''ਰਾਮ ਮੰਦਿਰ ਦਾ ਨਿਰਮਾਣ ਹਰ ਭਾਰਤੀ ਲਈ ਮਾਣ ਵਾਲੀ ਗੱਲ''
Wednesday, Aug 05, 2020 - 10:29 AM (IST)
ਗੜ੍ਹਸ਼ੰਕਰ (ਸ਼ੋਰੀ)— ਆਰ. ਐੱਸ. ਐੱਸ. ਦੇ ਪੰਜਾਬ ਤੋਂ ਮੁਖੀ ਪ੍ਰਮੋਦ ਕੁਮਾਰ ਵੱਲੋਂ ਦਿੱਤੇ ਇਕ ਬਿਆਨ ਚ ਅੱਜ ਅਯੋਧਿਆ 'ਚ ਸ੍ਰੀ ਰਾਮ ਚੰਦਰ ਜੀ ਦੇ ਮੰਦਿਰ ਦੇ ਪੁਨਰ ਨਿਰਮਾਣ ਲਈ ਰੱਖੇ ਜਾ ਰਹੇ ਨੀਂਹ ਪੱਥਰ ਲਈ ਵਧਾਈ ਦਿੰਦੇ ਕਿਹਾ ਕਿ ਇਹ ਮੰਦਰ ਆਸਥਾ ਦਾ ਮੰਦਿਰ ਹੈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੋ ਰਿਹਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਅੱਜ ਆਪਣੇ ਘਰਾਂ 'ਚ ਦੀਪਮਾਲਾ ਕਰਕੇ ਇਸ ਚਿਰਾਂ ਤੋਂ ਅਧੂਰੀ ਪਈ ਮੰਗ ਨੂੰ ਪੂਰਾ ਹੋਣ ਦੀ ਖ਼ੁਸ਼ੀ ਦਾ ਜ਼ਰੂਰ ਆਨੰਦ ਮਾਨਣ। ਆਰ. ਐੱਸ. ਐੱਸ. ਪੰਜਾਬ ਤੋਂ ਮੁਖੀ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਜੀਵਨ ਕਾਲ 'ਚ ਇਹ ਸਦੀਆਂ ਤੋਂ ਅਧੂਰੀ ਮੰਗ ਪੂਰੀ ਹੋਣ ਜਾ ਰਹੀ ਹੈ।
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਕਾਰਨ ਬੇਸ਼ੱਕ ਅੱਜ ਅਸੀਂ ਸਰੀਰਕ ਤੌਰ 'ਤੇ ਅਯੋਧਿਆ 'ਚ ਹਾਜ਼ਰੀ ਨਹੀਂ ਲਗਾ ਰਹੇ ਪਰ ਸਾਡਾ ਮਨ ਅਯੁੱਧਿਆ 'ਚ ਪਹੁੰਚ ਚੁੱਕਾ ਹੈ ਅਤੇ ਉਮੀਦ ਹੈ ਕੀ ਕੋਰੋਨਾ ਵਾਇਰਸ ਦੇ ਖਤਮ ਹੋਣ 'ਤੇ ਸਮੂਹ ਸੰਗਤ ਅਯੁੱਧਿਆ 'ਚ ਮੱਥਾ ਟੇਕਣ ਲਈ ਜ਼ਰੂਰ ਪਹੁੰਚ ਸਕੇਗੀ।
500 ਸਾਲਾਂ ਦੇ ਸੰਘਰਸ਼ ਉਪਰੰਤ ਅੱਜ ਸੁਨਹਿਰੀ ਦਿਨ ਆਇਆ: ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੀ ਰਾਮ ਮੰਦਰ ਦੀ ਭੂਮੀ ਪੂਜਨ ਅਤੇ ਸ਼ਿਲਾ ਨਿਆਸ ਸਬੰਧੀ ਕਿਹਾ ਕਿ ਪੂਰੇ ਸੰਸਾਰ 'ਚ ਰਾਮ ਨਾਂਮ ਅੰਦਰ ਆਸਥਾ ਰੱਖਣ ਵਾਲੇ ਅਣਗਿਣਤ ਰਾਮ ਪ੍ਰੇਮੀਆਂ ਲਈ ਅੱਜ ਦਾ ਦਿਨ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ 500 ਸਾਲ ਦੇ ਸੰਘਰਸ਼ ਉਪਰੰਤ ਰਾਮ ਜਨਮ ਭੂਮੀ ਅਯੋਧਿਆ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਭੂਮੀ ਪੂਜਨ ਅਤੇ ਸ਼ਿਲਾ ਨਿਆਸ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸ਼ੁੱਭ ਕਾਰਜ਼ ਸ਼ੁਰੂ ਹੋ ਰਿਹਾ ਹੈ।
ਸ਼ਰਧਾਲੂਆਂ 'ਚ ਭਾਰੀ ਉਤਸ਼ਾਹ
ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਪੁਨਰ ਨਿਰਮਾਣ ਨੂੰ ਲੈ ਕੇ ਇਲਾਕੇ ਦੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਧਰਮ ਜਾਗਰਣ ਮੰਚ ਦੇ ਜ਼ਿਲ੍ਹਾ ਇੰਚਾਰਜ ਅਨਿਲ ਅਗਰਵਾਲ ਨੇ ਦੱਸਿਆ ਕਿ ਅੱਜ ਇਲਾਕੇ ਭਰ 'ਚ ਸ਼ਰਧਾਲੂ ਆਪਣੇ ਘਰਾਂ 'ਚ ਦੀਪਮਾਲਾ ਕਰ ਰਹੇ ਹਨ। ਗੜ੍ਹਸ਼ੰਕਰ ਦੇ ਮੰਦਿਰ ਮਾਤਾ ਚਿੰਤਪੁਰਨੀ ਤੋਂ ਪੰਡਤ ਨਰਿੰਦਰ ਜੀ ਅਨੁਸਾਰ ਸ਼ਰਧਾਲੂ ਅੱਜ ਦੀਪਮਾਲਾ ਕਰਕੇ ਇਸ ਪਾਵਨ ਪਵਿੱਤਰ ਦਿਨ ਮੌਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰੇਗਾ।
ਬੀਨੇਵਾਲ ਸ਼ਿਵ ਮੰਦਿਰ 'ਚ 108 ਦੀਪ ਜਗਾਏ ਜਾਣਗੇ
ਬੀਤ ਇਲਾਕੇ ਦੇ ਪਿੰਡ ਬੀਣੇਵਾਲ ਦੇ ਅੱਡਾ ਝੂੰਗੀਆਂ ਦੇ ਸ਼ਿਵ ਮੰਦਰ 'ਚ 108 ਦੀਪ ਰੋਸ਼ਨਾ ਕੇ ਮਾਲਾ ਕੀਤੀ ਜਾਵੇਗੀ। ਇਸ ਸਬੰਧੀ ਓਮ ਪ੍ਰਕਾਸ਼ ਮੀਲੂ ਉਰਫ ਪੰਮੀ ਸਰਪੰਚ ਪੰਡੋਰੀ ਨੇ ਦੱਸਿਆ ਕਿ ਸ਼ਾਮ 7 ਵਜੇ ਇਹ ਦੀਪਮਾਲਾ ਕੀਤੀ ਜਾਵੇਗੀ।