ਢੀਂਡਸਾ ਪਿਉ-ਪੁੱਤ ਵੀ ਬਾਦਲ ਪਿਉ-ਪੁੱਤ ਜਿੰਨੇ ਸਿੱਖ ਪੰਥ ਦੇ ਦੋਖੀ - ਭੱਠਲ

01/14/2020 6:57:33 PM

ਲਹਿਰਾਗਾਗਾ (ਗਰਗ)— ਅਕਾਲੀ-ਭਾਜਪਾ ਸਰਕਾਰ ਦੌਰਾਨ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਥਾਂ-ਥਾਂ ਵਾਪਰੀਆਂ ਘਟਨਾਵਾਂ ਸਮੇਂ ਸੱਤਾ ਦਾ ਸੁੱਖ ਭੋਗਣ ਵਾਲੇ 4 ਸਾਲਾਂ ਬਾਅਦ ਮਗਰਮੱਛ ਵਾਲੇ ਹੰਝੂ ਵਹਾਉਣ ਲੱਗੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਬਲਾਕ ਲਹਿਰਾ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਸੌਂਪਣ ਦੌਰਾਨ ਕੀਤਾ। ਅਕਾਲੀ ਦਲ 'ਚੋਂ ਬਗ਼ਾਵਤ ਕਰ ਚੁੱਕੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਅੰਦਰ ਥਾਂ-ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਤਾਂ ਪਿਉ ਰਾਜ ਸਭਾ 'ਚੋਂ ਭੱਤੇ ਲੈਂਦਾ ਰਿਹਾ ਅਤੇ ਪੁੱਤ ਪੰਜਾਬ ਦਾ ਖਜ਼ਾਨਾ ਲੁੱਟਦਾ ਰਿਹਾ। ਹੁਣ ਜਦੋਂ ਪਤਾ ਲੱਗਿਆ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਦਿਲਾਂ 'ਚੋਂ ਵਿਸਾਰ ਦਿੱਤਾ ਹੈ ਤਾਂ ਪਾਸੇ ਨਿਕਲਣ ਦੀਆਂ ਗੱਲਾਂ ਕਰ ਰਹੇ ਹਨ ਪਰ ਲੋਕ ਜਾਣਦੇ ਹਨ ਕਿ ਢੀਂਡਸਾ ਪਿਉ-ਪੁੱਤ ਵੀ ਬਾਦਲ ਪਿਉ-ਪੁੱਤ ਜਿੰਨੇ ਹੀ ਸਿੱਖ ਧਰਮ ਦੇ ਦੋਖੀ ਹਨ, ਜਿਸ ਕਰਕੇ ਪੰਜਾਬ ਦੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। 

ਉਨ੍ਹਾਂ ਹਲਕੇ ਦੇ ਵਿਕਾਸ ਬਾਰੇ ਬੋਲਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਖਜ਼ਾਨਾ ਮੰਤਰੀ ਰਿਹਾ ਪਰਮਿੰਦਰ ਢੀਂਡਸਾ ਹਲਕੇ ਦੇ ਵਿਕਾਸ ਕਾਰਜ ਕਰਵਾਉਣ ਦੀ ਬਜਾਏ ਮੇਰੇ ਵੱਲੋਂ ਪਿੰਡ ਮੰਡਵੀ ਵਿਖੇ ਲਿਆਂਦੇ ਵੱਡੇ ਕਾਰਖਾਨੇ ਲਈ ਐੱਨ. ਓ. ਸੀ. ਰੁਕਵਾ ਕੇ ਹਲਕੇ ਦੇ ਵਿਕਾਸ ਕਾਰਜਾਂ 'ਚ ਰੋੜਾ ਬਣਿਆ। ਉਨ੍ਹਾਂ ਕਿਹਾ ਕਿ ਭਾਵੇਂ ਤੁਸੀਂ ਮੈਨੂੰ ਤਾਕਤ ਨਹੀਂ ਬਖਸ਼ੀ ਪਰ ਮੈਂ ਆਖਰੀ ਦਮ ਤੱਕ ਹਲਕੇ ਦੇ ਵਿਕਾਸ ਕਾਰਜਾਂ ਲਈ ਤਤਪਰ ਰਹਾਂਗੀ। ਇਸ ਦੌਰਾਨ ਬੀਬੀ ਭੱਠਲ ਨੂੰ ਵੱਖ-ਵੱਖ ਪੰਚਾਇਤਾਂ ਵੱਲੋਂ ਸਨਮਾਨਤ ਵੀ ਕੀਤਾ ਗਿਆ। ਇਸ ਦੌਰਾਨ ਬੀਬੀ ਭੱਠਲ ਵੱਲੋਂ ਬਲਾਕ ਲਹਿਰਾ ਦੇ 29 ਪਿੰਡਾਂ ਵਿਖੇ ਵਿਕਾਸ ਕਾਰਜਾਂ ਲਈ ਕੁਲ 1 ਕਰੋੜ 30 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ।


Gurminder Singh

Content Editor

Related News