ਰਵਨੀਤ ਬਿੱਟੂ ਦੇ ਘਰ ਬਾਹਰ ਧਰਨੇ ''ਤੇ ਬੈਠੇ ''ਸ਼ਿਵ ਸੈਨਾ ਪ੍ਰਧਾਨ'', ਜਾਣੋ ਪੂਰਾ ਮਾਮਲਾ

7/25/2020 3:56:03 PM

ਲੁਧਿਆਣਾ (ਨਰਿੰਦਰ) : ਨਿੱਜੀ ਸਕੂਲਾਂ ਵੱਲੋਂ ਫ਼ੀਸਾਂ ਦੀ ਲਗਾਤਾਰ ਮੰਗ ਦੇ ਖਿਲਾਫ਼ ਵਿਰੋਧ ਜ਼ਾਹਰ ਕਰ ਰਹੇ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਵੱਲੋਂ ਸ਼ਨੀਵਾਰ ਨੂੰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਘਰ ਬਾਹਰ ਧਰਨਾ ਲਾਇਆ ਗਿਆ। ਇਸ ਮੌਕੇ ਰਾਜੀਵ ਟੰਡਨ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਲੋਕ ਸਭਾ ਚੋਣਾਂ ਦੇ ਸਮੇਂ 24 ਘੰਟੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਸਕੂਲ ਫ਼ੀਸਾਂ ਦੇ ਮਾਮਲੇ 'ਤੇ ਚੁੱਪ ਕਿਉਂ ਹਨ।

ਇਸ ਮੌਕੇ ਰਾਜੀਵ ਟੰਡਨ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਸਬੰਧੀ ਆਰਡੀਨੈਂਸ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵੱਲੋਂ ਸਿਰਫ 500 ਰੁਪਿਆ ਫੀਸ ਹੀ ਵਸੂਲਣ ਦੇ ਨਿਰਦੇਸ਼ ਦਿੱਤੇ ਜਾਣ। ਰਾਜੀਵ ਟੰਡਨ ਨੇ ਕਿਹਾ ਕਿ ਹਰ ਮੁੱਦੇ 'ਤੇ ਲਾਈਵ ਹੋ ਕੇ ਬੋਲਣ ਵਾਲੇ ਰਵਨੀਤ ਬਿੱਟੂ ਸਕੂਲ ਫ਼ੀਸਾਂ ਦੇ ਮਾਮਲੇ 'ਤੇ ਚੁੱਪ ਕਿਉਂ ਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਅੱਜ ਸਕੂਲ ਮਾਫੀਆ ਖਿਲਾਫ਼ ਲਾਏ ਗਏ ਧਰਨੇ 'ਚ ਆ ਕੇ ਬੈਠਣ ਅਤੇ ਨਾਲ ਹੀ ਇਸ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਆਵਾਜ਼ ਬੁਲੰਦ ਕਰਨ ਤਾਂ ਜੋ ਇਸ ਮਸਲੇ ਦਾ ਹੱਲ ਕੱਢਿਆ ਜਾ ਸਕੇ।


 


Babita

Content Editor Babita