ਸਰਕਾਰ ''ਤੇ ਦਬਾਅ ਪਾਉਣ ਲਈ ਰਾਮ ਰਹੀਮ ਨੇ ਰਚੀ ਸੀ ਸਾਜ਼ਿਸ਼

Wednesday, Dec 06, 2017 - 08:13 AM (IST)

ਚੰਡੀਗੜ੍ਹ (ਬਰਜਿੰਦਰ) - ਡੇਰਾ ਸੱਚਾ ਸੌਦਾ ਵਿਚ ਆਤਮ-ਹੱਤਿਆਵਾਂ ਡੇਰਾ ਪ੍ਰਮੁੱਖ ਵਲੋਂ ਸਰਕਾਰ, ਸੀ. ਬੀ. ਆਈ. ਤੇ ਕਾਨੂੰਨ 'ਤੇ ਦਬਾਅ ਪਾਉਣ ਲਈ ਰਚੀ ਗਈ ਸਾਜ਼ਿਸ਼ ਤਹਿਤ ਉਕਸਾ ਕੇ ਕਰਵਾਈਆਂ ਗਈਆਂ ਸਨ। ਉਕਤ ਦੋਸ਼ ਲਾਉਂਦੀ ਰੀਵਿਊ ਪਟੀਸ਼ਨ ਵਿਚ ਦੇਰੀ ਕਾਰਨ ਮੁਆਫ਼ੀ ਦੀ ਮੰਗ 'ਤੇ ਹਾਈ ਕੋਰਟ ਨੇ ਸਰਕਾਰ ਨੂੰ 1 ਮਾਰਚ ਲਈ ਨੋਟਿਸ ਜਾਰੀ ਕੀਤਾ ਹੈ। ਅਸਲ 'ਚ ਡੇਰੇ ਵਿਚ ਹਥਿਆਰਾਂ ਦੀ ਟ੍ਰੇਨਿੰਗ ਦੇ ਦੋਸ਼ਾਂ ਵਾਲੀ ਇਕ ਸ਼ਿਕਾਇਤ 'ਤੇ ਹਾਈ ਕੋਰਟ ਨੇ ਸਾਲ 2014 ਵਿਚ ਖੁਦ ਨੋਟਿਸ ਲੈ ਕੇ ਕੇਸ ਚਲਾਇਆ ਸੀ, ਜਿਸ ਵਿਚ 14 ਮਈ, 2015 ਨੂੰ ਹੁਕਮ ਜਾਰੀ ਕੀਤੇ ਗਏ ਸਨ। ਉਸੇ ਕੇਸ ਵਿਚ ਡੇਰੇ ਦੇ ਭਗਤ ਰਹੇ ਰਾਮ ਕੁਮਾਰ ਬਿਸ਼ਨੋਈ ਨੇ ਡੇਰੇ ਵਿਚ ਹੋ ਰਹੀਆਂ ਆਤਮ-ਹੱਤਿਆਵਾਂ ਨੂੰ ਲੈ ਕੇ ਇਕ ਪਟੀਸ਼ਨ ਦਾਇਰ ਕੀਤੀ ਸੀ। ਉਸ ਅਰਜ਼ੀ ਵਿਚ ਮੁੱਖ ਕੇਸ ਦੀ ਸੁਣਵਾਈ ਨਹੀਂ ਹੋ ਸਕੀ ਸੀ। ਇਸੇ ਨੂੰ ਲੈ ਕੇ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਦਾ ਰੀਵਿਊ ਕਰਨ ਤੇ ਕਥਿਤ ਆਤਮ-ਹੱਤਿਆਵਾਂ ਨੂੰ ਲੈ ਕੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਹੈ। ਦਾਇਰ ਰੀਵਿਊ ਅਰਜ਼ੀ ਵਿਚ ਸਾਲ 2014 ਦੇ ਮਾਮਲੇ ਵਿਚ 14 ਮਈ 2015 ਦੇ ਹੁਕਮਾਂ ਨੂੰ ਰੀਵਿਊ ਕੀਤੇ ਜਾਣ ਦੀ ਮੰਗ ਰੱਖੀ ਗਈ ਹੈ। ਕਿਹਾ ਗਿਆ ਹੈ ਕਿ ਉਸ ਮਾਮਲੇ ਵਿਚ ਦਾਇਰ ਕੀਤੀ ਗਈ ਅਰਜ਼ੀ ਦਾ ਨਿਪਟਾਰਾ ਕੀਤਾ ਜਾਵੇ।
ਦਬਾਅ ਪਾਉਣ ਲਈ ਕਰਵਾਈਆਂ ਗਈਆਂ ਆਤਮ-ਹੱਤਿਆਵਾਂ
ਇਸ ਤੋਂ ਪਹਿਲਾਂ ਸਾਲ 2014 ਦੇ ਮੁੱਖ ਮਾਮਲੇ ਦੌਰਾਨ ਬਿਸ਼ਨੋਈ ਨੇ ਹਾਈ ਕੋਰਟ ਨੂੰ ਸੌਂਪੀ ਚਿੱਠੀ ਵਿਚ ਕਿਹਾ ਸੀ ਕਿ ਕਈ ਡੇਰਾ ਭਗਤਾਂ ਵਲੋਂ ਕਥਿਤ ਰੂਪ ਨਾਲ ਕੀਤੀਆਂ ਗਈਆਂ ਆਤਮ-ਹੱਤਿਆਵਾਂ ਦੀ ਜਾਂਚ ਸੀ. ਬੀ. ਆਈ. ਵਲੋਂ ਕਰਵਾਈ ਜਾਵੇ। ਉਨ੍ਹਾਂ ਇਨ੍ਹਾਂ ਆਤਮ-ਹੱਤਿਆਵਾਂ ਨੂੰ ਇਕ ਤਰ੍ਹਾਂ ਨਾਲ ਹੱਤਿਆ ਦੱਸਿਆ। ਕਿਹਾ ਗਿਆ ਸੀ ਕਿ ਰਾਜ ਸਰਕਾਰ 'ਤੇ ਦਬਾਅ ਪਾਉਣ ਲਈ ਡੇਰਾ ਪ੍ਰਮੁੱਖ ਤੇ ਉਸ ਦੇ ਸਾਥੀਆਂ ਵਲੋਂ ਉਕਸਾ ਕੇ ਆਤਮ-ਹੱਤਿਆਵਾਂ ਕਰਵਾਈਆਂ ਗਈਆਂ ਸਨ। ਹਰਿਆਣਾ ਪੁਲਸ ਇਨ੍ਹਾਂ ਆਤਮ-ਹੱਤਿਆਵਾਂ ਦੀ ਨਿਰਪੱਖ ਜਾਂਚ ਕਰਨ ਵਿਚ ਨਾਕਾਮ ਰਹੀ। ਹਾਈ ਕੋਰਟ ਨੂੰ ਸੌਂਪੀ ਗਈ ਚਿੱਠੀ ਵਿਚ ਕਥਿਤ ਤੌਰ 'ਤੇ ਆਤਮ-ਹੱਤਿਆ ਕਰਨ ਵਾਲਿਆਂ ਦੇ ਨਾਮ ਵੀ ਲਿਖੇ ਗਏ ਸਨ। ਅਰਜ਼ੀਕਰਤਾ ਬਿਸ਼ਨੋਈ ਡੇਰੇ ਦਾ ਭਗਤ ਸੀ ਤੇ ਕਈ ਸਾਲਾਂ ਤੱਕ ਡੇਰੇ ਵਿਚ ਸਾਧੂ ਦੇ ਤੌਰ 'ਤੇ ਰਿਹਾ ਸੀ।


Related News