"ਸੱਤਾ ਦੇ ਨਸ਼ੇ 'ਚ ਚੂਰ ਹੈ 'ਆਪ' ਸਰਕਾਰ", ਰਾਜਾ ਵੜਿੰਗ ਨੇ 'ਪੰਜਾਬ ਕੇਸਰੀ' ਗਰੁੱਪ 'ਤੇ ਹੋਈ ਕਾਰਵਾਈ ਦੀ ਕੀਤੀ ਨਿਖੇਧੀ

Tuesday, Mar 17, 2026 - 11:09 PM (IST)

"ਸੱਤਾ ਦੇ ਨਸ਼ੇ 'ਚ ਚੂਰ ਹੈ 'ਆਪ' ਸਰਕਾਰ", ਰਾਜਾ ਵੜਿੰਗ ਨੇ 'ਪੰਜਾਬ ਕੇਸਰੀ' ਗਰੁੱਪ 'ਤੇ ਹੋਈ ਕਾਰਵਾਈ ਦੀ ਕੀਤੀ ਨਿਖੇਧੀ

ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਸਰਕਾਰ ਸੱਤਾ ਦੇ ਨਸ਼ੇ ਵਿੱਚ ਇੰਨੀ ਅੰਨ੍ਹੀ ਹੋ ਗਈ ਹੈ ਕਿ ਉਹ ਸੁਤੰਤਰ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਜਾ ਰਹੀ ਹੈ। ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ 'ਪੰਜਾਬ ਕੇਸਰੀ' ਅਤੇ 'ਜਗ ਬਾਣੀ' ਮੀਡੀਆ ਸਮੂਹ ਦੇ ਹੋਟਲ 'ਤੇ ਕੀਤੀ ਗਈ ਕਾਰਵਾਈ ਨੂੰ ਸਿੱਧੇ ਤੌਰ 'ਤੇ 'ਸਿਆਸੀ ਬਦਲਾਖੋਰੀ' ਕਰਾਰ ਦਿੱਤਾ ਹੈ।

ਮੀਡੀਆ ਨੂੰ ਡਰਾਉਣ ਦੀ ਕੋਸ਼ਿਸ਼ 

ਰਾਜਾ ਵੜਿੰਗ ਨੇ ਕਿਹਾ ਕਿ ਇਸ ਸੁਤੰਤਰ ਮੀਡੀਆ ਹਾਊਸ ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਇਹ ਸਰਕਾਰ ਦੀਆਂ ਨੀਤੀਆਂ ਅਤੇ ਲਾਈਨ ਮੁਤਾਬਕ ਕੰਮ ਨਹੀਂ ਕਰ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਮੀਡੀਆ ਗਰੁੱਪ ਦੇ ਹੋਟਲ ਦੇ ਇੱਕ ਹਿੱਸੇ ਨੂੰ ਢਾਹੁਣਾ ਉਨ੍ਹਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਇੱਕ ਕੋਸ਼ਿਸ਼ ਹੈ, ਤਾਂ ਜੋ ਉਹ ਸਰਕਾਰ ਵਿਰੁੱਧ ਸੱਚ ਲਿਖਣਾ ਬੰਦ ਕਰ ਦੇਣ।

PunjabKesari

ਕਾਂਗਰਸ ਪ੍ਰਧਾਨ ਨੇ ਕਾਰਵਾਈ ਦੇ ਤਰੀਕੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਕਾਰਵਾਈ ਦੌਰਾਨ ਸੰਬੰਧਿਤ ਮੀਡੀਆ ਗਰੁੱਪ ਨੂੰ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਮੁਤਾਬਕ ਬਿਨਾਂ ਕਿਸੇ ਕਾਨੂੰਨੀ ਮੌਕੇ ਦੇ ਅਜਿਹੀ ਕਾਰਵਾਈ ਕਰਨਾ ਸਿੱਧੇ ਤੌਰ 'ਤੇ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਹੈ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਇਸ ਬਦਲਾਖੋਰੀ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪੂਰੀ ਕਾਂਗਰਸ ਪਾਰਟੀ 'ਪੰਜਾਬ ਕੇਸਰੀ' ਗਰੁੱਪ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਮੀਡੀਆ ਦੀ ਆਜ਼ਾਦੀ ਦੇ ਘਾਣ ਵਿਰੁੱਧ ਆਵਾਜ਼ ਚੁੱਕਦੀ ਰਹੇਗੀ।


author

Rakesh

Content Editor

Related News