ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ
Sunday, Jun 05, 2022 - 11:59 AM (IST)
ਅੰਮ੍ਰਿਤਸਰ (ਸਰਬਜੀਤ) :ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਅਤੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵਲੋਂ ਸੰਗਰੂਰ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ. ਵਿਰਸਾ ਸਿੰਘ ਵਲਟੋਹਾ, ਗੁਲਜ਼ਾਰ ਸਿੰਘ ਰਣੀਕੇ, ਭਾਈ ਰਾਮ ਸਿੰਘ, ਭਾਈ ਕਰਨੈਲ ਸਿੰਘ ਪੀਰ ਮੁਹੰਮਦ, ਗੁਰਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ। ਬੀਬੀ ਰਾਜੋਆਣਾ ਵਲੋਂ ਮੱਥਾ ਟੇਕਣ ਉਪਰੰਤ ਆਪਣੀ ਜਿੱਤ ਲਈ ਅਰਦਾਸ ਕੀਤੀ ਗਈ । ਇਸ ਮੌਕੇ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਸ਼ਿਵ ਯਾਦਗਾਰੀ, ਹਰਿੰਦਰਪਾਲ ਸਿੰਘ, ਰਣਧੀਰ ਸਿੰਘ ਨੇ ਸਿਰੋਪਾ ਮਾਡਲ ਦੇ ਕੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਵੀ ਮੱਥਾ ਟੇਕਿਆ ਅਤੇ 1984 ਦੇ ਦੌਰਾਨ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਦੇ ਦਰਸ਼ਨ ਵੀ ਕੀਤੇ।
ਇਹ ਵੀ ਪੜ੍ਹੋ- ਅਹਿਮ ਖ਼ਬਰ : ਅਕਾਲੀ ਦਲ ਨੇ ਕਮਲਦੀਪ ਕੌਰ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ
ਜ਼ਿਕਰਯੋਗ ਹੈ ਕਿ ਬੀੇਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਸੰਸਦੀ ਜ਼ਿਮਨੀ ਚੋਣ ਲਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ-ਬਸਪਾ ਅਤੇ ਸਮੂਹ ਪੰਥਕ ਜਥੇਬੰਦੀਆਂ ਦਾ ਸਾਂਝਾ ਉਮੀਦਵਾਰ ਐਲਾਨ ਦਿੱਤਾ ਸੀ। ਇਸ ਵਾਰ ਕਮਲਦੀਪ ਕੌਰ ਰਾਜੋਆਣਾ ਸੰਗਰੂਰ ਜ਼ਿਮਨੀ ਚੋਣਾਂ 'ਚ ਉਤਰੇਗੀ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕੇ ਦਿੱਤੀ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਵਿਚਾਰ ਕਰਨ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ਲੜਨ ਨੂੰ ਸਹਿਮਤੀ ਦੇ ਦਿੱਤੀ ਸੀ।
ਇਹ ਵੀ ਪੜ੍ਹੋ- ਰਾਜੋਆਣਾ ਦੀ ਭੈਣ ਨੂੰ ਸੰਗਰੂਰ ਤੋਂ ਜ਼ਿਮਨੀ ਚੋਣ ਲੜਾਉਣ ਲਈ ਮਨਾਉਣ ਪੁੱਜੇ ਅਕਾਲੀ ਆਗੂ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।