ਰਾਜਦੇਵ ਖਾਲਸਾ ਟਕਸਾਲੀ ਅਕਾਲੀ ਦਲ ਵਲੋਂ ਸੰਗਰੂਰ ਸੀਟ ਤੋਂ ਲੜ ਸਕਦੇ ਹਨ ਚੋਣ

Saturday, Jan 12, 2019 - 12:07 PM (IST)

ਰਾਜਦੇਵ ਖਾਲਸਾ ਟਕਸਾਲੀ ਅਕਾਲੀ ਦਲ ਵਲੋਂ ਸੰਗਰੂਰ ਸੀਟ ਤੋਂ ਲੜ ਸਕਦੇ ਹਨ ਚੋਣ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ)— ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਦੇ ਟਕਸਾਲੀ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਜ਼ਿਲਾ ਸੰਗਰੂਰ ਅਤੇ ਬਰਨਾਲਾ ਦੀ ਰਾਜਨੀਤੀ ਵਿਚ ਭਾਰੀ ਫੇਰਬਦਲ ਹੋਵੇਗਾ। ਰਾਜਦੇਵ ਸਿੰਘ ਖਾਲਸਾ ਇਲਾਕੇ ਦੇ ਸੀਨੀਅਰ ਐਡਵੋਕੇਟ ਹਨ ਅਤੇ ਸੰਯੁਕਤ ਅਕਾਲੀ ਦਲ ਦੀ ਸੀਟ 'ਤੇ ਉਹ ਸੰਗਰੂਰ ਲੋਕ ਸਭਾ ਤੋਂ ਜਿੱਤ ਵੀ ਪ੍ਰਾਪਤ ਕਰ ਚੁੱਕੇ ਹਨ। ਬੀਤੇ ਦਿਨੀਂ ਸੰਯੁਕਤ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਪ੍ਰੈੱਸਕਾਨਫਰੰਸ ਵਿਚ ਵੀ ਇਸ਼ਾਰਾ ਕੀਤਾ ਸੀ ਕਿ ਰਾਜਦੇਵ ਸਿੰਘ ਖਾਲਸਾ ਟਕਸਾਲੀ ਅਕਾਲੀ ਦਲ ਵਲੋਂ ਸੰਗਰੂਰ ਲੋਕ ਸਭਾ ਦੀ ਸੀਟ ਲਈ ਚੋਣ ਲੜ ਸਕਦੇ ਹਨ। ਜੇਕਰ ਉਨ੍ਹਾਂ ਵਲੋਂ ਚੋਣ ਲੜੀ ਜਾਂਦੀ ਹੈ ਤਾਂ ਸੰਗਰੂਰ ਲੋਕ ਸਭਾ ਸੀਟ ਦੇ ਸਮੀਕਰਣ ਬਦਲ ਜਾਣਗੇ।

PunjabKesari

ਰਾਜਦੇਵ ਸਿੰਘ ਖਾਲਸਾ ਸਿੱਖ ਨੌਜਵਾਨਾਂ ਵਿਚ ਕਾਫੀ ਲੋਕਪ੍ਰਿਯ ਹਨ ਕਿਉਂਕਿ ਉਨ੍ਹਾਂ ਨੇ ਕਈ ਸਿੱਖ ਨੌਜਵਾਨਾਂ ਦੇ ਕੇਸ ਮੁਫ਼ਤ ਲੜੇ ਹਨ। ਹਿੰਦੂ ਭਾਈਚਾਰੇ ਨਾਲ ਵੀ ਉਨ੍ਹਾਂ ਦੀ ਕਾਫੀ ਨੇੜਤਾ ਹੈ। ਇਲਾਕੇ 'ਚ ਉਹ ਹਰੇਕ ਦੇ ਦੁੱਖ-ਸੁੱਖ ਵਿਚ ਸ਼ਾਮਲ ਹੁੰਦੇ ਹਨ। ਉਹ ਖੁਦ ਵੀ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਣ ਦੇ ਇੱਛੁਕ ਹਨ। ਬੀਤੇ ਦਿਨੀਂ ਪ੍ਰੈੱਸਕਾਨਫਰੰਸ ਵਿਚ ਉਨ੍ਹਾਂ ਕਿਹਾ ਸੀ ਕਿ ਰਣਜੀਤ ਸਿੰਘ ਬ੍ਰਹਮਪੁਰੇ ਨਾਲ ਭਗਵੰਤ ਮਾਨ ਦੀ ਮੀਟਿੰਗ ਦਾ ਕੋਈ ਮਤਲਬ ਨਹੀਂ ਕਿਉਂÎਕਿ ਉਨ੍ਹਾਂ ਦੇ ਹੀ ਨੇਤਾ ਇਸ ਮਾਮਲੇ 'ਚ ਭਗਵੰਤ ਮਾਨ ਦੀ ਆਲੋਚਨਾ ਕਰ ਚੁੱਕੇ ਹਨ। ਭਗਵੰਤ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਹਨ। ਰਾਜਨੀਤਕ ਗਲਿਆਰਿਆਂ 'ਚ ਉਨ੍ਹਾਂ ਦੀ ਬ੍ਰਹਮਪੁਰਾ ਨਾਲ ਮੀਟਿੰਗ ਨੂੰ ਟਕਸਾਲੀ ਅਕਾਲੀ ਦਲ ਤੋਂ ਸੰਗਰੂਰ ਲੋਕ ਸਭਾ ਸੀਟ ਤੋਂ ਸਮਰਥਨ ਲੈਣ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਜੇਕਰ ਟਕਸਾਲੀ ਅਕਾਲੀ ਦਲ ਉਨ੍ਹਾਂ ਨੂੰ ਸਮਰਥਨ ਦੇ ਦਿੰਦਾ ਹੈ ਤਾਂ ਟਕਸਾਲੀ ਅਕਾਲੀ ਦਲ ਵਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਕੋਈ ਵੀ ਵਿਅਕਤੀ ਉਮੀਦਵਾਰ ਨਹੀਂ ਹੋਵੇਗਾ। ਇਸ 'ਤੇ ਟਕਸਾਲੀ ਅਕਾਲੀ ਦਲ ਵਲੋਂ ਰਾਜਦੇਵ ਸਿੰਘ ਖਾਲਸਾ ਦੇ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਨ 'ਤੇ ਪ੍ਰਸ਼ਨ ਚਿੰਨ੍ਹ ਲੱਗ ਸਕਦਾ ਸੀ। ਇਸੇ ਕਾਰਨ ਹੀ ਉਨ੍ਹਾਂ ਨੇ ਇਸ ਮੀਟਿੰਗ ਨੂੰ ਬੇਅਰਥ ਦੱਸਿਆ ਸੀ। ਬ੍ਰਹਮਪੁਰਾ ਅਤੇ ਸੇਖਵਾਂ ਵੱਲੋਂ ਇਸ਼ਾਰਿਆਂ-ਇਸ਼ਾਰਿਆਂ ਵਿਚ ਹੀ ਕਿਹਾ ਗਿਆ ਸੀ ਕਿ ਸੰਗਰੂਰ ਅਤੇ ਬਰਨਾਲਾ ਜ਼ਿਲੇ 'ਚ ਜੋ ਰਾਜਦੇਵ ਸਿੰਘ ਖਾਲਸਾ ਚਾਹੁੰਣਗੇ ਉਸ ਅਨੁਸਾਰ ਹੀ ਹੋਵੇਗਾ। ਉਨ੍ਹਾਂ ਨੂੰ ਹੋਰ ਸਿੱਖ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਸਕਦਾ ਹੈ। ਇਲਾਕੇ 'ਚ ਸਿੱਖਾਂ ਦੀ ਵੱਡੀ ਗਿਣਤੀ 'ਚ ਵੋਟ ਹੈ। ਜੇਕਰ ਸਾਂਝੇ ਤੌਰ 'ਤੇ ਤੀਜਾ ਫਰੰਟ ਬਣ ਜਾਂਦਾ ਹੈ, ਜਿਸ ਦੀ ਕਿ ਸਾਰੀਆਂ ਪਾਰਟੀਆਂ ਵਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਫਰੰਟ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਕੜੀ ਟੱਕਰ ਦੇ ਸਕਦਾ ਹੈ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ।


author

cherry

Content Editor

Related News