ਪਦਮਸ਼੍ਰੀ ਰਾਜਿੰਦਰ ਗੁਪਤਾ ਦੂਜੀ ਵਾਰ ਸਰਬਸੰਮਤੀ ਨਾਲ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ

10/04/2019 9:40:58 PM

ਬਰਨਾਲਾ/ਚੰਡੀਗੜ੍ਹ (ਵਿਵੇਕ ਸਿੰਧਵਾਨੀ, ਗੋਇਲ, ਲਲਨ)- ਮੋਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ ਦੇ ਧਰੁਵ ਪੰਡਵ ਹਾਲ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ 71ਵੀਂ ਸਾਲਾਨਾ ਜਨਰਲ ਬਾਡੀ ਮੀਟਿੰਗ ਹੋਈ, ਜਿਸ ਵਿਚ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਤੇ ਯੋਜਨਾ ਬੋਰਡ ਦੇ ਪੰਜਾਬ ਦੇ ਵਾਈਸ ਚੇਅਰਮੈਨ ਪਦਮਸ਼੍ਰੀ ਰਾਜਦਿੰਰ ਗੁਪਤਾ ਨੂੰ ਅੱਜ ਲਗਾਤਾਰ ਦੂਜੀ ਵਾਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਸਰਬਸੰਮਤੀ ਨਾਲ ਮੁਖੀ ਚੁਣ ਲਿਆ ਗਿਆ ਹੈ।
ਹਰਿਆਣਾ ਦੇ ਸਾਬਕਾ ਸਟੇਟ ਇਲੈਕਸ਼ਨ ਕਮਿਸ਼ਨਰ ਰਾਜੀਵ ਸ਼ਰਮਾ ਦੀ ਅਗਵਾਈ ਵਿਚ ਪੀ. ਸੀ. ਏ. ਨੇ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਰਾਜੀਵ ਸ਼ਰਮਾ ਨੇ ਦੱਸਿਆ ਕਿ ਸਾਰੇ ਅਹੁਦਿਆਂ ਲਈ ਇਕ-ਇਕ ਹੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਜਾਂਚ ਦੌਰਾਨ ਸਾਰਿਆਂ ਦੇ ਨਾਮਜ਼ਦਗੀ ਪੱਤਰ ਕਾਨੂੰਨੀ ਰੂਪ ਨਾਲ ਜਾਇਜ਼ ਪਾਏ ਗਏ। ਅਜਿਹੇ ਵਿਚ ਚੋਣ ਕਰਵਾਉਣ ਦੀ ਲੋੜ ਹੀ ਨਹੀਂ ਪਈ। ਇਸ ਤੋਂ ਇਲਾਵਾ ਏਪੈਕਸ ਕੌਂਸਲ ਤੇ ਆਫਿਸ ਅਹੁਦੇਦਾਰਾਂ ਨੂੰ ਵੀ ਸਰਬਸੰਮਤੀ ਨਾਲ ਚੁਣ ਲਿਆ ਗਿਆ। ਇਹ ਨਵੀਂ ਕਾਰਜਕਾਰਨੀ 3 ਸਾਲ ਤੱਕ ਰਹੇਗੀ।
ਇਸ ਤੋਂ ਇਲਾਵਾ ਰਾਕੇਸ਼ ਰਾਠੌਰ ਵਾਈਸ ਪ੍ਰੈਜ਼ੀਡੈਂਟ, ਪੁਨੀਤ ਬਾਲੀ ਸਕੱਤਰ, ਸੁਰਜੀਤ ਰਾਏ ਜੁਆਇੰਟ ਸਕੱਤਰ ਤੇ ਰਾਮ ਪ੍ਰਕਾਸ਼ ਸਿੰਗਲਾ ਖਜ਼ਾਨਚੀ ਹੋਵੇਗਾ। ਪੀ. ਸੀ. ਏ. ਪ੍ਰਧਾਨ ਰਾਜਿੰਦਰ ਗੁਪਤਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਗੁਪਤਾ ਨੇ ਕਿਹਾ ਕਿ ਸਰਬਸੰਮਤੀ ਨੈਲ ਚੋਣਾਂ ਕਰਵਾ ਕੇ ਐਸੋਸੀਏਸ਼ਨ ਨੇ ਪੁਰਾਣੀ ਪਰਪੰਰਾ ਨੂੰ ਬਰਕਰਾਰ ਰੱਖਿਆ ਹੈ। ਅਸੀਂ ਸਾਰੇ ਕ੍ਰਿਕਟ ਨੂੰ ਪ੍ਰਮੋਟ ਕਰਨ ਲਈ ਇਕਜੁਟ ਹੋ ਕੇ ਕੰਮ ਕਰਾਂਗੇ। ਗੁਪਤਾ ਨੇ ਦੱਸਿਆ ਕਿ 23 ਅਕਤੂਬਰ ਨੂੰ ਮੁੰਬਈ ਵਿਚ ਹੋਣ ਵਾਲੀ ਬੀ. ਸੀ. ਸੀ. ਆਈ. ਦੀ ਸਾਲਾਨਾ ਮੀਟਿੰਗ 'ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਵਾਈਸ ਪ੍ਰੈਜ਼ੀਡੈਂਟ ਰਾਕੇਸ਼ ਰਾਠੌਰ ਹਿੱਸਾ ਲੈਣਗੇ। ਜ਼ਿਕਰਯੋਗ ਹੈ ਕਿ ਗੁਪਤਾ ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਹਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਪਿਛਲੇ 2 ਸਾਲਾਂ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ।
ਏਪੈਕਸ ਕਮੇਟੀ 'ਚ ਇਹ ਹਨ ਸ਼ਾਮਲ
ਸਰਬਸੰਮਤੀ ਨਾਲ ਚੁਣੀ ਗਈ ਏਪੈਕਸ ਕੌਂਸਲ ਵਿਚ ਦਲਜੀਤ ਸਿੰਘ  ਖੇਲਾ (ਹੁਸ਼ਿਆਰਪੁਰ ਜ਼ਿਲਾ ਕ੍ਰਿਕਟ ਸੰਘ), ਅਰੁਣ ਕੁਮਾਰ ਸ਼ਰਮਾ (ਲੁਧਿਆਣਾ ਜ਼ਿਲਾ ਕ੍ਰਿਕਟ ਸੰਘ), ਕਾਰਤੀਕੇ ਸਵਰੂਪ (ਫਿਰੋਜ਼ਪੁਰ ਜ਼ਿਲਾ ਕ੍ਰਿਕਟ ਸੰਘ), ਵਰਿੰਦਰਜੀਤ ਸਿੰਘ ਬਿਲਿੰਗ (ਪਟਿਆਲਾ ਕ੍ਰਿਕਟ ਐਸੋਸੀਏਸ਼ਨ), ਕਮਲ ਅਰੋੜਾ (ਮੋਗਾ ਜ਼ਿਲਾ ਕ੍ਰਿਕਟ ਸੰਘ), ਅਜੇ ਤਿਆਗੀ (ਮੋਹਾਲੀ ਕ੍ਰਿਕਟ ਐਸੋਸੀਏਸ਼ਨ) ਅਤੇ ਅਰਵਿੰਦ ਅਬਰੋਲ (ਕਪੂਰਥਲਾ ਜ਼ਿਲਾ ਕ੍ਰਿਕਟ ਸੰਘ) ਸ਼ਾਮਲ ਹਨ। ਮੀਟਿੰਗ ਦੌਰਾਨ 3 ਏਪੈਕਸ ਮੈਂਬਰਾਂ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਲਾਈਫ ਟਾਈਮ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ਵਿਚ ਰਾਕੇਸ਼ ਵਾਲੀਆ, ਡਾ. ਅਤੁਲ ਸਚਦੇਵ ਅਤੇ ਪ੍ਰੀਤ ਮੋਹਿੰਦਰ ਸਿੰਘ ਬੰਗਾ ਸ਼ਾਮਲ ਹਨ। ਇਸ ਤੋਂ ਇਲਾਵਾ ਕਲੱਬ, ਕਾਲਜ ਤੇ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਤੌਰ 'ਤੇ ਲੁਧਿਆਣਾ ਕ੍ਰਿਕਟ ਕਲੱਬ ਨਾਲ ਜੁੜੇ ਸੰਜੀਵ ਅਰੋੜਾ ਨੂੰ ਏਪੈਕਸ ਕਮੇਟੀ 'ਚ ਜਗ੍ਹਾ ਦਿੱਤੀ ਗਈ ਹੈ।


Gurdeep Singh

Content Editor

Related News