ਬੇਲੋੜੇ ਬਿਆਨ ਦੇਣਾ ਬੀਬੀ ਰਾਜਿੰਦਰ ਕੌਰ ਭੱਠਲ ਦੀ ਘਬਰਾਹਟ ਦੀ ਨਿਸ਼ਾਨੀ : ਢੀਂਡਸਾ
Sunday, Dec 12, 2021 - 06:43 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਾਂਗਰਸ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਬਿਆਨਾਂ ਉੱਪਰ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਹਲਕੇ ਅੰਦਰ ਹੋਈਆਂ ਮੀਟਿੰਗਾਂ ਦੇ ਇਕੱਠ ਨਾਲ ਰੈਲੀਆਂ ਦਾ ਰੂਪ ਧਾਰ ਜਾਣ ਕਾਰਨ ਪੈਦਾ ਹੋਈ ਬੀਬੀ ਭੱਠਲ ਦੀ ਘਬਰਾਹਟ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਸਾਡੇ ਵਰਕਰਾਂ ਤੇ ਹਮਾਇਤੀਆਂ ਵਿਚ ਹੋਰ ਉਤਸ਼ਾਹ ਭਰਨ ਦਾ ਕੰਮ ਕਰਨਗੇ ਕਿਉਂਕਿ ਲੋਕ ਬਾਖੂਬੀ ਜਾਣਦੇ ਹਨ ਕਿ ਬਿਨ੍ਹਾਂ ਤੱਥਾਂ ਦਲੀਲਾਂ ਦੇ ਲਾਏ ਅਧਾਰਹੀਣ ਦੋਸ਼ਾਂ ਦਾ ਅਸਲ ਮੰਤਵ ਕੀ ਹੈ?
ਢੀਂਡਸਾ ਨੇ ਕਿਹਾ ਕਿ ਮੈਂ ਸਿਆਸਤ ਅੰਦਰ ਪੈਰ ਧਰਦਿਆਂ ਹੀ ਸਮਝ ਲਿਆ ਸੀ ਕਿ ਭਲਾਈ ਦੇ ਕਾਰਜ, ਵਿਕਾਸ ਤੇ ਸੇਵਾ ਕੋਈ ਪਛਾਣ ਨਹੀਂ ਹੈ ਸਗੋਂ ਸਾਡਾ ਫਰਜ਼ ਹੈ। ਜੇਕਰ ਕਾਂਗਰਸ ਦੇ ਆਗੂ ਅਜੇ ਤੱਕ ਵੀ ਇਹ ਨਹੀਂ ਸਮਝ ਸਕੇ ਤਾਂ ਇਸ ਵਿਚ ਕਿਸੇ ਦਾ ਕੀ ਕਸੂਰ ਹੈ। ਭੱਠਲ ਨੇ ਕਿਹਾ ਸੀ ਕਿ ਉਨ੍ਹਾਂ (ਢੀਂਡਸਾ) ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵਿਕਾਸ ਕਾਰਜ ਨਹੀਂ ਕਰਵਾਏ ਹਨ ਅਤੇ ਢੀਂਡਸਾ ਪਰਿਵਾਰ ਨੇ ਆਪਣੇ ਆਮਦਨ ਤੋਂ ਵੱਧ ਪ੍ਰਾਪਰਟੀ ਬਣਾਈ ਅਤੇ ਫੰਡਾਂ ਦੀ ਦੁਰ ਵਰਤੋਂ ਕਰਨ ਦੇ ਦੋਸ਼ ਵੀ ਲਗਾਏ। ਇਸ ’ਤੇ ਉਨ੍ਹਾਂ ਬੀਬੀ ਭੱਠਲ ਨੂੰ ਹਲਕੇ ਦੇ ਪਛੜੇਪਣ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਲਹਿਰਾ ਹਲਕੇ ਦੇ ਲੋਕ ਜਾਣਦੇ ਹਨ ਕਿ ਵਿਕਾਸ ਕਾਰਜ ਕਿਸਨੇ ਕਰਵਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਸਰਕਾਰ ਨਾ ਹੁੰਦਿਆਂ ਵੀ 10 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਚਾਰ ਸਾਲਾਂ ਅੰਦਰ ਕਰਵਾਏ ਹਨ ਜਦਕਿ ਬੀਬੀ ਭੱਠਲ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਹੁੰਦਿਆਂ ਵੀ ਇਕ ਕਰੋੜ ਰੁਪਿਆ ਵਿਕਾਸ ਕਾਰਜਾਂ ਉੱਪਰ ਨਹੀਂ ਲਵਾ ਸਕੇ।