GST ਚੋਰੀ ਕਰਨ ਸਣੇ ਕਈ ਮਾਮਲਿਆਂ ''ਚ ਨਾਮਜ਼ਦ ਰਜਨੀਸ਼ ਗਰਗ ਦਿੱਲੀ ਹਵਾਈ ਅੱਡੇ ਤੋਂ ਕਾਬੂ

Wednesday, Aug 07, 2019 - 09:49 AM (IST)

ਅਬੋਹਰ (ਜ. ਬ.) - ਕਰੋੜਾਂ ਦੀ ਜੀ. ਐੱਸ. ਟੀ. ਚੋਰੀ ਦੇ ਮਾਮਲੇ 'ਚ ਈ. ਡੀ. ਅਤੇ ਕੇਂਦਰੀ ਏਜੰਸੀਆਂ ਤੋਂ ਇਲਾਵਾ ਧੋਖਾਦੇਹੀ ਦੇ 2 ਮਾਮਲਿਆਂ 'ਚ ਨਾਮਜ਼ਦ ਰਜਨੀਸ਼ ਗਰਗ ਨੂੰ ਅੱਜ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਿੱਲੀ ਤੋਂ ਕਾਬੂ ਕਰ ਲਿਆ ਗਿਆ ਹੈ। ਸੂਚਨਾ ਮਿਲਣ 'ਤੇ ਅਬੋਹਰ ਪੁਲਸ ਰਜਨੀਸ਼ ਗਰਗ ਨੂੰ ਲੈਣ ਲਈ ਰਵਾਨਾ ਹੋ ਗਈ। ਜਾਣਕਾਰੀ ਅਨੁਸਾਰ ਮੂਲ ਰੂਪ ਤੋਂ ਅਬੋਹਰ ਨਿਵਾਸੀ ਅਤੇ ਹਾਲ ਆਬਾਦ ਦਿੱਲੀ ਨਿਵਾਸੀ ਰਜਨੀਸ਼ ਗਰਗ ਅਤੇ ਉਸ ਦੇ ਭਰਾ ਵਿਸ਼ਨੂ ਗੁਪਤਾ ਪੁੱਤਰ ਮਹਿੰਦਰ ਕੁਮਾਰ 'ਤੇ ਨਗਰ ਥਾਣਾ ਨੰਬਰ 1 'ਚ ਅਮਿਤ ਮੁੰਜਾਲ ਨਿਵਾਸੀ ਮਾਡਲ ਟਾਊਨ ਨੇ ਮਾਮਲਾ ਦਰਜ ਕਰਵਾਉਂਦੇ ਹੋਏ ਦੋਸ਼ ਲਾਇਆ ਸੀ ਕਿ ਰਜਨੀਸ਼ ਗਰਗ ਨੇ ਦਿੱਲੀ ਸਥਿਤ ਪੀ. ਐੱਨ. ਬੀ. 'ਚ ਉਸ ਦਾ ਖਾਤਾ ਖੁੱਲ੍ਹਵਾ ਕੇ ਅਤੇ ਖਾਲੀ ਚੈੱਕਾਂ 'ਤੇ ਦਸਤਖਤ ਕਰਵਾ ਕੇ ਉਸ ਦੇ ਖਾਤੇ 'ਚੋਂ ਕਰੋੜਾਂ ਰੁਪਏ ਦਾ ਲੈਣ-ਦੇਣ ਕਰ ਲਿਆ। ਇਨਕਮ ਟੈਕਸ ਵਿਭਾਗ ਦਾ 2 ਕਰੋੜ 3 ਲੱਖ ਰੁਪਏ ਦੀ ਰਿਕਵਰੀ ਦਾ ਨੋਟਿਸ ਮਿਲਣ 'ਤੇ ਪੂਰੇ ਮਾਮਲੇ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕਰਦੇ ਹੋਏ ਰਜਨੀਸ਼ ਗਰਗ ਅਤੇ ਵਿਸ਼ਨੂ ਗੁਪਤਾ 'ਤੇ ਨਗਰ ਥਾਣਾ ਨੰਬਰ 1 'ਚ ਵੱਖ-ਵੱਖ ਧਾਰਾਵਾਂ ਤਹਿਤ 19-12-2018 ਨੂੰ ਮਾਮਲਾ ਦਰਜ ਕਰਵਾਇਆ ਸੀ।

ਇਸੇ ਤਰ੍ਹਾਂ ਦੀਪਕ ਕੁਮਾਰ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਦੋਸ਼ ਲਾਇਆ ਸੀ ਕਿ ਰਜਨੀਸ਼ ਗਰਗ ਅਤੇ ਵਿਸ਼ਨੂ ਗੁਪਤਾ ਨੇ ਉਸ ਦਾ ਖਾਤਾ ਖੁੱਲ੍ਹਵਾ ਕੇ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਹੈ। ਪੁਲਸ ਨੇ ਜਾਂਚ ਤੋਂ ਬਾਅਦ 19-6-2018 ਨੂੰ ਵੱਖ-ਵਖ ਧਾਰਾਵਾਂ ਤਹਿਤ ਨਗਰ ਥਾਣਾ ਨੰਬਰ 1 'ਚ ਮਾਮਲਾ ਦਰਜ ਕੀਤਾ ਸੀ। ਜ਼ਿਕਰਯੋਗ ਹੈ ਕਿ ਉਕਤ ਦੋਵੇਂ ਭਰਾ ਇਕ ਸਾਜ਼ਿਸ਼ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਝਾਂਸਾ ਦੇ ਕੇ ਦਿੱਲੀ ਵਿਚ ਉਨ੍ਹਾਂ ਦੇ ਬੈਂਕ ਖਾਤੇ ਖੁੱਲ੍ਹਵਾਉਂਦੇ ਸਨ ਅਤੇ ਉਨ੍ਹਾਂ 'ਚ ਕਰੋੜਾਂ ਰੁਪਏ ਦਾ ਜੀ. ਐੱਸ. ਟੀ. ਚੋਰੀ ਕਰ ਕੇ ਲੈਣ-ਦੇਣ ਕਰਦੇ ਸਨ। ਬੇਰੋਜ਼ਗਾਰ ਨੌਜਵਾਨਾਂ ਨੂੰ ਖਾਤਾ ਖੁੱਲ੍ਹਵਾਉਣ ਲਈ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ। ਭੇਤ ਖੁੱਲ੍ਹਣ ਤੋਂ ਬਾਅਦ ਜੀ. ਐੱਸ. ਟੀ. ਚੋਰੀ ਕਰ ਨ ਦਾ ਮਾਮਲਾ ਸਾਹਮਣੇ ਆਇਆ। ਨਗਰ ਥਾਣਾ ਨੰਬਰ 1 ਵਿਚ ਮਾਮਲਾ ਦਰਜ ਹੋਣ ਤੋਂ ਬਾਅਦ ਦੋਵੇਂ ਭਰਾ ਫਰਾਰ ਚੱਲ ਰਹੇ ਸਨ। ਰਜਨੀਸ਼ ਗਰਗ ਅੱਜ ਭੂਟਾਨ ਜਾਣ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਿਚਆ ਸੀ, ਜਿਥੇ ਦਿੱਲੀ ਪੁਲਸ ਨੇ ਉਸ ਨੂੰ ਕਾਬੂ ਕਰ ਕੇ ਅਬੋਹਰ ਪੁਲਸ ਨੂੰ ਜਾਣਕਾਰੀ ਦਿੱਤੀ। ਰਜਨੀਸ਼ ਗਰਗ ਨੂੰ ਕਾਬੂ ਕਰਨ ਦੀ ਪੁਸ਼ਟੀ ਡੀ. ਐੱਸ. ਪੀ. ਅਬੋਹਰ ਕੁਲਦੀਪ ਸਿੰਘ ਭੁੱਲਰ ਨੇ ਕਰਦੇ ਹੋਏ ਕਿਹਾ ਕਿ ਇਕ ਟੀਮ ਬਣਾ ਕਰ ਦਿੱਲੀ ਭੇਜ ਦਿੱਤੀ ਗਈ ਹੈ। 
ਸੰਭਾਵਨਾ ਹੈ ਕਿ ਕੱਲ ਤੱਕ ਰਜਨੀਸ਼ ਨੂੰ ਅਬੋਹਰ ਲਿਆਂਦਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਵੱਡੇ ਪੈਮਾਨੇ 'ਤੇ ਜੀ.ਐੱਸ.ਟੀ. ਚੋਰੀ ਕਰਨ ਵਾਲੇ ਕੁਝ ਲੋਕ ਅਬੋਹਰ ਵਿਚ ਰਜਨੀਸ਼ ਗਰਗ ਦੇ ਹਮਾਇਤੀਆਂ ਨਾਲ ਮਿਲ ਕੇ ਧੰਦਾ ਕਰ ਰਹੇ ਹਨ। ਬੀਤੇ ਸਾਲ ਇੰਫੋਰਸਮੈਂਟ ਵਿਭਾਗ ਅਤੇ ਜੀ.ਐੱਸ.ਟੀ. ਵਿਜੀਲੈਂਸ ਦੀ ਇਕ ਟੀਮ ਨੇ ਅਬੋਹਰ ਵਿਚ ਦਬਿਸ਼ ਦੇ ਕੇ ਰਜਨੀਸ਼ ਦੇ 2 ਕਰੀਬੀਆਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਕਿ ਜੈਪੁਰ ਜੇਲ 'ਚ ਬੰਦ ਹਨ। ਅਬੋਹਰ ਪੁਲਸ ਵੱਲੋਂ ਰਜਨੀਸ਼ ਦੀ ਗ੍ਰਿਫਤਾਰੀ ਤੋਂ ਬਾਅਦ ਜੀ. ਐੱਸ. ਟੀ. ਚੋਰੀ ਦਾ ਕੰਮ ਕਰਨ ਵਾਲੇ ਹੋਰ ਵੀ ਸਫੇਦਪੋਸ਼ ਲੋਕਾਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।


rajwinder kaur

Content Editor

Related News