱਜ ਤਕ ਵਫ਼ਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਸਾਰੇ ਪਿੰਡਾਂ ਨੇ ਮਿਲ ਕੇ ਦਰਿਆ ਤੋਂ ਪਾਰ ਅਖੰਡ ਪਾਠ ਕਰਵਾਇਆ। ਉੱਥੇ ਅਕਾਲੀ ਸਰਕਾਰ ਸਮੇਂ ਹਲਕੇ ਦੇ ਵਿਧਾਇਕ ਬੋਨੀ ਅਮਰਪਾਲ ਸਿੰਘ ਤੇ ਮੈਂਬਰ ਪਾਰਲੀਮੈਂਟ ਡਾ. ਰਤਨ ਸਿੰਘ ਅਜਨਾਲਾ ਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਸੱਦਿਆ ਗਿਆ। ਉਨ੍ਹਾਂ ਛੇਤੀ ਪੁਲ ਬਣਾਉਣ ਦਾ ਦਿਲਾਸਾ ਦਿੱਤਾ ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਹਲਕੇ 'ਚ ਆ ਕੇ ਕਿਹਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਪੁਲ ਬਣੇਗਾ ਪਰ ਹੁਣ ਉਨ੍ਹਾਂ ਵੀ ਬਾਤ ਨਹੀਂ ਪੁੱਛੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਬੇੜੇ ਵੀ ਨਹੀਂ ਦਿੱਤੇ ਗਏ, ਮੌਜੂਦਾ ਬੇੜਾ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਤਾ। ਉਨ੍ਹਾਂ ਕਿਹਾ ਕਿ ਮਲਾਹ ਵੀ ਕਿਸਾਨਾਂ ਵੱਲੋਂ ਤਨਖ਼ਾਹ 'ਤੇ ਰੱਖਿਆ ਗਿਆ ਹੈ।
ਪਿੰਡ ਚਾਹੜਪੁਰ ਤੇ ਪਿੰਡ ਦਰਿਆ ਮੂਸਾ ਦੇ ਕਿਸਾਨਾਂ ਨੇ ਦੱਸਿਆ ਕਿ ਉਹ ਵਕਤ ਕੱਟ ਰਹੇ ਹਨ, ਉਨ੍ਹਾਂ ਦੀ ਕੋਈ ਜ਼ਿੰਦਗੀ ਨਹੀਂ। ਉਨ੍ਹਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਪੁਲ ਦੀ ਮੰਗ ਕਰਦੇ ਆ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਇੱਕ ਤਾਂ ਅਸੀਂ ਪਹਿਲਾਂ ਦਰਿਆ ਪਾਰ ਕਰਦੇ ਹਾਂ ਤੇ ਦੂਜਾ ਅੱਗੇ ਤਾਰੋਂ ਪਾਰ ਜਾਣ ਲਈ ਜੱਦੋ-ਜਹਿਦ ਕਰਨੀ ਪੈਂਦੀ ਹੈ। ਸਮੇਂ ਦੀ ਘਾਟ ਤੇ ਹੋਰ ਕਈ ਕਾਰਨਾਂ ਕਰਕੇ ਪਹਿਲਾਂ ਹੀ ਫ਼ਸਲ ਘੱਟ ਹੁੰਦੀ ਹੈ ਜੋ ਸਮੇਂ ਸਿਰ ਸਾਂਭੀ ਵੀ ਨਹੀਂ ਜਾਂਦੀ। ਪਿੰਡ ਬਲੜਵਾਲ ਦੇ ਕਿਸਾਨ ਮਹਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਲਈ ਚੋਣਾਂ ਕੋਈ ਮਾਅਨੇ ਨਹੀਂ ਰਖਦੀਆਂ।