ਦੁਬਈ ’ਚ ਮਰੇ ਸੁਖਬੀਰ ਸਿੰਘ ਦੀ ਮਿ੍ਰਤਕ ਦੇਹ 15 ਦਿਨਾਂ ਬਾਅਦ ਵਤਨ ਪੁੱਜੀ

Thursday, Aug 29, 2019 - 04:41 PM (IST)

ਦੁਬਈ ’ਚ ਮਰੇ ਸੁਖਬੀਰ ਸਿੰਘ ਦੀ ਮਿ੍ਰਤਕ ਦੇਹ 15 ਦਿਨਾਂ ਬਾਅਦ ਵਤਨ ਪੁੱਜੀ

ਰਾਜਾਸਾਂਸੀ (ਨਿਰਵੈਲ) - ਰੋਜ਼ੀ-ਰੋਟੀ ਕਮਾਉਣ ਤੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਦੇ ਸੁਪਨੇ ਲੈ ਕੇ ਦੁਬਈ ਗਏ 23 ਸਾਲਾ ਸੁਖਬੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਓਬਰਾਏ ਦੇ ਯਤਨਾਂ ਨਾਲ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। 

ਤਰਨਤਾਰਨ ਜ਼ਿਲੇ ਦੇ ਪਿੰਡ ਗੰਡੀਵਿੰਡ ਧੱਤਲ ਨਾਲ ਸੰਬੰਧਿਤ ਮ੍ਰਿਤਕ ਸੁਖਬੀਰ ਸਿੰਘ ਕਰੀਬ 7 ਮਹੀਨੇ ਪਹਿਲਾਂ ਹੀ ਆਪਣੀ ਛੁੱਟੀ ਕੱਟ ਕੇ ਵਾਪਸ ਦੁਬਈ ਗਿਆ ਸੀ ਕਿ ਬੀਤੀ 15 ਅਗਸਤ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਜਦ ਭਾਰਤ ਰਹਿੰਦੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੁਖਬੀਰ ਦੇ ਨਾਲ ਕੰਮ ਕਰਦੇ ਉਸ ਦੇ ਹੀ ਪਿੰਡ ਦੇ ਨੌਜਵਾਨ ਤੋਂ ਉਸ ਦੀ ਮੌਤ ਦੇ ਮਿਲੇ ਸੁਨੇਹੇ ਤੋਂ ਆਪਣੇ ਉਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਆਪਣੀ ਪਤਲੀ ਆਰਥਿਕ ਹਾਲਤ ਤੇ ਬੇਵਸੀ ਦਾ ਹਵਾਲਾ ਦਿੰਦਿਆਂ ਟਰੱਸਟ ਦੀ ਤਰਨਤਾਰਨ ਜ਼ਿਲਾ ਇਕਾਈ ਦੇ ਪ੍ਰਧਾਨ ਪ੍ਰਿੰਸ ਧੁੰਨਾ ਰਾਹੀਂ ਟਰੱਸਟ ਦੇ ਸਰਪ੍ਰਸਤ ਡਾ: ਓਬਰਾਏ ਨਾਲ ਸੰਪਰਕ ਕਰਕੇ ਸੁਖਬੀਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸ ਉਤੇ ਕਾਰਵਾਈ ਕਰਦਿਆਂ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ। 

ਹਵਾਈ ਅੱਡੇ ਉਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਸੁਖਜਿੰਦਰ ਸਿੰਘ ਹੇਰ, ਮਨਪ੍ਰੀਤ ਸਿੰਘ ਸੰਧੂ,ਨਵਜੀਤ ਸਿੰਘ ਘਈ, ਸਿਸ਼ਪਾਲ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ 128 ਬਦਨਸੀਬ ਨੌਜਵਾਨ ਮੁੰਡੇ-ਕੁੜੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਦੇ ਸਰਪ੍ਰਸਤ ਡਾ. ਓਬਰਾਏ ਵਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਹੋਇਆਂ ਮ੍ਰਿਤਕ ਦੇ ਬਜ਼ੁਰਗ ਮਾਪਿਆਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਫੈਸਲਾ ਲਿਆ ਹੈ। 

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿੰਡ ਗੰਡੀਵਿੰਡ ਧੱਤਲ ਨਾਲ ਸਬੰਧਤ ਜਵਾਨ ਸੁਖਜਿੰਦਰ ਸਿੰਘ ਜੋ ਕਿ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਿਆ ਸੀ, ਉਸ ਦੇ ਪਰਿਵਾਰ ਨੂੰ ਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਭਾਰਤੀ ਦੂਤਾਵਾਸ ਤੋਂ ਇਲਾਵਾ ਡਾ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਖਾਸ ਭੂਮਿਕਾ ਨਿਭਾਈ ਹੈ।

ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਦੇ ਦੋਸਤ ਸ਼ਮਸ਼ੇਰ ਸਿੰਘ ਤੋਂ ਇਲਾਵਾ ਮ੍ਰਿਤਕ ਦੇ ਪਿਤਾ ਗੁਰਮੁਖ ਸਿੰਘ, ਚਾਚਾ ਸੁਖਰਾਜ ਸਿੰਘ, ਭਰਾ ਸੁਖਦੇਵ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਦੇਖਿਆ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵੱਡੀ ਤੋਂ ਵੱਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਉਨ੍ਹਾਂ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ. ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜ਼ਿੰਦਗੀ ਰਿਣੀ ਰਹੇਗਾ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਸੁਖਬੀਰ ਸਿੰਘ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਪਿੰਡ ਵਿਖੇ ਹੋਣੀਆਂ ਸੰਭਵ ਹੋ ਸਕੀਆਂ ਹਨ। ਮ੍ਰਿਤਕ ਦੇ ਪਿਤਾ ਗੁਰਮੁਖ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਆਪਣੀ ਕੋਈ ਔਲਾਦ ਨਾ ਹੋਣ ਕਾਰਨ ਉਸ ਨੇ ਆਪਣੀ ਭੈਣ ਦੇ ਪੁੱਤਰ (ਮ੍ਰਿਤਕ) ਸੁਖਬੀਰ ਸਿੰਘ ਨੂੰ ਬਚਪਨ ਤੋਂ ਹੀ ਗੋਦ ਲੈ ਕੇ ਪਾਲਿਆ ਹੋਇਆ ਸੀ ਪਰ ਸੁਖਬੀਰ ਦੀ ਹੋਈ ਅਚਨਚੇਤ ਮੌਤ ਨੇ ਉਸ ਨੂੰ ਤੇ ਉਸ ਦੀ ਬਿਮਾਰ ਪਤਨੀ ਨੂੰ ਬੁਢਾਪੇ 'ਚ ਮੁੜ ਬੇ-ਸਹਾਰਾ ਕਰ ਦਿੱਤਾ ਹੈ ।


author

Baljeet Kaur

Content Editor

Related News