ਰਜਿੰਦਰਾ ਹਸਪਤਾਲ ਨੂੰ ਛੇਤੀ ਹੀ ਮਿਲਣਗੇ 100 ਕਰੋੜ ਰੁਪਏ : ਬ੍ਰਹਮ ਮਹਿੰਦਰਾ

Sunday, Jun 11, 2017 - 07:40 AM (IST)

ਰਜਿੰਦਰਾ ਹਸਪਤਾਲ ਨੂੰ ਛੇਤੀ ਹੀ ਮਿਲਣਗੇ 100 ਕਰੋੜ ਰੁਪਏ : ਬ੍ਰਹਮ ਮਹਿੰਦਰਾ

ਪਟਿਆਲਾ  (ਰਾਜੇਸ਼) - ਪੰਜਾਬ ਸਰਕਾਰ ਦੇ ਸਿਹਤ ਅਤੇ ਮੈਡੀਕਲ ਐਜੂਕੇਸ਼ਨ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਪੰਜਾਬ ਟੂਡੇ ਫਾਉੂਂਡੇਸ਼ਨ ਵੱਲੋਂ ਕਰਵਾਏ ਗਏ ਇਕ ਸੈਮੀਨਾਰ 'ਚ ਕਿਹਾ ਕਿ ਪਟਿਆਲਾ ਸ਼ਹਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਜੱਦੀ ਸ਼ਹਿਰ ਹੈ ਅਤੇ ਉਨ੍ਹਾਂ ਦਾ ਆਪਣਾ ਸ਼ਹਿਰ ਵੀ ਪਰ ਮਾਲਵਾ ਖੇਤਰ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਇਥੋਂ ਦੇ ਰਾਜਿੰਦਰਾ ਹਸਪਤਾਲ ਮੈਡੀਕਲ ਕਾਲਜ ਦੀ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਹੈ ਅਜਿਹੇ 'ਚ ਇਸ ਹਸਪਤਾਲ ਨੂੰ ਇਕ ਵਾਰ ਫਿਰ ਮਿਆਰੀ ਸਿਹਤ ਕੇਂਦਰ ਬਣਾਉਣ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗੁਜ਼ਾਰਿਸ਼ ਕਰਨ ਜਾ ਰਹੇ ਹਨ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ ਘੱਟੋ-ਘੱਟ 100 ਕਰੋੜ ਰੁਪਏ ਦੀ ਮਾਲੀ ਸਹਾਇਤਾ ਤੁਰੰਤ ਮੁਹੱਈਆ ਕਰਵਾਈ ਜਾਵੇ। ਸ਼੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸੇ ਬਜਟ ਵਿਚ 100 ਕਰੋੜ ਰੁਪਏ ਦਾ ਉਪਰਾਲਾ ਕਰ ਦਿੱਤਾ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਉਨ੍ਹਾਂ ਆਪਣੇ ਲੁਧਿਆਣਾ ਸ਼ਹਿਰ ਦਾ ਦੌਰਾ ਕਰਨ ਮੌਕੇ ਡੀ. ਐੱਮ. ਸੀ. ਅਤੇ ਸੀ. ਐੱਮ. ਸੀ. ਹਸਪਤਾਲਾਂ ਦੇ ਸੁਪਰ ਸਪੈਸ਼ਲਿਟੀ ਡਾਕਟਰਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ 2 ਏ. ਸੀ. ਕਮਰੇ ਰਿਜ਼ਵਰ ਕਰ ਦਿੱਤੇ ਹਨ। ਇਸ ਲਿਸਟ ਅਨੁਸਾਰ ਉਹ ਵੱਖ-ਵੱਖ ਦਿਨ ਮਰੀਜ਼ਾਂ ਨੂੰ ਦੇਖਣਗੇ। ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਸੇ ਤਰ੍ਹਾਂ ਬਠਿੰਡਾ ਦੇ ਸਰਕਾਰੀ ਹਸਪਤਾਲਾਂ 'ਚ ਮੈਕਸ ਹੈਲਥ ਕੇਅਰ ਹਸਪਤਾਲ ਦੇ ਸੁਪਰ ਸਪੈਸ਼ਲਿਟੀ ਡਾਕਟਰਾਂ ਦੀਆਂ ਸੇਵਾਵਾਂ ਮਿਲਣੀਆਂ ਸ਼ੁਰੂ ਕਰਵਾ ਦਿੱਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਨੇ ਡਾਕਟਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਚੰਗੀ ਸਲਾਹ ਅਤੇ ਵਧੀਆ ਯੋਜਨਾਬੰਦੀ ਦੀ ਲੋੜ ਹੈ। ਜੇਕਰ ਕਿਸੇ ਕੋਲ ਸਿਹਤ ਮਹਿਕਮੇ ਦੀ ਬੇਹਤਰੀ ਲਈ ਸੁਝਾਅ ਹੈ ਤਾਂ ਉਹ ਉਨ੍ਹਾਂ ਨੂੰ ਕਿਸੇ ਵੀ ਸਮੇਂ ਆ ਕੇ ਮਿਲ ਸਕਦਾ ਹੈ।
ਪੰਜਾਬ ਟੂਡੇ ਫਾਊਂਡੇਸ਼ਨ ਦੇ ਕੰਵਰ ਮਨਜੀਤ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਇੰਜੀ. ਬਾਬੂ ਰਾਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਜਦੋਂ ਪ੍ਰਬੰਧਕ ਨੂੰ ਡਾਕਟਰਾਂ ਖਿਲਾਫ ਬੋਲਣਾ ਪਿਆ ਮਹਿੰਗਾ
ਸੈਮੀਨਾਰ ਦੌਰਾਨ ਸਥਿਤੀ ਉਸ ਸਮੇਂ ਹੈਰਾਨੀਜਨਕ ਹੋ ਗਈ ਜਦੋਂ ਸੈਮੀਨਾਰ ਦੇ ਮੁੱਖ ਪ੍ਰਬੰਧਕ ਵਲੋਂ ਆਪਣੇ ਭਾਸ਼ਣ ਦੌਰਾਨ ਡਾਕਟਰ ਭਾਈਚਾਰੇ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਗਈ। ਡਾਕਟਰਾਂ ਨੇ ਇਸ ਟਿੱਪਣੀ ਦਾ ਬੁਰਾ ਮਨਾਇਆ ਅਤੇ ਦਿਲ ਦੇ ਰੋਗਾਂ ਦੇ ਮਾਹਰ ਡਾ. ਸੁਧੀਰ ਵਰਮਾ ਸਮੇਤ ਕਈ ਸੀਨੀਅਰ ਡਾਕਟਰ ਉੱਠ ਕੇ ਚਲੇ ਗਏ, ਜਿਸ ਤੋਂ ਬਾਅਦ ਟਿੱਪਣੀ ਕਰਨ ਵਾਲੇ ਕੰਵਰ ਮਨਜੀਤ ਸਿੰਘ ਨੇ ਸਮੁੱਚੇ ਡਾਕਟਰ ਭਾਈਚਾਰੇ ਤੋਂ ਮੁਆਫੀ ਮੰਗੀ। ਸਿਹਤ ਮੰਤਰੀ ਨੇ ਵੀ ਡਾਕਟਰਾਂ ਦਾ ਪੱਖ ਲਿਆ, ਜਿਸ ਤੋਂ ਬਾਅਦ ਮਾਹੌਲ ਸ਼ਾਂਤ ਹੋਇਆ ਅਤੇ ਡਾ. ਸੁਧੀਰ ਵਰਮਾ ਸਮੇਤ ਸਮੁੱਚੇ ਡਾਕਟਰ ਵਾਪਸ ਆਏ।


Related News