ਪੰਜਾਬੀ ਸਾਹਿਤ ਦਾ ਥੌਮਸ ਹਾਰਡੀ ਰਾਮ ਸਰੂਪ ਅਣਖੀ
Tuesday, Mar 31, 2020 - 04:09 PM (IST)
ਜਗਬਾਣੀ ਸਾਹਿਤ ਵਿਸ਼ੇਸ਼ ਕਿਸ਼ਤ 1.
ਲੇਖਕ : ਨਵਦੀਪ ਗਿੱਲ
ਰਾਮ ਸਰੂਪ ਅਣਖੀ ਨੂੰ ਪੰਜਾਬੀ ਸਾਹਿਤ ਦਾ 'ਥੌਮਸ ਹਾਰਡੀ' ਕਹਿਣਾ ਬਣਦਾ ਹੈ। ਅਣਖੀ ਨਾਵਲਾਂ ਵਿੱਚ ਹਾਰਡੀ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਪੰਜਾਬੀ ਨਾਵਲਕਾਰੀ ਵਿੱਚ ਉਨ੍ਹਾਂ ਦਾ ਯੋਗਦਾਨ ਹਾਰਡੀ ਤੋਂ ਘੱਟ ਨਹੀਂ ਹੈ। ਅਣਖੀ ਨੂੰ ਸਾਹਿਤ ਜਗਤ ਦਾ ਹਰਫ਼ਨਮੌਲਾ ਲਿਖਾਰੀ ਵੀ ਕਿਹਾ ਜਾਂਦਾ ਹੈ ਜਿਸ ਨੇ ਤਿੰਨੇ ਵਿਧਾਵਾਂ ਵਿੱਚ ਲਿਖਿਆ। ਪੰਜ ਕਾਵਿ ਸੰਗ੍ਰਹਿ ਛਪਣ ਤੋਂ ਬਾਅਦ ਜਦੋਂ ਕਹਾਣੀਆਂ ਵਾਲੇ ਪਾਸੇ ਅਣਖੀ ਨੇ ਕਲਮ ਤੋਰੀ ਤਾਂ 250 ਤੋਂ ਵੱਧ ਕਹਾਣੀਆਂ ਲਿਖ ਦਿੱਤੀਆਂ। ਫਿਰ ਜਦੋਂ ਅਣਖੀ ਦੀ ਕਲਮ ਨੇ ਨਾਵਲਾਂ ਵੱਲ ਮੋੜਾ ਕੱਟਿਆ ਤਾਂ ਪੰਦਰਾਂ ਨਾਵਲ ਲਿਖ ਮਾਰੇ। ਉਸ ਦੇ ਨਾਵਲ ਨਾ ਸਿਰਫ਼ ਹਿੰਦੀ ਤੇ ਅੰਗਰੇਜ਼ੀ ਸਗੋਂ ਗੁਜਰਾਤੀ, ਮਰਾਠੀ ਤੇ ਉਰਦੂ ਆਦਿ ਭਾਸ਼ਾਵਾਂ ਵਿੱਚ ਵੀ ਅਨੁਵਾਦ ਕਰਕੇ ਪ੍ਰਕਾਸ਼ਤ ਕੀਤੇ ਗਏ। ਅਣਖੀ ਨੇ 16 ਨਾਵਲ, 12 ਸੰਪਾਦਿਤ ਕਥਾ ਪੁਸਤਕਾਂ, 6 ਕਾਵਿ ਸੰਗ੍ਰਹਿ, 3 ਵਾਰਤਕ ਪੁਸਤਕਾਂ, 2 ਸਵੈ-ਜੀਵਨੀਆਂ (ਆਪਣੀ ਮਿੱਟੀ ਦੇ ਰੁਖ ਤੇ ਮਲੇ ਝਾੜੀਆਂ), ਇਕ ਖੋਜ ਪੁਸਤਕ (ਦੇਸ ਮਾਲਵਾ) ਅਤੇ ਇਕ ਸ਼ਬਦ ਚਿੱਤਰ ਪੁਸਤਕ (ਮੋਏ ਮਿੱਤਰਾਂ ਦੀ ਸ਼ਨਾਖ਼ਤ)
ਟੀ.ਵੀ. ਉਪਰ ਨਾਵਲਾਂ 'ਤੇ ਲੜੀਵਾਰ ਬਣੇ। ਨਾਵਲ 'ਕੋਠੇ ਖੜਕ ਸਿੰਘ' ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਸਵੈ-ਜੀਵਨੀ 'ਮਲੇ ਝਾੜੀਆਂ' ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੋਤਮ ਪੁਰਸਕਾਰ ਦਾ ਇਨਾਮ ਮਿਲਿਆ। 'ਗੇਲੋ' ਨਾਵਲ ਉਪਰ ਪੰਜਾਬੀ ਫ਼ਿਲਮ ਬਣੀ। 'ਪਰਤਾਪੀ' ਨਾਵਲ ਨੂੰ ਅਲਫ਼ਾ ਟੀ.ਵੀ. ਨੇ 70 ਕਿਸ਼ਤਾਂ ਵਿੱਚ ਲੜੀਵਾਰ ਦਿਖਾਇਆ। ਉਨ੍ਹਾਂ ਦੀਆਂ ਕਹਾਣੀਆਂ 'ਸਾਰਿਕਾ' ਨੇ ਅਨੁਵਾਦ ਕਰਕੇ ਛਾਪੀਆਂ। 'ਸਾਈਕਲ ਦੌੜ' ਕਹਾਣੀ ਨੂੰ ਦੂਰਦਰਸ਼ਨ ਜਲੰਧਰ ਨੇ ਫ਼ਿਲਮਾਂਕਣ ਕਰਕੇ ਦਿਖਾਇਆ। ਕਹਾਣੀ 'ਖਾਰਾ ਦੁੱਧ' ਦੀ ਡਾਕੂਮੈਂਟਰੀ ਫ਼ਿਲਮ ਬਣੀ ਜਿਸ ਵਿੱਚ ਬਾਲੀਵੁੱਡ ਦੇ ਅਦਾਕਾਰ ਰਾਜਿੰਦਰ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਕਲਾਕਾਰ ਬੀਨੂੰ ਢਿੱਲੋਂ ਤੇ ਸੁਨੀਤਾ ਧੀਰ ਨੇ ਰੋਲ ਨਿਭਾਇਆ।
ਅਣਖੀ ਨੇ ਲਿਖਣ ਦੀ ਸ਼ੁਰੂਆਤ ਕਵਿਤਾਵਾਂ ਤੋਂ ਕੀਤੀ ਤੇ ਫੇਰ ਜਦੋਂ ਕਹਾਣੀਆਂ ਲਿਖਣ ਲੱਗੇ ਤਾਂ ਉਨ੍ਹਾਂ ਦੀ ਗਿਣਤੀ ਪ੍ਰਸਿੱਧ ਕਹਾਣੀਕਾਰਾਂ ਵਿੱਚ ਹੋਈ। ਅਣਖੀ ਦੇ ਗਲਪ ਸਾਹਿਤ ਨੂੰ ਦੇਖਦਿਆਂ ਕਈ ਲੇਖਕਾਂ ਨੇ ਨਾਵਲ ਲਿਖਣ ਲਈ ਪ੍ਰੇਰਿਆ। ਹਾਲਾਂਕਿ ਸ਼ੁਰੂਆਤ ਵਿੱਚ ਉਹ ਵੱਡੇ ਨਾਵਲਾਂ ਨੂੰ ਹੱਥ ਪਾਉਣ ਤੋਂ ਡਰਦੇ ਸਨ ਪ੍ਰੰਤੂ ਜਦੋਂ ਉਨ੍ਹਾਂ ਨਾਵਲ ਲਿਖਣੇ ਸ਼ੁਰੂ ਕੀਤੇ ਤਾਂ ਇਥੇ ਵੀ ਟੀਸੀ ਵਾਲੀ ਪੁਜ਼ੀਸ਼ਨ ਹਾਸਲ ਕੀਤੀ। ਆਖ਼ਰੀ ਸਮਿਆਂ ਵਿੱਚ ਉਹ ਹਰ ਸਾਲ ਇਕ ਨਾਵਲ ਲਿਖਦੇ। ਨਾਵਲਾਂ ਲਈ ਪ੍ਰਕਾਸ਼ਕ ਤੋਂ ਮਿਹਨਤਾਨਾ ਲੈਣ ਵਾਲੇ ਗਿਣੇ-ਚੁਣੇ ਨਾਵਲਕਾਰਾਂ ਵਿੱਚੋਂ ਇਕ ਸਨ। ਰਹਿੰਦੀ ਦੁਨੀਆਂ ਤੱਕ ਜੇਕਰ ਕਿਸੇ ਨੇ ਮਾਲਵੇ ਦੇ ਇਤਿਹਾਸ, ਇਥੋਂ ਦੇ ਪਿੰਡਾਂ, ਰਹਿਣ-ਸਹਿਣ, ਕਿੱਤਿਆਂ, ਰਹੁ-ਰੀਤਾਂ, ਸੱਭਿਆਚਾਰ, ਬੋਲੀ ਅਤੇ ਲੋਕਾਂ ਦੇ ਸੁਭਾਅ ਬਾਰੇ ਜਾਣਨਾ ਹੋਵੇ ਤਾਂ ਅਣਖੀ ਦੇ ਨਾਵਲ-ਕਹਾਣੀਆਂ ਪੜ੍ਹ ਲੈਣ, ਸਭ ਪਤਾ ਚੱਲ ਜਾਵੇਗਾ।
ਰਾਮ ਸਰੂਪ ਅਣਖੀ ਦੇ ਲਿਖਣ ਦੇ ਵਿਸ਼ਿਆਂ ਵਿੱਚ ਮਾਲਵੇ ਦੇ ਪੇਂਡੂ ਜੀਵਨ, ਕਿਸਾਨੀ, ਖ਼ੁਦਕੁਸ਼ੀਆਂ ਪ੍ਰਧਾਨ ਸਨ। ਉਸ ਦੇ ਨਾਵਲਾਂ-ਕਹਾਣੀਆਂ ਵਿੱਚ ਇਸਤਰੀ-ਮਰਦ ਦੇ ਜਿਸਮਾਨੀ ਸਬੰਧ, ਨਾਜਾਇਜ਼ ਸਬੰਧਾਂ ਆਦਿ ਆਮ ਤੌਰ 'ਤੇ ਦਿਖਾਏ ਜਾਂਦੇ ਸਨ ਜਿਸ ਕਾਰਨ ਕਈ ਆਲੋਚਕ ਉਸ ਦੀਆਂ ਲਿਖਤਾਂ ਦੀ ਮਕਬੂਲੀਅਤ ਦਾ ਕਾਰਨ ਇਨ੍ਹਾਂ ਕਾਮੁਕ ਵਿਸ਼ਿਆਂ ਨੂੰ ਵੀ ਮੰਨਦੇ ਹਨ। ਅਸਲੀਅਤ ਵਿੱਚ ਅਣਖੀ ਨੇ ਉਹੀ ਪੇਸ਼ ਕੀਤਾ, ਜੋ ਅਸਲ ਜੀਵਨ ਵਿੱਚ ਉਸ ਨੇ ਦੇਖਿਆ। ਅਣਖੀ ਬਾਰੇ ਇਹ ਗੱਲ ਵੀ ਪ੍ਰਚੱਲਿਤ ਸੀ ਕਿ ਉਸ ਕੋਲ ਕਾਮੁਕਤਾ ਬਾਰੇ ਲਿਖਣ ਦਾ 'ਮੀਟ' ਰੂਪੀ ਉਹ ਤੜਕਾ ਹੈ ਜਿਹੜਾ 'ਦਾਲ' ਵਰਗੇ ਸਧਾਰਣ ਸਾਹਿਤ ਨੂੰ ਵੀ ਕਰਾਰਾ ਖਾਣ ਵਾਲਾ ਬਣਾ ਦਿੰਦਾ ਹੈ। ਹਾਲਾਂਕਿ ਇਹ ਸੱਚਾਈ ਹੈ ਕਿ ਸਾਡੇ ਸਮਾਜ ਵਿੱਚ ਕਾਮ-ਵਾਸ਼ਨਾ ਨਾਲ ਜੁੜੀ ਹਰ ਗੱਲ ਲੋਕਾਂ ਲਈ ਖਿੱਚ ਦਾ ਕੇਂਦਰ ਹੁੰਦੀ ਹੈ ਅਤੇ ਪਾਠਕਾਂ ਵਿੱਚ ਵੀ ਇਨ੍ਹਾਂ ਨੂੰ ਉਤਸੁਕਤਾ ਨਾਲ ਪੜ੍ਹਨ ਦਾ ਰੁਝਾਨ ਹੁੰਦਾ ਹੈ। ਅਣਖੀ ਦਾ ਤਰਕ ਸੀ ਕਿ ਜੋ ਕੁਝ ਸਮਾਜ ਵਿੱਚ ਵਾਪਰਦਾ, ਉਹ ਤਾਂ ਸਿਰਫ਼ ਉਸ ਨੂੰ ਆਪਣੇ ਸ਼ਬਦਾਂ ਰਾਹੀਂ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਅਣਖੀ ਦੀ ਕਈ ਵਾਰ ਇਸ ਗੱਲੋਂ ਵੀ ਆਲੋਚਨਾ ਹੁੰਦੀ ਕਿ ਉਹ ਹਰ ਸਾਲ ਇਕ ਨਾਵਲ ਲਿਖ ਦਿੰਦਾ। ਇਸ ਦਾ ਜਵਾਬ ਵੀ ਉਹ ਖ਼ੁਦ ਇਹ ਕਹਿ ਕੇ ਦਿੰਦੇ ਸਨ ਕਿ ਜੇਕਰ ਉਹ ਛਪਦਾ ਹੈ ਤਾਂ ਵਿਕਦਾ ਵੀ ਹੈ। ਪਾਠਕ ਉਸ ਦੇ ਨਾਵਲ ਹੱਥੋਂ-ਹੱਥੀਂ ਖ਼ਰੀਦ ਕੇ ਪੜ੍ਹਦੇ ਹਨ ਅਤੇ ਪ੍ਰਕਾਸ਼ਕ ਉਸ ਕੋਲੋਂ ਨਾਵਲ ਲਿਖਵਾਈ ਜਾਂਦੇ ਹਨ। ਆਖ਼ਰੀ ਸਮੇਂ ਵਿੱਚ ਅਣਖੀ ਤੇ ਲੋਕਗੀਤ ਪ੍ਰਕਾਸ਼ਨ ਦੀ ਜੁਗਲਬੰਦੀ ਨੇ ਪੰਜਾਬੀ ਸਾਹਿਤ ਦੀ ਝੋਲੀ ਅਣਮੁੱਲੇ ਨਾਵਲ ਪਾਏ। ਸ਼ੁਰੂਆਤੀ ਸਮਿਆਂ ਵਿੱਚ ਅਣਖੀ ਨੂੰ ਆਪਣੀਆਂ ਕਿਤਾਬਾਂ ਛਪਾਉਣ ਲਈ ਪ੍ਰਕਾਸ਼ਕਾਂ ਕੋਲ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਅਣਖੀ ਹੁਰੀਂ ਦੱਸਦੇ ਸਨ ਕਿ ਜੇਕਰ ਉਸ ਨੂੰ ਲੋਕਗੀਤ ਵਾਲੇ ਪਹਿਲਾਂ ਮਿਲੇ ਹੁੰਦੇ ਤਾਂ ਹੋਰ ਵੀ ਕਈ ਕਿਤਾਬਾਂ ਲਿਖ ਦੇਣੀਆਂ ਸਨ।
ਜਨਮ ਅਤੇ ਬਚਪਨ
ਰਾਮ ਸਰੁਪ ਅਣਖੀ ਦਾ ਜਨਮ 28 ਅਗਸਤ, 1932 ਨੂੰ ਸੰਗਰੂਰ ਜ਼ਿਲ੍ਹੇ (ਹੁਣ ਬਰਨਾਲਾ) ਦੇ ਪਿੰਡ ਧੌਲਾ ਵਿਖੇ ਹੋਇਆ। ਉਨ੍ਹਾਂ ਦਾ ਘਰ ਖੁੱਡੀ ਦਾ ਅਗਵਾੜ ਵਿੱਚ ਸੀ ਜਿਹੜਾ ਕਿ ਧੌਲੇ ਦੇ ਅੱਠ ਅਗਵਾੜਾਂ ਵਿੱਚੋਂ ਇਕ ਸੀ। ਜਿਵੇਂ ਵੱਡੇ ਸ਼ਹਿਰਾਂ ਵਿੱਚ ਸੈਕਟਰ/ਫ਼ੇਜ਼ ਜਾਂ ਕਾਲੋਨੀਆਂ/ਮੁਹੱਲੇ ਹੁੰਦੇ ਹਨ, ਉਵੇਂ ਹੀ ਪਿੰਡਾਂ ਵਿੱਚ ਅਗਵਾੜ/ਪੱਤੀਆਂ ਹੁੰਦੀਆਂ ਹਨ। ਰਾਮ ਸਰੂਪ ਬਚਪਨ ਤੋਂ ਸ਼ਰਾਰਤੀ ਸੁਭਾਅ ਦਾ ਮਾਲਕ ਸੀ ਅਤੇ ਉਸ ਦੇ ਘਰ ਦੇ ਨਿੱਤ ਦੀਆਂ ਸ਼ਰਾਰਤਾਂ ਤੋਂ ਬਹੁਤ ਔਖੇ ਸਨ। ਇਕ ਵਾਰ ਖੇਡਦਿਆਂ ਹੋਇਆ ਰਾਮ ਸਰੂਪ ਤੋਂ ਪਿੰਡ ਦੀ ਕੁੜੀ ਕਰਤਾਰੋ ਜਿਸ ਨੂੰ ਕਾਰੋ ਕਹਿ ਕੇ ਬੁਲਾਉਂਦੇ ਸਨ, ਦਾ ਹੱਥ ਪੱਠੇ ਕੁਤਰਨ ਵਾਲੀ ਮਸ਼ੀਨ ਵਿੱਚ ਆ ਗਿਆ। ਕਾਰੋ ਦੀਆਂ ਦੋ ਉਂਗਲਾਂ ਵੱਢੀਆਂ ਗਈਆਂ ਜਿਸ ਕਾਰਨ ਰਾਮ ਸਰੂਪ ਨੂੰ ਆਪਣੀ ਮਾਂ ਦੀਆਂ ਝਿੜਕਾਂ ਖਾਣੀਆਂ ਪਈਆਂ। ਅਣਖੀ ਦੀ ਮਾਂ ਉਸ ਨੂੰ ਗਾਲ੍ਹਾਂ ਕੱਢਦਿਆਂ ਬੋਲੀ, ''ਵੇ ਜੈ ਖਾਣਿਆਂ ਦਿਆ, ਬਗਾਨੀ ਧੀ ਦਾ ਹੱਥ ਵੱਢ 'ਤਾ ਸ਼ਰਾਪ ਨ੍ਹੀਂ ਮਾਰੂ ਤੈਨੂੰ? ਕਿੱਥੇ ਰਿਹਾ ਤੂੰ ਹੁਣ ਤਾਈਂ? ਵੇ ਤੈਨੂੰ ਜੰਮਿਆ ਕਾਹਨੂੰ ਸੀ? ਔਤਾਂ ਦਾ, ਦੰਦ ਕੱਢਦੈ ਹੁਣ।'' ਕਰਤਾਰੋ ਦੀ ਮਾਂ ਸ਼ਿਆਮੋ ਨੇ ਵੀ ਦੋ-ਤਿੰਨ ਖੱਟੀਆਂ-ਮਿੱਠੀਆਂ ਗਾਲ੍ਹਾਂ ਕੱਢੀਆਂ ''ਖਰੂਦੀ ਨਾ ਹੋਵੇ, ਕਸੌਂਡਾ। ਲਿਆ ਹੁਣ ਤੇਰੀ ਮੈਂ ਵੱਢਾਂ ਉਂਗਲ।''
ਅਣਖੀ ਮੰਨਦਾ ਹੈ ਕਿ ਮਾਸਟਰ ਕਰਮ ਚੰਦ ਕੋਲ ਤੀਜੀ ਚੌਥੀ ਵਿੱਚ ਪੜ੍ਹਦਿਆਂ ਉਹ ਨਾਸਤਿਕ ਵਿਚਾਰਾਂ ਵਾਲਾ ਬਣਿਆ। ਅਣਖੀ ਦੀ ਇਸ ਅਧਿਆਪਕ ਨਾਲ ਬਹੁਤ ਬਣੀ। ਸਾਹਿਤ ਪੜ੍ਹਨ ਦਾ ਮੱਸ ਬਾਲ ਰਾਮ ਸਰੂਪ ਨੂੰ ਉਦੋਂ ਲੱਗਾ, ਜਦੋਂ ਉਸ ਦੇ ਦੋਸਤ ਚੇਤੂ ਨੇ ਆਪਣੇ ਘਰੋਂ ਪੁਸਤਕਾਂ ਲਿਆ ਕੇ ਉਸ ਨੂੰ ਕਿੱਸੇ ਪੜ੍ਹਾਏ। ਉਸ ਵੇਲੇ ਉਹ ਸੱਤਵੀਂ-ਅੱਠਵੀਂ ਜਮਾਤ ਵਿੱਚ ਪੜ੍ਹਦਾ ਸੀ। ਵਾਰਿਸ ਸ਼ਾਹ ਦੀ 'ਹੀਰ' ਪਹਿਲੀ ਕਿਤਾਬ ਸੀ ਜੋ ਉਸ ਨੇ ਪੜ੍ਹੀ। ਅਣਖੀ ਹੁਰਾਂ ਨੇ ਇਸ ਕਿੱਸੇ ਨੂੰ ਪੜ੍ਹਨ ਲਈ ਚਤਰ ਸਿੰਘ ਪ੍ਰਕਾਸ਼ਕ ਤੋਂ ਵੀ.ਪੀ.ਪੀ. ਰਾਹੀਂ ਮੰਗਵਾਇਆ। ਜਦੋਂ ਇਹ ਆਰਡਰ ਆਇਆ ਤਾਂ ਪਿੰਡ ਦਾ ਡਾਕੀਆ ਉਨ੍ਹਾਂ ਦੇ ਘਰ ਸੁਨੇਹਾ ਦੇਣ ਗਿਆ ਕਿ ਛੇ ਰੁਪਏ ਜਮ੍ਹਾਂ ਕਰਵਾ ਕੇ ਕਿਤਾਬ ਲੈ ਜਾਵੋ। ਉਸ ਵੇਲੇ ਅਣਖੀ ਦੇ ਪਿਤਾ ਨੂੰ ਬਹੁਤ ਗੁੱਸਾ ਆਇਆ ਕਿ ਛੋਟੇ ਜਿਹੇ ਜਵਾਕ ਨੇ ਕਿਧਰੇ ਕੋਈ ਕੋਕ ਸਾਸ਼ਤਰ ਦੀ ਕਿਤਾਬ ਤਾਂ ਨਹੀਂ ਮੰਗਵਾ ਲਈ। ਰਾਮ ਸਰੂਪ ਨੂੰ ਘੂਰਦਿਆਂ ਜਦੋਂ ਉਨ੍ਹਾਂ ਪੁੱਛਿਆ ਕਿ ਕਿਹੜੀ ਕਿਤਾਬ ਮੰਗਵਾਈ ਹੈ ਤਾਂ ਅੱਗੋਂ ਜਵਾਬ ਮਿਲਿਆ ਕਿ 'ਵਾਰ….... ਦੀ ਹੀਰ ਮੰਗਵਾਈ ਹੈ।' ਪਿਤਾ ਨੂੰ ਥੋੜਾ ਚੈਨ ਆਇਆ। ਅਣਖੀ ਨੇ ਵਾਰਿਸ ਦੀ ਹੀਰ ਨੂੰ ਸੱਤ-ਅੱਠ ਵਾਰ ਪੜ੍ਹ ਲਿਆ ਸੀ। ਹਰ ਛੰਦ ਮੂੰਹ ਜ਼ੁਬਾਨੀ ਚੇਤੇ ਕਰ ਲਿਆ ਸੀ। ਕਿੱਸੇ ਪੜ੍ਹਨ ਦੇ ਸ਼ੁਕੀਨ ਅਣਖੀ ਹੁਰਾਂ ਨੇ ਨਲ ਦਮੰਯਤੀ, ਪੂਰਨ ਭਗਤ, ਜਾਨੀ ਚੋਰ, ਰੂਪ ਬਸੰਤ ਨੂੰ ਚੰਗੀ ਤਰ੍ਹਾਂ ਘੋਟਾ ਲਾ ਲਿਆ ਸੀ। ਅਣਖੀ ਕਿੱਸਿਆਂ ਨੂੰ ਪੜ੍ਹਦਾ ਹੋਇਆ ਕਦੋਂ ਹੌਲੀ-ਹੌਲੀ ਆਪ ਤੁਕਬੰਦੀ ਕਰਨ ਲੱਗ ਗਿਆ, ਫਿਰ ਕਵਿਤਾਵਾਂ ਲਿਖਣ ਲੱਗ ਗਿਆ, ਉਸ ਨੂੰ ਪਤਾ ਹੀ ਨਾ ਲੱਗਾ। ਇਨ੍ਹਾਂ ਕਿੱਸਿਆਂ ਨਾਲ ਲਗਾਅ ਕਾਰਨ ਅਣਖੀ ਨੇ ਅੱਠਵੀਂ ਕਲਾਸ ਵਿੱਚ ਪੜ੍ਹਦਿਆਂ ਅੱਠ ਪੰਨਿਆਂ ਦਾ 'ਬਿਮਲ ਪੱਤਲ' ਇਕ ਪੱਤਲ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਪੰਜ ਦੋਹਰੇ, ਇਕ ਕਬਿੱਤ, ਇਕ ਬੈਂਤ ਤੇ ਦੋ ਕੋਰੜੇ ਛੰਦ ਸਨ। ਅਣਖੀ ਨੇ ਪੱਤਲ ਦਾ ਨਾਂ ਬਿਮਲਾ ਪੱਤਲ ਰੱਖਿਆ ਅਤੇ ਸਰਵਰਕ ਉਤੇ ਛਪਵਾਇਆ 'ਕ੍ਰਿਤ ਕਵੀਆਂ: ਰਾਮ ਸਰੂਪ ਮਾਰਕੰਡਾ, ਬਿਮਲ, ਧੌਲਾ ਨਿਵਾਸੀ।' ਮਾਰਕੰਡਾ ਉਸ ਦਾ ਗੋਤ ਸੀ। ਇਸ ਦਾ ਮੁੱਲ ਦੋ ਆਨੇ ਰੱਖਿਆ। 15-20 ਕਾਪੀਆਂ ਹਾਣੀ ਮੁੰਡਿਆਂ ਨੇ ਖ਼ਰੀਦੀਆਂ ਅਤੇ ਫੇਰ ਸੇਲਬਰਾਹ, ਛਪਾਰ, ਮਾਈਸਰਖ਼ਾਨੇ, ਕਾਲੇਕੇ, ਹੰਢਿਆਇਆ ਦੇਵੀ ਦੇ ਮੇਲੇ 'ਤੇ ਕੁੱਝ ਕਾਪੀਆਂ ਵੇਚੀਆਂ।
ਅੱਖੀਂ ਦੇਖਿਆ ਸੰਨ ਸੰਤਾਲੀ
ਅਣਖੀ ਨੇ ਸੰਤਾਲੀ ਦੀ ਵੰਡ ਦਾ ਦੁਖਾਂਤ ਅੱਖੀਂ ਦੇਖਿਆ ਸੀ। ਵੰਡ ਵੇਲੇ ਅਣਖੀ ਹੰਢਿਆਇਆ ਰਹਿੰਦਾ ਸੀ, ਜਿੱਥੇ ਉਸ ਨੇ ਮੁਸਲਮਾਨ ਭਰਾਵਾਂ ਦੀ ਵੱਢ-ਟੁੱਕ ਅੱਖੀਂ ਦੇਖੀ ਜਿਸ ਦਾ ਅਣਖੀ ਦੇ ਕੋਮਲ ਮਨ ਉਪਰ ਬਹੁਤ ਡੂੰਘਾ ਅਸਰ ਹੋਇਆ। ਵੰਡ ਨੂੰ ਉਹ ਬਹੁਤ ਮਨਹੂਸ ਅਤੇ ਘਾਟੇ ਵਾਲੇ ਸੌਦਾ ਸਮਝਦਾ ਸੀ ਜਿਸ ਨੇ ਉਸ ਕੋਲੋਂ ਮਰਾਸੀਆਂ ਦਾ ਗਾਣਾ ਵਜਾਉਣਾ ਸੁਣਨਾ, ਕੱਵਾਲੀਆਂ ਦੇਖਣੀਆਂ, ਸਨੂਰ ਗ਼ਾਜ਼ੀ ਦੇ ਡੇਰੇ ਨੂੰ ਸਦਾ ਲਈ ਖੋਹ ਲਿਆ। ਅੱਜ ਪਾਠਕਾਂ ਦੀ ਨਜ਼ਰ ਵਿੱਚ ਰਾਮ ਸਰੂਪ ਅਣਖੀ ਨਾਵਲਾਂ ਤੇ ਕਹਾਣੀਆਂ ਲਿਖਣ ਲਈ ਜਾਣਿਆ ਜਾਂਦਾ ਹੈ ਪ੍ਰੰਤੂ ਅਣਖੀ ਨੇ ਸਾਹਿਤ ਪੜ੍ਹਨ ਤੇ ਲਿਖਣ ਦੀ ਸ਼ੁਰੂਆਤ ਕਾਵਿ-ਰੂਪ ਤੋਂ ਕੀਤੀ ਸੀ। ਅਣਖੀ ਦੇ ਸਕੂਲੀ ਮਿੱਤਰਾਂ ਵਿੱਚੋਂ ਇਕ ਸੂਬੇਦਾਰ ਜੋਗਿੰਦਰ ਸਿੰਘ, ਸੈਨਾ ਵਿੱਚ ਮੇਜਰ ਧਿਆਨ ਚੰਦ ਦੀ ਟੀਮ ਵਿੱਚ ਹਾਕੀ ਖੇਡਦਾ ਹੁੰਦਾ ਸੀ। ਬਰਨਾਲੇ ਬਾਜਵਿਆਂ ਦਾ ਅਗਵਾੜ ਅਣਖੀ ਲਈ ਦੂਜਾ ਘਰ ਹੀ ਸੀ, ਜਿੱਥੇ ਉਹ ਆਪਣੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਭਰਾ ਲਗਦੇ ਮਿਹਰ ਚੰਦ ਦੇ ਘਰ ਰਹਿ ਕੇ ਪੜਿ੍ਹਆ। ਇਸੇ ਅਗਵਾੜ ਦਾ ਸੁਖਮਿੰਦਰ ਸਿੰਘ ਭੱਠਲ ਅਣਖੀ ਦਾ ਜਿਗਰੀ ਯਾਰ ਸੀ। ਭੱਠਲ ਨੇ ਬਾਅਦ ਵਿੱਚ ਚੰਡੀਗੜ੍ਹ ਸੁਖਨਾ ਝੀਲ ਦੇ ਸਾਹਮਣੇ ਪੰਜ ਸੈਕਟਰ 'ਚ ਪੰਜ ਨੰਬਰ ਕੋਠੀ ਵਿੱਚ ਪੱਕੀ ਰਿਹਾਇਸ਼ ਕਰ ਲਈ ਸੀ। ਓਮ ਪ੍ਰਕਾਸ ਗਾਸੋ ਵੀ ਇਸੇ ਅਗਵਾੜ ਦਾ ਰਹਿਣ ਵਾਲਾ ਸੀ। ਪ੍ਰੋ. ਰਵਿੰਦਰ ਭੱਠਲ ਦਾ ਘਰ ਵੀ ਇਸ ਅਗਵਾੜ ਵਿੱਚ ਸੀ। ਇਸ ਅਗਵਾੜ ਦੇ ਰਹਿਣ ਵਾਲੇ ਅਣਖੀ ਦੇ ਹੋਰ ਵੀ ਕਈ ਮਿੱਤਰ ਸਨ। ਬਗਾਨੇ ਘਰ ਰਹਿਣ ਦਾ ਚੱਜ ਸਿੱਖਣਾ ਹੋਵੇ ਤਾਂ ਅਣਖੀ ਤੋਂ ਵੱਡੀ ਕੋਈ ਉਦਾਹਰਣ ਨਹੀਂ। ਉਹ ਚਾਹੇ ਹੰਢਿਆਏ ਚਿਰੰਜੀ ਲਾਲ, ਬਰਨਾਲੇ ਮਿਹਰ ਚੰਦ ਜਾਂ ਫਿਰ ਪਟਿਆਲੇ ਸੰਪੂਰਨ ਸਿੰਘ ਧੌਲਾ ਦੇ ਘਰ ਰਿਹਾ, ਅਣਖੀ ਨੇ ਕਿਧਰੇ ਵੀ ਭੋਰਾ ਉਲਾਂਭਾ ਨਹੀਂ ਆਉਣ ਦਿੱਤਾ।
ਗ੍ਰੈਜੂਏਸ਼ਨ ਦੀ ਪੜ੍ਹਾਈ ਲਈ ਰਾਮ ਸਰੂਪ ਅਣਖੀ ਨੇ ਮਹਿੰਦਰਾ ਕਾਲਜ ਪਟਿਆਲਾ ਦਾਖ਼ਲਾ ਲੈ ਲਿਆ, ਜਿੱਥੇ ਉਨ੍ਹਾਂ ਦੀਆਂ ਸਾਹਿਤਕ ਖ਼ਾਹਿਸ਼ਾਂ ਨੂੰ ਖੰਭ ਲੱਗੇ। ਇਥੇ ਆ ਕੇ ਉਨ੍ਹਾਂ ਵਿੱਚ ਨਿਖਾਰ ਵੀ ਬਹੁਤ ਆਇਆ। ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਬਰਨਾਲਾ ਤੋਂ ਗਏ ਮਿੱਤਰਾਂ ਸੁਖਮਿੰਦਰ ਤੇ ਗੁਰਸੇਵਾ ਅਤੇ ਹੋਰ ਉਤਸ਼ਾਹੀ ਮੁੰਡੇ-ਕੁੜੀਆਂ ਨਾਲ ਮਿਲ ਕੇ ਪੰਜਾਬੀ ਸਾਹਿਤ ਸਭਾ ਬਣਾਈ। ਕਾਲਜ ਦੇ ਰਸਾਲੇ 'ਮਹਿੰਦਰਾ' ਵਿੱਚ ਕਵਿਤਾ ਛਪਦੀ। ਪਟਿਆਲਾ ਵਿਖੇ ਇਨਾਮੀ ਕਵੀ ਦਰਬਾਰ ਵਿੱਚ ਪਹਿਲੀ ਵਾਰ ਇਨਾਮ ਜਿੱਤਿਆ। 'ਲਲਕਾਰ' ਵਿੱਚ ਕਵਿਤਾਵਾਂ ਛਪਣ ਲੱਗੀਆਂ। 'ਤ੍ਰਿਕਾਲਾਂ' 'ਸਵੇਰਾ' ਕਾਵਿ ਕਿਤਾਬਚੇ ਛਾਪੇ। ਅਣਖੀ ਦੀ ਜ਼ਿੰਦਗੀ ਵਿੱਚ ਉਸ ਵੇਲੇ ਵੱਡਾ ਬਦਲਾਅ ਆਇਆ, ਜਦੋਂ ਪ੍ਰੋ. ਮੋਹਨ ਸਿੰਘ ਦੀ ਪਾਰਖੂ ਅੱਖ ਨੇ ਉਸ ਨੂੰ ਕਹਾਣੀਆਂ ਲਿਖਣ ਲਈ ਪ੍ਰੇਰਿਆ। ਇਸੇ ਪ੍ਰੇਰਣਾ ਦਾ ਹੀ ਸਿੱਟਾ ਸੀ ਕਿ ਅਣਖੀ ਦੀਆਂ ਕਹਾਣੀਆਂ 'ਪੰਜ ਦਰਿਆ' ਵਿੱਚ ਛਪਣ ਲੱਗ ਗਈਆਂ। ਪਟਿਆਲਾ ਪੜ੍ਹਦਿਆਂ ਉਸ ਨੂੰ ਆਪਣੇ ਗਰਾਈਂ ਅਤੇ ਪੈਪਸੂ ਸਰਕਾਰ ਵਿੱਚ ਮੰਤਰੀ ਰਹੇ ਸੰਪਰੂਨ ਸਿੰਘ ਧੌਲਾ ਦਾ ਬਹੁਤ ਸਹਾਰਾ ਮਿਲਿਆ, ਜਿੱਥੇ ਉਹ ਉਨ੍ਹਾਂ ਦੀ ਰਿਹਾਇਸ਼ 'ਤੇ ਹੀ ਰਹਿੰਦੇ ਰਹੇ। ਪਿੱਛੇ ਪਰਿਵਾਰ ਵੀ ਬੇਫ਼ਿਕਰ ਰਹਿੰਦਾ ਸੀ।
ਅਣਖੀ ਨੇ ਪਹਿਲੀ ਫ਼ਰਵਰੀ 1956 ਨੂੰ ਲਹਿਲ ਖ਼ੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਆਪਣੇ ਅਧਿਆਪਕ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਦੌਰ ਵਿੱਚ ਕਾਲੇਕੇ ਪੜ੍ਹਾਉਂਦਿਆਂ ਉਸ ਨੇ ਸਾਈਕਲ 'ਤੇ ਜਾਂਦਿਆਂ 'ਕਣਕ ਦੀ ਕਹਾਣੀ' ਸਿਰਲੇਖ ਹੇਠ ਬੋਲੀਆਂ ਲਿਖੀਆਂ ਜਿਸ ਵਿੱਚ ਅੱਸੂ ਦੇ ਨਰਾਤਿਆਂ ਤੋਂ ਬਾਅਦ ਕਣਕ ਬੀਜਣ ਤੋਂ ਲੈ ਕੇ ਵਿਸਾਖੀ ਵੇਲੇ ਕਣਕ ਵੱਢਣ ਤੱਕ ਸਾਰੀ ਕਿਸਾਨੀ ਦਾ ਜੀਵਨ ਪੇਸ਼ ਕੀਤਾ ਹੈ। ਅਣਖੀ ਉਸ ਵੇਲੇ ਧੌਲਾ ਤੋਂ ਕਾਲੇਕਾ ਸਕੂਲ ਵਿੱਚ ਪੜ੍ਹਾਉਣ ਲਈ ਸਾਈਕਲ 'ਤੇ ਜਾਂਦਾ ਸੀ। ਇਸ ਕਿਤਾਬ ਦੀਆਂ ਸਾਰੀਆਂ ਤੁਕਾਂ ਉਸ ਨੇ ਸਾਈਕਲ 'ਤੇ ਜਾਂਦਿਆਂ ਜੋੜੀਆਂ। ਉਸ ਦੇ ਸਾਈਕਲ 'ਤੇ ਝੋਲਾ ਲਮਕਦਾ ਹੁੰਦਾ ਜਿਸ ਵਿੱਚ ਰਜਿਸਟਰ ਹੁੰਦਾ। ਉਹ ਸਾਈਕਲ 'ਤੇ ਪੈਡਲ ਮਾਰਦਾ-ਮਾਰਦਾ ਕਵਿਤਾਵਾਂ ਦੀਆਂ ਤੁਕਾਂ ਜੋੜਦਾ ਅਤੇ ਜਦੋਂ ਤੁਕ ਪੂਰੀ ਹੋ ਜਾਣੀ ਤਾਂ ਸਾਈਕਲ ਨੂੰ ਸਟੈਂਡ 'ਤੇ ਲਾ ਕੇ ਪਾਸੇ 'ਤੇ ਬੈਠ ਕੇ ਝੋਲੇ ਵਿੱਚੋਂ ਰਜਿਸਟਰ ਕੱਢ ਕੇ ਉਸ ਉਪਰ ਲਿਖਣ ਲੱਗ ਜਾਣਾ। ਇਸ ਤਰ੍ਹਾਂ ਫ਼ਸਲ ਦੀ ਪੂਰੀ ਕਹਾਣੀ ਸਾਈਕਲ 'ਤੇ ਜਾਂਦਿਆਂ ਰਾਹ ਵਿੱਚ ਰੁਕ-ਰੁਕ ਕੇ ਲਿਖੀ। 'ਕਣਕ ਦੀ ਕਹਾਣੀ' ਲੰਮੀ ਕਵਿਤਾ ਭਾਵੇਂ ਉਸ ਦੀ ਕਾਵਿ ਵਿਧਾ ਦਾ ਹੀ ਰੂਪ ਸੀ ਪਰ ਇਸ ਵਿੱਚੋਂ ਗਲਪ ਸਾਹਿਤ ਦੀ ਭਾਹ ਮਾਰਦੀ ਹੈ। ਪੇਸ਼ ਹੈ ਇਸ ਕਵਿਤਾ ਦੇ ਕੁਝ ਅੰਸ਼:
'ਅੱਸੂ ਦੇ ਫਿਰ ਚੜ੍ਹੇ ਨਰਾਤੇ,
ਉÎਤਰ ਆਈ ਠਾਰੀ।
ਸ਼ੱਕਰ ਵਰਗੀ ਹੋਈ ਮਿੱਟੀ,
ਐਸੀ ਧਰਤ ਸਵਾਰੀ।
ਸ਼ੌਕ ਨਾਲ ਛੀ ਵਾਰੀ ਵਾਹੀ,
ਨਾਲ ਸੁਹਾਗੀ ਮਾਰੀ।
ਬੀਜਣ ਦੇ ਦਿਨ ਆਏ ਨੇੜੇ,
ਬੀਅ ਦੀ ਕਿਰਨ ਤਿਆਰੀ।
ਕਣਕੇ ਉੱਠ ਖੜ੍ਹ ਨੀਂ,
ਬੈਠੀ ਵਿਚ ਬੁਖਾਰੀ।''
1957 ਵਿੱਚ ਅਣਖੀ ਨੇ ਬਰਨਾਲੇ ਦੇ ਕੁਝ ਮਿੱਤਰਾਂ-ਦੋਸਤਾਂ ਨਾਲ ਮਿਲ ਕੇ ਸਾਹਿਤ ਸਭਾ ਬਣਾਈ। ਸਭਾ ਵੱਲੋਂ 'ਦਰਸ਼ਨ' ਮਾਸਿਕ ਪੱਤਰ ਸ਼ੁਰੂ ਕੀਤਾ ਗਿਆ। ਅੱਜ ਸਾਹਿਤ ਜਗਤ ਵਿੱਚ ਜੋ ਬਰਨਾਲਾ ਦਾ ਸਥਾਨ ਹੈ, ਉਸ ਵਿੱਚ ਇਸ ਸਭਾ ਦਾ ਬਹੁਤ ਵੱਡਾ ਯੋਗਦਾਨ ਹੈ। 1957 ਵਿੱਚ ਹੀ ਰਾਮ ਸਰੂਪ ਅਣਖੀ ਦੀ ਪਹਿਲੀ ਕਾਵਿ ਪੁਸਤਕ 'ਮਟਕ ਚਾਨਣਾ' ਛਪੀ। 70 ਪੰਨਿਆਂ ਦੀ ਇਸ ਪੁਸਤਕ ਨਾਲ ਅਣਖੀ ਨੇ ਸਾਹਿਤ ਜਗਤ ਵਿੱਚ ਅਜਿਹਾ ਦਾਖ਼ਲਾ ਮਾਰਿਆ ਕਿ ਆਪਣੀਆਂ ਆਖ਼ਰੀ ਘੜੀਆਂ ਤੱਕ ਲਿਖਣਾ ਜਾਰੀ ਰੱਖਿਆ।
'ਕਣਕਾਂ ਦਾ ਕਤਲੇਆਮ' ਵਿੱਚ ਬਹੁਕੌਮੀ ਕੰਪਨੀਆਂ ਵੱਲੋਂ ਫ਼ੈਕਟਰੀਆਂ ਲਾਉਣ ਲਈ ਜ਼ਿਮੀਂਦਾਰਾਂ ਦੀਆਂ ਉਪਜਾਊ ਜ਼ਮੀਨਾਂ ਖੋਹਣ ਅਤੇ ਕਿਸਾਨਾਂ ਦੀ ਹਾਲਤ ਬਿਆਨ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦਾ ਸਾਰਾ ਢਾਂਚਾ ਹੀ ਹਿੱਲ ਜਾਂਦਾ ਹੈ। 2008 ਵਿੱਚ ਨਾਵਲ 'ਭੀਮਾ' ਲਿਖਿਆ ਜਿਸ ਵਿੱਚ ਪਰਵਾਸੀ ਮਜ਼ਦੂਰਾਂ ਬਾਰੇ ਲਿਖਿਆ, ਜਿਹੜੇ ਕਿਸੇ ਵੇਲੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਪੰਜਾਬ ਆਏ ਸਨ ਅਤੇ ਪੱਕੇ ਤੌਰ 'ਤੇ ਇੱਥੇ ਵਸ ਜਾਂਦੇ ਹਨ। ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਅਗਲੀ ਪੀੜ੍ਹੀ, ਜੋ ਇੱਥੇ ਹੀ ਜੰਮੀ ਪਲੀ ਅਤੇ ਪੰਜਾਬੀ ਸੱਭਿਆਚਾਰ ਵਿੱਚ ਇਸ ਤਰ੍ਹਾਂ ਗੜੁੱਚ ਹੋ ਗਈ, ਜਿਵੇਂ ਉਹ ਪੰਜਾਬੀ ਹੀ ਹੋਣ।
ਅਣਖੀ ਦੀ ਸਵੈਜੀਵਨੀ ਪੜ੍ਹਨ ਲਈ ਹਰ ਐਤਵਾਰ ਨੂੰ ਜਗਬਾਣੀ ਅੰਕ ਉਡੀਕਦੇ ਸਨ ਪਾਠਕ
ਅਣਖੀ ਦੀ ਸਾਹਿਤਕ ਹਲਕਿਆਂ ਵਿੱਚ ਕੌਮੀ ਪੱਧਰ 'ਤੇ ਪਛਾਣ ਨਾਵਲ 'ਕੋਠੇ ਖੜਕ ਸਿੰਘ' ਨਾਲ ਬਣੀ। ਕੋਠੇ ਖੜਕ ਸਿੰਘ ਲਿਖਣ ਦੀ ਕਹਾਣੀ ਵੀ ਨਿਰਾਲੀ ਹੈ। 1985 ਵਿੱਚ ਲਿਖੇ ਨਾਵਲ 'ਕੋਠੇ ਖੜਕ ਸਿੰਘ' ਨੂੰ 1987 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਜਿਸ ਨਾਲ ਅਣਖੀ ਦੀ ਚੜ੍ਹ ਮੱਚ ਗਈ। ਇਹ ਨਾਵਲ ਸਮਾਜਿਕ ਚੇਤਨਾ ਦਾ ਪ੍ਰਤੀਕ ਸੀ। ਇਸ ਨਾਵਲ ਦੇ ਪਾਤਰ ਸਾਰੇ ਅਣਖੀ ਦੇ ਪਿੰਡ ਧੌਲੇ ਵਿੱਚੋਂ ਹੀ ਮਿਲ ਗਏ ਸਨ। ਇਸ ਨਾਵਲ ਨੂੰ ਲਿਖਣ ਲਈ ਅਣਖੀ ਨੂੰ ਪੁਲਾੜ ਗੁੰਦਣ ਲਈ ਬਹੁਤ ਮਿਹਨਤ ਕਰਨੀ ਪਈ। ਇਸ ਨਾਵਲ ਲਈ ਪਹਿਲਾਂ ਤਾਂ ਉਸ ਨੇ ਆਪਣੇ ਪਿੰਡ ਦਾ ਪੁਲਾੜ ਸੋਚਿਆ। ਫੇਰ ਸੋਚਿਆ ਕਿ ਨਾਵਲ ਵਿੱਚ ਕੁਝ ਚੰਗਾ-ਮਾੜਾ ਲਿਖਿਆ ਗਿਆ ਤਾਂ ਫੇਰ ਪਿੰਡ ਵਾਲੇ ਕਿਤੇ ਔਖੇ ਹੀ ਨਾ ਹੋ ਜਾਣ। ਫੇਰ ਬਰਨਾਲਾ ਨੇੜਲੇ ਪਿੰਡ ਸੰਘੇੜਾ ਨੂੰ ਚੁਣਿਆ ਪਰ ਉਥੇ ਵੀ ਜਾਣ-ਪਛਾਣ ਹੋਣ ਕਾਰਨ ਸਲਾਹ ਫੇਰ ਬਦਲ ਦਿੱਤੀ। ਇਸ ਤੋਂ ਬਾਅਦ ਅਣਖੀ ਨੇ ਜਲਾਲ, ਸਲਾਬਤਪੁਰਾ, ਭਾਈਰੂਪਾ, ਸੇਲਬਰਾਹ, ਬੁਰਜ ਗਿੱਲ ਦੇ ਵਿਚਾਲੇ ਕਾਲਪਨਿਕ ਪਿੰਡ 'ਕੋਠੇ ਖੜਕ ਸਿੰਘ' ਵਸਾਇਆ। ਜਲਾਲ ਉਸ ਦੀ ਭੈਣ ਵਿਆਹੀ ਹੋਣ ਕਾਰਨ ਇਨ੍ਹਾਂ ਪਿੰਡਾਂ ਦਾ ਉਸ ਨੂੰ ਭੇਤ ਸੀ। ਨਾਵਲ ਸ਼ੁਰੂ ਕਰਨ ਤੋਂ ਪਹਿਲਾਂ ਉਹ ਇਨ੍ਹਾਂ ਪਿੰਡਾਂ ਦੀ ਉਚੇਚੇ ਤੌਰ 'ਤੇ ਰੇਕੀ ਵੀ ਕਰ ਕੇ ਆਇਆ। ਫੇਰ ਉਸ ਨੇ ਨਾਵਲ ਲਈ ਕਲਾਪਨਿਕ ਪਿੰਡ ਵਸਾਇਆ।
ਇਹ ਨਾਵਲ ਜਿਹੜਾ ਬਾਅਦ ਵਿੱਚ 496 ਸਫ਼ਿਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ, ਪਹਿਲਾਂ ਇਸ ਨੂੰ ਦੋ ਜਿਲਦਾਂ ਵਿੱਚ ਛਪਾਇਆ ਗਿਆ। ਪਹਿਲੀ ਜਿਲਦ 1984 ਵਿੱਚ 'ਥੜ੍ਹੇ ਟੁੱਟੇ' ਤੇ ਫੇਰ ਦੂਜੀ ਜਿਲਦ 1985 ਵਿੱਚ 'ਹੱਕ ਸੱਚ' ਛਪੀ। ਅੰਤ 1985 ਵਿੱਚ ਪੂਰਾ ਨਾਵਲ 'ਕੋਠੇ ਖੜਕ ਸਿੰਘ' ਛਪਿਆ। ਪਹਿਲੇ ਹੀ ਸਾਲ ਪਹਿਲਾ ਐਡੀਸ਼ਨ ਵਿਕ ਗਿਆ ਅਤੇ ਫੇਰ ਦੂਜਾ ਐਡੀਸ਼ਨ ਛਪਿਆ। 1987 ਵਿੱਚ ਜਦੋਂ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ, ਫੇਰ ਤਾਂ ਹੋਰ ਚੜ੍ਹ ਮੱਚਣੀ ਸੁਭਾਵਕ ਹੀ ਸੀ।
'ਮਲ੍ਹੇ ਝਾੜੀਆਂ' ਦੀਆਂ 8 ਕਿਸ਼ਤਾਂ ਅੰਮ੍ਰਿਤਾ ਪ੍ਰੀਤਮ ਨੇ ਨਾਗਮਣੀ ਦੇ ਅੱਠ ਅੰਕਾਂ ਵਿੱਚ ਛਾਪੀਆਂ। ਉਸ ਤੋਂ ਬਾਅਦ ਜੱਗ ਬਾਣੀ ਵਿੱਚ ਇਹ ਕਾਲਮ 60 ਕਿਸ਼ਤਾਂ ਵਿੱਚ ਛਪਿਆ। ਪਾਠਕਾਂ ਨੂੰ ਜੱਗ ਬਾਣੀ ਦੇ ਐਤਵਾਰ ਅੰਕ ਦੀ ਉਡੀਕ ਦਾ ਵੱਡਾ ਕਾਰਨ ਅਣਖੀ ਦਾ ਕਾਲਮ ਹੁੰਦਾ ਸੀ। ਅਣਖੀ ਨੇ ਇਨ੍ਹਾਂ 60 ਕਿਸ਼ਤਾਂ ਵਿੱਚੋਂ 35 ਕਿਸ਼ਤਾਂ ਦੀ ਚੋਣ ਕੀਤੀ ਅਤੇ 'ਮਲ੍ਹੇ ਝਾੜੀਆਂ' ਨੂੰ ਪੁਸਤਕ ਰੂਪ ਵਿੱਚ ਦਿੱਲੀ ਦੇ ਆਰਸੀ ਪਬਲਿਸ਼ਰਜ਼ ਨੇ 1988 ਵਿੱਚ ਪ੍ਰਕਾਸ਼ਿਤ ਕੀਤਾ। 'ਮਲ੍ਹੇ ਝਾੜੀਆਂ' ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਬੋਤਮ ਕਿਤਾਬ ਦਾ ਪੁਰਸਕਾਰ ਵੀ ਮਿਲਿਆ। 1996 ਵਿੱਚ ਸੰਗਮ ਪਬਲੀਕੇਸ਼ਨ ਸਮਾਣਾ ਨੇ ਇਸ ਦਾ ਦੂਜਾ ਐਡੀਸ਼ਨ ਛਾਪਿਆ। ਉਦੋਂ ਸਿਰਫ਼ 18 ਚੈਪਟਰ ਸਨ। ਅਣਖੀ ਨੇ ਕੁਝ ਚੈਪਟਰ ਜੋ ਕਿਸੇ ਵੇਲੇ ਭਾਵੁਕ ਹੋ ਕੇ ਲਿਖੇ ਸਨ, ਉਨ੍ਹਾਂ ਨੂੰ ਛੱਡ ਦਿੱਤਾ ਜਦੋਂਕਿ ਕੁਝ ਚੈਪਟਰ ਦੋ-ਦੋ ਜੋੜ ਕੇ ਇੱਕ ਬਣਾ ਦਿੱਤੇ। 75 ਸਾਲ ਪਾਰ ਕਰਦਿਆਂ ਅਣਖੀ ਨੇ ਲੋਕ ਗੀਤ ਪ੍ਰਕਾਸ਼ਨ ਦੀ ਮੰਗ 'ਤੇ 'ਮਲ੍ਹੇ ਝਾੜੀਆਂ' ਦਾ ਨਵਾਂ ਐਡੀਸ਼ਨ 2006 ਵਿੱਚ ਲਿਖਿਆ ਜਿਸ ਵਿੱਚ ਉਸ ਦੇ ਆਖ਼ਰੀ ਸਮੇਂ ਦੀਆਂ ਘਟਨਾਵਾਂ ਸ਼ਾਮਲ ਹਨ।
ਵਿਆਹ-ਪਰਿਵਾਰ ਅਤੇ ਲਿਖਣ ਕਾਰਜ
ਅਣਖੀ ਦਾ ਪਹਿਲਾ ਵਿਆਹ ਬੁਢਲਾਡੇ ਕੋਲ ਆਹਮਦਪੁਰ ਪਿੰਡ ਵਿੱਚ ਹੋਇਆ, ਜਦੋਂ ਉਸ ਨੇ ਹਾਲੇ ਸੁਰਤ ਵੀ ਨਹੀਂ ਸੀ ਸੰਭਾਲੀ। ਉਸ ਨੂੰ ਵੱਡੇ ਸਾਲੇ ਸੂਰਜਭਾਨ ਨੇ ਜੰਝ ਦੇ ਉਤਾਰੇ ਵਿੱਚੋਂ ਗੋਦੀ ਚੁੱਕ ਕੇ ਘਰ ਲਿਆਂਦਾ ਸੀ। ਅਣਖੀ ਦੀ ਬਰਾਤ ਧੌਲੇ ਤੋਂ ਤਪੇ ਤੱਕ ਤੁਰ ਕੇ, ਤਪੇ ਤੋਂ ਰੇਲ ਗੱਡੀ ਰਾਹੀਂ ਬਠਿੰਡਾ ਹੁੰਦੀ ਹੋਈ ਬੁਢਲਾਡਾ ਅਤੇ ਬੁਢਲਾਡੇ ਤੋਂ ਆਹਮਦਪੁਰ ਫਿਰ ਤੁਰ ਕੇ ਪੁੱਜੀ ਸੀ। ਅਣਖੀ ਨੂੰ ਜਦੋਂ ਮੁਕਲਾਵਾ ਮਿਲਿਆ ਤਾਂ ਉਹ ਉਸ ਵੇਲੇ ਬਰਨਾਲਾ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ। ਅਣਖੀ ਦੀ ਪਹਿਲੀ ਪਤਨੀ ਸੋਮਾ ਉਸ ਦੇ ਕਾਲਜ ਵਿੱਚ ਪੜ੍ਹਦੇ ਦੌਰਾਨ ਹੀ ਇਸ ਜਹਾਨੋਂ ਤੁਰ ਗਈ। ਸੋਮਾ ਦੀ ਮੌਤ 1952 ਵਿੱਚ ਹੋਈ। ਅਣਖੀ ਸਮਝ ਗਿਆ ਸੀ ਕਿ ਸੋਮਾ ਨੂੰ ਉਸ ਦਾ ਦਰੇਗ ਹੀ ਲੈ ਬੈਠਾ ਕਿਉਂਕਿ ਉਹ ਘਰ ਛੱਡ ਕੇ ਪਟਿਆਲਾ ਪੜ੍ਹਨ ਗਿਆ ਹੋਇਆ ਸੀ। ਸੋਮਾ ਦੀ ਨਾਨੀ ਨੇ ਵੀ ਉਸ ਨੂੰ ਤਾਅਨਾ ਮਾਰਿਆ ਸੀ, ''ਲੈ ਪੁੱਤ ਹੁਣ ਵੀਹ ਜਮਾਤਾਂ ਪੜ੍ਹ ਲੈ, ਸਾਡੀ ਧੀ ਤਾਂ ਰਹੀ ਨਾ।'' ਇਸ ਤੋਂ ਬਾਅਦ ਅਣਖੀ ਦੇ ਘਰਦਿਆਂ ਨੂੰ ਉਸ ਦਾ ਦੂਜਾ ਵਿਆਹ ਕਰਨ ਦਾ ਫ਼ਿਕਰ ਹੋਣ ਲੱਗਾ। ਮਲੋਟ ਤੋਂ ਇਕ ਰਿਸ਼ਤਾ ਆਇਆ ਅਤੇ ਮੰਗਣਾ ਵੀ ਹੋ ਗਿਆ। ਵਿਆਹ ਦੀ ਤਰੀਕ ਬੰਨ੍ਹਣ ਵਿੱਚ ਕੁੜੀ ਵਾਲੇ ਕਾਫ਼ੀ ਚਿਰ ਆਨਾਕਾਨੀ ਕਰਦੇ ਰਹੇ ਅਤੇ ਅਖ਼ੀਰ ਤਪੇ ਵਾਲੇ ਵਿਚੋਲੇ ਨੇ ਦੱਸ ਦਿੱਤਾ ਕਿ ਕੁੜੀ ਵਾਲੇ ਵਿਆਹ ਤੋਂ ਮੁੱਕਰ ਗਏ ਹਨ। ਬਾਅਦ ਵਿੱਚ ਪਤਾ ਲੱਗਿਆ ਕਿ ਰਿਸ਼ਤੇ ਤੋਂ ਕੁੜੀ ਵਾਲੇ ਇਸ ਕਾਰਨ ਪਿੱਛੇ ਹੱਟ ਗਏ ਕਿਉਂਕਿ ਕਿਸੇ ਤੋਂ ਪਿੰਡ ਵਿੱਚ ਕਰਵਾਈ ਪੁੱਛਗਿੱਛ ਵਿੱਚ ਜਵਾਬ ਮਿਲਿਆ ਕਿ ਮੁੰਡੇ ਦੇ ਨਾਂ ਤਾਂ ਘਰਦਿਆਂ ਨੇ ਜ਼ਮੀਨ ਲਾਈ ਹੀ ਨਹੀਂ। ਮਲੋਟ ਵੱਲ ਨਾ ਹ ਸਕੇ ਇਸ ਰਿਸ਼ਤੇ ਦੀ ਅਗਾਂਹ ਦਿਲਚਸਪ ਕਹਾਣੀ ਹੈ, ਜਿਹੜੀ ਕਿਸੇ ਫ਼ਿਲਮੀ ਕਹਾਣੀ ਵਾਂਗ ਹੈ। ਅਣਖੀ ਜਦੋਂ ਆਪਣੀ ਲੜਕੀ ਆਰਤੀ ਲਈ ਮਲੋਟ ਵਿਖੇ ਮੁੰਡਾ ਦੇਖਣ ਗਿਆ ਤਾਂ ਅੱਗੋਂ ਉਹ ਮੁੰਡਾ ਉਸੇ ਕੁੜੀ ਦੇ ਭਰਾ ਦਾ ਨਿਕਲਿਆ ਜਿਸ ਨਾਲ ਅਣਖੀ ਦਾ ਰਿਸ਼ਤਾ ਮੰਗਣੀ ਤੋਂ ਬਾਅਦ ਟੁੱਟ ਗਿਆ। ਅਣਖੀ ਤੋਂ ਰਿਹਾ ਨਾ ਗਿਆ ਅਤੇ ਉਸ ਕੁੜੀ ਦੇ ਭਰਾ ਤੋਂ ਪੁੱਛ ਲਿਆ ਕਿ ਉਸ ਦੀ ਭੈਣ ਕਿੱਥੇ ਹੁੰਦੀ ਹੈ। ਅੱਗੋਂ ਪਤਾ ਲੱਗਾ ਕਿ ਗਿੱਦੜਬਾਹੇ ਉਸ ਦਾ ਵਿਆਹ ਹੋਇਆ, ਜਿੱਥੇ ਉਸ ਦਾ ਪਤੀ ਮਰ ਗਿਆ ਅਤੇ ਹੁਣ ਉਹ ਆਪਣੇ ਬੱਚਿਆਂ ਨਾਲ ਦਿਨ ਕਟੀ ਕਰ ਰਹੀ ਹੈ। ਅਣਖੀ ਦੀ ਇਹ ਸੁਣਦਿਆਂ ਧਾਹ ਨਿਕਲ ਗਈ ਅਤੇ ਮਨ ਵਿੱਚ ਸੋਚਿਆ ਕਿ ਜੇ ਦੋਵਾਂ ਦਾ ਰਿਸ਼ਤਾ ਨਾ ਹੁੰਦਾ ਤਾਂ ਦੋਵੇਂ ਹੀ ਸੌਖੇ ਰਹਿੰਦੇ। ਵਾਪਸ ਮੁੜਦਿਆਂ ਅਣਖੀ ਦਾ ਮਨ ਇਕ ਵਾਰ ਗਿੱਦੜਬਾਹੇ ਰੁਕ ਕੇ ਉਸ ਕੁੜੀ ਨੂੰ ਮਿਲਣ ਦਾ ਕੀਤਾ ਪਰ ਗਿੱਦੜਬਾਹੇ ਉਤਰਨ ਦਾ ਉਸ ਤੋਂ ਹੀਆ ਨਾ ਹੋਇਆ। ਇਸੇ ਘਟਨਾ 'ਤੇ ਉਸ ਨੇ 'ਰੁੱਖ' ਕਹਾਣੀ ਲਿਖੀ, ਜੋ 'ਕਦੋਂ ਫਿਰਨਗੇ ਦਿਨ' ਕਹਾਣੀ ਸੰਗ੍ਰਹਿ ਵਿੱਚ ਛਪੀ।
ਮਲੋਟ ਵਾਲੀ ਕੁੜੀ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਘਰਦਿਆਂ ਨੂੰ ਹੋਰ ਕਾਹਲੀ ਹੋਣ ਲੱਗੀ। ਇੰਨੇ ਨੂੰ ਘਰਦਿਆਂ ਨੂੰ ਜੋਗੇ ਤੋਂ ਰਿਸ਼ਤਾ ਆ ਗਿਆ। ਦਸੰਬਰ 1954 ਵਿੱਚ ਉਸ ਦਾ ਜੋਗੇ ਦੀ ਭਾਗਵੰਤੀ ਨਾਲ ਵਿਆਹ ਹੋ ਗਿਆ। ਅਣਖੀ ਉਤੇ ਦੁੱਖਾਂ ਦਾ ਕਹਿਰ ਡਿੱਗਣੋਂ ਹਾਲੇ ਵੀ ਨਹੀਂ ਹਟਿਆ ਸੀ। 1 ਜੂਨ, 1956 ਨੂੰ ਉਸ ਦੇ ਮੁੰਡਾ ਹੋਇਆ, ਜੋ 20 ਦਿਨਾਂ ਦਾ ਹੋ ਕੇ ਮਰ ਗਿਆ। ਅਣਖੀ ਨੂੰ ਉਸ ਦੀ ਮਾਂ ਨੇ ਸਵਾ ਮਹੀਨਾ ਹਾਲੇ ਮੁੰਡਾ ਦਾ ਮੂੰਹ ਨਾ ਦੇਖਣ ਲਈ ਕਿਹਾ ਹੋਣ ਕਰਕੇ ਉਹ ਆਪਣੇ ਜੇਠੇ ਪੁੱਤ ਦਾ ਮੂੰਹ ਵੀ ਨਹੀਂ ਸੀ ਵੇਖ ਸਕਿਆ। ਇਸ ਤੋਂ ਬਾਅਦ ਅਣਖੀ ਦੇ ਘਰ ਲੜਕੀ ਨੇ ਜਨਮ ਲਿਆ ਜਿਸ ਦਾ ਨਾਂ ਚੇਤਨਾ ਰੱਖਿਆ। ਇਸ ਦੌਰਾਨ ਅਣਖੀ ਦੀ ਬਦਲੀ ਲਹਿਲ ਖ਼ੁਰਦ ਤੋਂ ਪਿੰਡ ਹੋ ਗਈ ਸੀ ਅਤੇ ਉਸ ਦੀ ਤਨਖ਼ਾਹ ਵੀ ਵਧ ਗਈ। ਚੇਤਨਾ ਦੇ ਜਨਮ ਮੌਕੇ ਮਿਲੀਆਂ ਖ਼ੁਸ਼ੀਆਂ ਕਾਰਨ ਅਣਖੀ ਦੀ ਮਾਂ ਉਸ ਨੂੰ 'ਭਾਗਾਂ ਵਾਲੀ' ਕਹਿੰਦੀ ਸੀ ਪਰ ਕੀ ਪਤਾ ਸੀ ਇਹ ਭਾਗਾਂ ਵਾਲੀ ਬਹੁਤ ਔਖਾ ਜੀਵਨ ਕੱਟਦੀ ਹੋਈ ਇਸ ਜਹਾਨੋਂ ਤੁਰ ਜਾਵੇਗੀ। ਉਮਰ ਵਧਣ ਨਾਲ ਚੇਤਨਾ ਦੇ ਦਿਮਾਗ਼ ਦਾ ਵਿਕਾਸ ਨਾ ਹੋਇਆ ਅਤੇ ਉਸ ਦੇ ਇਲਾਜ ਲਈ ਅਣਖੀ ਬਹੁਤ ਭਟਕਿਆ। ਦਿੱਲੀਉਂ ਵੀ ਇਲਾਜ ਕਰਵਾਇਆ ਪਰ ਉਹ ਠੀਕ ਨਾ ਹੋਈ ਅਤੇ 25 ਵਰਿ੍ਹਆਂ ਦੀ ਉਮਰੇ ਦੁੱਖ ਭੋਗਦੀ ਹੋਈ ਪੂਰੀ ਹੋ ਗਈ। ਚੇਤਨਾ ਤੋਂ ਇਲਾਵਾ ਦੂਜੀ ਪਤਨੀ ਭਾਗਵੰਤੀ ਤੋਂ ਅਣਖੀ ਦੇ ਦੋ ਮੁੰਡੇ ਸਨੇਹਪਾਲ ਤੇ ਡਾ. ਕਰਾਂਤੀਪਾਲ ਅਤੇ ਇਕ ਕੁੜੀ ਆਰਤੀ ਵੀ ਸੀ। ਸਨੇਹਪਾਲ ਤੇ ਆਰਤੀ ਪੜ੍ਹਾਈ ਵਿੱਚ ਕਮਜ਼ੋਰ ਸਨ। ਅਣਖੀ 1977 ਵਿੱਚ ਧੌਲੇ ਤੋਂ ਬਰਨਾਲਾ ਆ ਕੇ ਰਹਿਣ ਲੱਗ ਗਿਆ ਸੀ। ਉਸ ਤੋਂ ਬਾਅਦ ਸਨੇਹਪਾਲ ਤੇ ਵੱਡੀ ਕੁੜੀ ਚੇਤਨਾ ਪਿੰਡ ਧੌਲੇ ਰਹਿੰਦੇ ਅਤੇ ਅਣਖੀ ਆਪਣੀ ਪਤਨੀ, ਮੁੰਡੇ ਕਰਾਂਤੀਪਾਲ ਤੇ ਆਰਤੀ ਨਾਲ ਬਰਨਾਲੇ। ਅਣਖੀ ਦੀ ਮਾਂ ਹੀ ਚੇਤਨਾ ਨੂੰ ਸੰਭਾਲਦੀ। ਅਣਖੀ ਦੀ ਮਾਂ ਅਤੇ ਦੂਜੀ ਪਤਨੀ ਭਾਗਵੰਤੀ ਦੀ ਮੌਤ ਤੋਂ ਬਾਅਦ ਚੇਤਨਾ ਨੂੰ ਅਣਖੀ ਦੀ ਭਾਬੀ (ਛੋਟੇ ਭਰਾ ਨਵਜੋਸ਼ ਦੀ ਪਤਨੀ) ਨੇ ਸਾਂਭਿਆ। ਹਰਿਦੁਆਰ ਉਸ ਦੇ ਫੁੱਲ ਪਾਉਣ ਗਿਆ ਅਣਖੀ ਭੁੱਬੀਂ ਰੋਇਆ। ਅਣਖੀ ਹੁਰੀਂ ਦੱਸਦੇ ਸਨ ਕਿ ਉਸ ਨੇ ਆਪਣੀਆਂ ਕਹਾਣੀਆਂ, ਨਾਵਲਾਂ ਵਿੱਚ ਹਜ਼ਾਰਾਂ ਪਾਤਰ ਸਿਰਜੇ ਪਰ ਕਦੇ ਵੀ ਚੇਤਨਾ ਦਾ ਪਾਤਰ ਨਹੀਂ ਆਇਆ। ਇਸ ਦਾ ਅਣਖੀ ਨੂੰ ਵੀਂ ਨਹੀਂ ਪਤਾ ਸੀ ਕਿ ਕਿਉਂ ਨਹੀਂ ਆਇਆ। ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਜਦੋਂ ਉਸ ਦਾ ਪੂਰਾ ਪਰਿਵਾਰ ਹੋ ਗਿਆ ਤਾਂ ਪਤਨੀ ਭਾਗਵੰਤੀ ਨੂੰ ਦੌਰੇ ਪੈਣ ਲੱਗ ਗਏ। ਦੌਰੇ ਉਸ ਨੂੰ ਹਰ ਬੱਚੇ ਦੇ ਜਨਮ ਵੇਲੇ ਹੀ ਪੈਂਦੇ ਸਨ। ਫ਼ਰਵਰੀ 1974 ਦੀ ਗੱਲ ਹੈ, ਜਦੋਂ ਭਾਗਵੰਤੀ ਰੋਟੀਆਂ ਪਕਾਉਂਦੀ ਆਟੇ ਨਾਲ ਲਿੱਬੜੇ ਹੱਥਾਂ ਨਾਲ ਹੀ ਚੌਂਕੇ-ਚੁੱਲ੍ਹੇ ਵਿੱਚ ਡਿੱਗ ਗਈ। ਪਹਿਲਾਂ ਉਸ ਨੂੰ ਬਰਨਾਲੇ ਲਿਜਾਇਆ ਗਿਆ, ਫੇਰ ਦਿਆਨੰਦ ਹਸਪਤਾਲ ਲੁਧਿਆਣੇ ਤੇ ਅੰਤ ਪੀ.ਜੀ.ਆਈ. ਚੰਡੀਗੜ੍ਹ। 'ਬਰੇਨ ਟਿਊਮਰ' ਕਾਰਨ ਉਹ ਹੱਡੀਆਂ ਦੀ ਮੁੱਠ ਬਣ ਗਈ। ਚੰਡੀਗੜ੍ਹ ਇਲਾਜ ਦੌਰਾਨ ਅਣਖੀ ਨੂੰ ਸਹਾਰਾ ਦੇਣ ਵਾਲੇ ਡਾ. ਵਿਸ਼ਵਾਨਾਥ ਤਿਵਾੜੀ, ਪ੍ਰੇਮ ਸਿੰਘ ਮਾਨ, ਪ੍ਰਦੀਪ ਅਰਸ਼ੀ, ਡਾ. ਨਾਹਰ ਸਿੰਘ ਨੂੰ ਉਹ ਸਾਰੀ ਉਮਰ ਨਹੀਂ ਭੁੱਲਿਆ। ਉਸ ਵੇਲੇ ਉਸ ਦਾ ਇਕ ਪਾਠਕ ਸੁਰਿੰਦਰ ਮਨਨ ਰੋਜ਼ ਹਾਲ-ਚਾਲ ਪੁੱਛਣ ਆਉਂਦਾ। ਇਸ ਦੌਰਾਨ ਅਣਖੀ ਦੀ ਪਤਨੀ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਜਿਸ ਦੇ ਇਲਾਜ ਲਈ ਵੀ ਅਣਖੀ ਨੇ ਛੋਟੇ ਡਾਕਟਰ ਤੋਂ ਲੈ ਕੇ ਅੰਮ੍ਰਿਤਸਰ ਦੇ ਮਸ਼ਹੂਰ ਡਾਕਟਰ ਦਲਜੀਤ ਸਿੰਘ ਤੱਕ ਕੋਸ਼ਿਸ਼ ਕੀਤੀ ਪਰ ਨਿਗਾਂ ਵਾਪਸ ਨਾ ਆਈ। ਅਣਖੀ ਵਾਪਸ ਆਪਣੀ ਪਤਨੀ ਨੂੰ ਪਿੰਡ ਲੈ ਲਿਆ। ਇਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਸੀ।
ਅਣਖੀ ਹੁਰੀਂ ਆਪਣੀ ਸਵੈ-ਜੀਵਨੀ ਵਿੱਚ ਇਹ ਵੀ ਲਿਖਦੇ ਹਨ ਕਿ ਉਸ ਵੇਲੇ ਉਹ ਤੜਕੇ ਸਾਜਰੇ ਹੀ ਉੱਠ ਜਾਂਦਾ ਸੀ ਅਤੇ ਉਸ ਦੌਰ ਵਿੱਚ ਆਪਣੇ ਦੁੱਖਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਉਨ੍ਹਾਂ ਦੋ-ਢਾਈ ਸਾਲਾਂ ਦੌਰਾਨ ਦੋ ਨਾਵਲ ਤੇ 14-15 ਕਹਾਣੀਆਂ ਲਿਖੀਆਂ। ਉਸ ਨੇ ਆਪਣੇ ਦੁੱਖਾਂ ਨੂੰ ਲੈ ਕੇ ਕਹਾਣੀਆਂ ਲਿਖੀਆਂ। ਅਣਖੀ ਮੰਨਦਾ ਹੈ ਕਿ ਉਸ ਦੌਰ ਵਿੱਚ ਉਸ ਨੇ ਸਭ ਤੋਂ ਵੱਧ ਸਾਹਿਤ ਲਿਖਿਆ। ਐਮਰਜੈਂਸੀ, ਉਸ ਦਾ ਦੁੱਖ, ਅਧੂਰੀ ਬਹਿਸ ਦਾ ਜ਼ਹਿਰ, ਕੋਈ ਨਹੀਂ ਆਵੇਗਾ, ਕੀ ਪਤਾ ਸੀ, ਗ਼ਰਦਿਸ਼ ਦੇ ਦਿਨ ਲਿਖਿਆ। ਨਾਵਲ ਸੁਲਘਦੀ ਰਾਤ ਵੀ ਉਸ ਵੇਲੇ ਲਿਖਿਆ। ਉਸ ਦੇ ਦੁੱਖਾਂ ਦੀ ਦਾਸਤਾਨ ਪੜ੍ਹ ਕੇ ਪਾਠਕ ਅੰਦਰੋਂ ਝੰਜੋੜੇ ਜਾਂਦੇ। 2 ਨਵੰਬਰ, 1976 ਨੂੰ ਅਣਖੀ ਦੀ ਬਦਲੀ ਬਰਨਾਲੇ ਹੋ ਗਾਈ ਅਤੇ 12 ਨਵੰਬਰ ਨੂੰ ਉਸ ਦੀ ਪਤਨੀ ਭਾਗਵੰਤੀ ਦੀ ਮੌਤ ਹੋ ਗਈ। ਉਹ ਬੁਰੀ ਤਰ੍ਹਾਂ ਟੁੱਟ ਗਿਆ ਸੀ। ਉਸ ਨੇ ਦਲੇਰੀ ਨਾਲ ਨਿਧੜਕ ਹੋ ਕੇ ਆਪਣੀ ਜ਼ਿੰਦਗੀ ਦਾ ਕਰੂਰ ਸੱਚ ਲਿਖਿਆ। ਅੰਮ੍ਰਿਤਾ ਪ੍ਰੀਤਮ ਨੇ ਉਸ ਨੂੰ 'ਇਕ ਇਮਾਨਦਾਰ ਲੇਖਕ ਦੀ ਕਿਰਤ' ਕਹਿ ਕੇ ਵਡਿਆਇਆ।
ਭਾਗਵੰਤੀ ਦੀ ਮੌਤ ਤੋਂ ਬਾਅਦ ਅਣਖੀ ਨੇ ਲਿਖਣ ਦਾ ਕਾਰਜ ਜਾਰੀ ਰੱਖਿਆ। ਇਸ ਦੌਰਾਨ ਰਾਜਸਥਾਨ ਦੇ ਸ਼ਹਿਰ ਅਜਮੇਰ ਰਹਿੰਦੀ ਸ਼ੋਭਾ ਪਾਟਿਲ ਨਾਂ ਦੀ ਔਰਤ ਜੋ ਅਣਖੀ ਦੀਆਂ ਹਿੰਦੀ ਵਿੱਚ ਅਨੁਵਾਦ ਹੋ ਕੇ ਛਪਦੀਆਂ ਕਹਾਣੀਆਂ ਦੀ ਵੱਡੀ ਪ੍ਰਸ਼ੰਸਕ ਸੀ, ਉਸ ਨੂੰ ਚਿੱਠੀਆਂ ਲਿਖਦੀ। ਅਣਖੀ ਵੀ ਜਵਾਬ ਵਿੱਚ ਚਿੱਠੀ ਲਿਖਦਾ। ਇਹ ਸਿਲਸਿਲਾ ਚਲਦਾ ਰਿਹਾ ਅਤੇ ਇਕ ਦਿਨ ਦਸੰਬਰ 1976 ਵਿੱਚ ਅਣਖੀ ਨੇ ਇਕ ਵਾਰ ਗੁਜਰਾਤ ਦੇ ਗਾਂਧੀਧਾਮ ਕੋਲ ਅੰਜਾਰ ਵਿਖੇ ਕਿਸੇ ਕਾਨਫ਼ਰੰਸ ਵਿੱਚ ਹਿੱਸਾ ਲੈਣ ਜਾਣਾ ਸੀ। ਸ਼ੋਭਾ ਦੇ ਕਹਿਣ 'ਤੇ ਅਣਖੀ ਨੇ ਰਸਤੇ ਵਿੱਚ ਦਿੱਲੀ ਤੋਂ ਰਤਲਾਮ ਜਾਂਦੇ ਹੋਏ ਅਜਮੇਰ ਸਟੇਸ਼ਨ ਉਤੇ ਉਤਰਨ ਦਾ ਮਨ ਬਣਾ ਲਿਆ। ਅਣਖੀ ਤੇ ਸ਼ੋਭਾ ਦੋਵੇਂ ਮਿਲੇ ਅਤੇ ਫੇਰ ਉਹ ਅਗਾਂਹ ਅੰਜਾਰ ਚਲੇ ਗਏ, ਜਿੱਥੇ ਜਾ ਕੇ ਪਤਾ ਲੱਗਾ ਕਿ ਕਾਨਫ਼ਰੰਸ ਤਾਂ ਮੁਲਤਵੀ ਹੋ ਗਈ। ਅਣਖੀ ਦਾ ਕਾਨਫ਼ਰੰਸ ਅਟੈਂਡ ਕਰਨ ਦਾ ਸਬੱਬ ਤਾਂ ਨਹੀਂ ਬਣਿਆ ਪਰ ਉਸ ਦੇ ਪਰਿਵਾਰਕ ਜੀਵਨ ਦੀ ਲੀਹ ਤੋਂ ਲੱਥੀ ਗੱਡੀ ਮੁੜ ਚੜ੍ਹਨ ਦਾ ਸਬੱਬ ਜ਼ਰੂਰ ਬਣ ਗਿਆ। ਅਣਖੀ ਤੇ ਸ਼ੋਭਾ ਨੇ ਵਿਆਹ ਕਰਵਾਉਣ ਦਾ ਮਨ ਬਣਾ ਲਿਆ। ਸ਼ੁਰੂ ਵਿੱਚ ਸ਼ੋਭਾ ਦੇ ਘਰਦਿਆਂ ਨੇ ਵਿਰੋਧ ਵੀ ਕੀਤਾ ਕਿ ਕਿੱਥੇ ਦੂਜਾ ਸੂਬਾ, ਵੱਖਰਾ ਸੱਭਿਆਚਾਰ, ਨਾ ਕੋਈ ਸਾਂਝ ਆਦਿ। ਅੰਤ ਸ਼ੋਭਾ ਵੱਲੋਂ ਮਨਾਉਣ 'ਤੇ ਉਸ ਦੇ ਘਰ ਦੇ ਰਾਜ਼ੀ ਹੋ ਗਏ ਅਤੇ ਅਣਖੀ ਆਪਣੇ ਦੋਸਤ ਗੁਰਚਰਨ ਨਾਲ ਵਿਆਹ ਕਰਵਾਉਣ ਅਜਮੇਰ ਗਿਆ, ਜਿੱਥੋਂ ਸ਼ੋਭਾ ਨੂੰ ਵਿਆਹ ਕੇ ਲਿਆਇਆ। ਇਹ 1977 ਦੇ ਅਖ਼ੀਰਲੇ ਦਿਨਾਂ ਦੀ ਗੱਲ ਹੈ। 1981 ਵਿੱਚ ਲਿਖੀ ਕਹਾਣੀ ਜ਼ਖ਼ਮੀ ਅਤੀਤ ਦੀ ਮੂਲ ਕਥਾ ਸ਼ੋਭਾ ਤੋਂ ਹੀ ਮਿਲੀ ਸੀ। ਸ਼ੋਭਾ ਅਣਖੀ ਦੇ ਅੰਤਲੇ ਸਾਹਾਂ ਤੱਕ ਨਾਲ ਨਿਭੀ। ਅਣਖੀ ਦੇ ਸ਼ਰਧਾਂਜਲੀ ਸਮਾਗਮ ਉਤੇ ਉਸ ਦੀ ਪਤਨੀ ਸ਼ੋਭਾ ਦਾ ਲਿਖਿਆ ਸ਼ੇਅਰ ਜੋ ਉਸ ਵੇਲੇ ਪੜਿ੍ਹਆ ਗਿਆ, ਸਾਰੀ ਕਹਾਣੀ ਬਿਆਨ ਕਰਦਾ ਸੀ। ''ਨਾ ਸ਼ਿਕਵਾ ਕਿਸੀ ਸੇ, ਨਾ ਸ਼ਿਕਾਇਤ ਕਿਸੀ ਸੇ, ਹੋਨੀ ਥੀ ਜ਼ਿੰਦਗੀ ਬਰਬਾਦ ਕਿਸੀ ਸੇ।''
ਉਸ ਨੇ ਜਿੱਥੇ ਕਹਾਣੀਆਂ, ਨਾਵਲ ਲਿਖਣੇ ਜਾਰੀ ਰੱਖੇ, ਉਥੇ 'ਕਹਾਣੀ ਪੰਜਾਬ' ਸਿਰਲੇਖ ਹੇਠ ਤ੍ਰੈ-ਮਾਸਿਕ ਰਸਾਲਾ ਸ਼ੁਰੂ ਕੀਤਾ ਜਿਸ ਦਾ ਪਹਿਲਾ ਅੰਕ 1993 ਦੀ ਆਖ਼ਰੀ ਤਿਮਾਹੀ ਵਿੱਚ ਛਪਿਆ। ਕਹਾਣੀ ਪੰਜਾਬ ਨੂੰ ਨਿਰੰਤਰ ਜਾਰੀ ਰੱਖਣ ਲਈ ਉਨ੍ਹਾਂ ਨੇ ਬਹੁਤ ਤਰੱਦਦ ਕੀਤੇ। ਉਨ੍ਹਾਂ ਆਪਣੀ ਸਵੈ-ਜੀਵਨੀ ਵਿੱਚ ਇਹ ਵੀ ਲਿਖਿਆ, ''ਮੈਂ ਉਸ ਦਿਨ ਨਹੀਂ ਮਰਾਂਗਾ ਜਿਸ ਦਿਨ ਮੈਂ ਮਰਿਆ, ਮੈਂ ਉਸ ਦਿਨ ਮਰਾਂਗਾ ਜਿਸ ਦਿਨ ਕਹਾਣੀ ਪੰਜਾਬ ਬੰਦ ਹੋਵੇਗਾ।'' ਕਰਾਂਤੀਪਾਲ ਨੇ ਪਿਤਾ ਦੇ ਵਚਨ ਨਿਭਾਉਂਦਿਆਂ, ਉਨ੍ਹਾਂ ਦੇ ਤੁਰ ਜਾਣ ਦੇ ਅੱਠ ਸਾਲ ਬਾਅਦ ਵੀ ਕਹਾਣੀ ਪੰਜਾਬ ਸਫ਼ਲਤਾਪੂਰਵਕ ਚਲਾਇਆ ਹੋਇਆ ਹੈ। ਅਣਖੀ ਨੂੰ ਇਕ ਪਾਸੇ ਕਹਾਣੀ ਪੰਜਾਬ ਨੂੰ ਚਲਾਈ ਰੱਖਣ ਲਈ ਚੰਦੇ ਇਕੱਠ ਕਰਨ ਲਈ ਮਿਹਨਤ ਕਰਨੀ ਪੈਂਦੀ, ਦੂਜੇ ਪਾਸੇ ਪਰਿਵਾਰਕ ਦੁੱਖਾਂ ਨਾਲ ਘਿਰਿਆ ਹੋਇਆ ਉਹ ਆਰਥਿਕ ਤੰਗੀਆਂ-ਤੁਰਸ਼ੀਆਂ ਵੀ ਉਸ ਨੂੰ ਸਹਿਣੀਆਂ ਪਈਆਂ। ਪਹਿਲਾ ਉਸ ਨੂੰ ਬਰਨਾਲਾ ਘਰ ਪਾਉਣ ਵੇਲੇ ਅਤੇ ਫੇਰ ਆਰਤੀ ਦੇ ਵਿਆਹ ਵੇਲੇ। ਉਸ ਦੇ ਦੋਸਤਾਂ-ਮਿੱਤਰਾਂ ਨੇ ਹਮੇਸ਼ਾ ਹੀ ਉਸ ਦੀ ਮਦਦ ਕੀਤੀ।
ਅਣਖੀ ਵੱਲੋਂ ਲੇਖਕਾਂ ਦੀਆਂ ਪਤਨੀਆਂ ਦੇ ਇੰਟਰਵਿਊ ਛਾਪੇ ਗਏ, ਜੋ ਬਹੂਤ ਮਕਬੂਲ ਹੋਏ। 'ਮੈਂ ਤਾਂ ਬੋਲਾਂਗੀ' ਉਨ੍ਹਾਂ ਦੀ ਵਾਰਤਕ ਲੇਖਣੀ ਦਾ ਉੱਤਮ ਨਮੂਨਾ ਹੈ। ਅਣਖੀ ਨੇ ਆਪਣੀ ਇੰਗਲੈਂਡ ਫੇਰੀ ਨੂੰ ਸਫ਼ਰਨਾਮਾ 'ਕਿਵੇਂ ਲੱਗਿਆ ਇੰਗਲੈਂਡ' ਸਿਰਲੇਖ ਹੇਠ ਕਲਮਬੱਧ ਕੀਤਾ। ਅਣਖੀ ਆਪਣੀਆਂ ਲਿਖਤਾਂ ਨਾਲ ਸਦਾ ਪਾਠਕਾਂ ਦੇ ਦਿਲਾਂ ਵਿੱਚ ਜਿਊਂਦਾ ਰਹੇਗਾ।