ਰਾਮ ਰਹੀਮ ਮਾਮਲਾ : ਗਿਆਨੀ ਗੁਰਮੁਖ ਸਿੰਘ ਨੇ ਆਪਣਾ ਸਪੱਸ਼ਟੀਕਰਨ ਪੰਜ ਪਿਆਰਿਆਂ ਨੂੰ ਸੌਂਪਿਆ

Wednesday, Sep 13, 2017 - 08:48 AM (IST)

ਅੰਮ੍ਰਿਤਸਰ - ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖਾਲਸਾ, ਭਾਈ ਤਰਲੋਕ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਮੇਜਰ ਸਿੰਘ ਤੇ ਭਾਈ ਮੰਗਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸੰਗਤ ਸਾਹਿਬ ਪਿੰਡ ਡਾਲਾ (ਮੋਗਾ) ਵਿਖੇ ਅੰਮ੍ਰਿਤ ਸੰਚਾਰ ਸਮੇਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 24 ਸਤੰਬਰ 2015 ਨੂੰ ਬਿਨਾਂ ਮੰਗੇ, ਬਿਨਾਂ ਪੇਸ਼ ਹੋਏ ਮੁਆਫੀ ਦੇਣ ਵਾਲੇ ਪੰਜ ਜਥੇਦਾਰਾਂ 'ਚੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਪੰਜ ਪਿਆਰੇ ਸਾਹਿਬਾਨ ਅੱਗੇ ਪੇਸ਼ ਹੋਏ। ਇਨ੍ਹਾਂ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 21 ਅਕਤੂਬਰ 2015 ਨੂੰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ, ਜੋ ਉਸ ਸਮੇਂ ਪੇਸ਼ ਨਹੀਂ ਹੋਏ।
ਅੱਜ ਤਕਰੀਬਨ 2 ਸਾਲ ਦਾ ਸਮਾਂ ਬੀਤ ਜਾਣ 'ਤੇ ਗਿ. ਗੁਰਮੁੱਖ ਸਿੰਘ ਨੇ ਆਪਣਾ ਸਪੱਸ਼ਟੀਕਰਨ ਲਿਖਤੀ ਤੌਰ 'ਤੇ ਦਿੱਤਾ, ਜੋ ਕਿ ਪੰਜ ਪਿਆਰਿਆਂ ਨੇ ਗੁਰੂ-ਜੁਗਤਿ ਅਨੁਸਾਰ ਪ੍ਰਵਾਨ ਕਰ ਲਿਆ ਪਰ ਇਹ ਪੰਥ ਦਾ ਇਕ ਅਹਿਮ ਮਸਲਾ ਹੈ, ਇਸ ਕਰ ਕੇ ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ, ਸਰਵਉੱਚਤਾ, ਪ੍ਰਭੂਸੱਤਾ ਅਤੇ ਮੀਰੀ-ਪੀਰੀ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰਮਤਿ ਦੀ ਰੌਸ਼ਨੀ ਵਿਚ ਦੀਰਘ ਵਿਚਾਰ ਕਰ ਕੇ ਹੀ ਅਗਲਾ ਫੈਸਲਾ ਆਉਣ ਵਾਲੇ ਦਿਨਾਂ ਵਿਚ ਦਿੱਤਾ ਜਾਵੇਗਾ।  


Related News