ਅਕਾਲੀ ਦਲ ਨੇ ਮੁੱਖ ਮੰਤਰੀ ਕੋਲੋਂ ਰਾਜਾ ਵੜਿੰਗ ਵੱਲੋਂ ਕੀਤੇ 60 ਕਰੋੜ ਦੇ ਘੋਟਾਲੇ ਦੀ ਜਾਂਚ CBI ਨੂੰ ਸੌਂਪਣ ਦੀ ਕੀਤੀ ਮੰਗ

06/24/2022 7:33:22 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਹ ਸਾਬਕਾ ਟਰਾਂਸਪੋਰਟ ਮੰਤਰੀ ਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 840 ਬੱਸਾਂ ਦੀ ਖਰੀਦ 'ਚ ਕੀਤੇ 60 ਕਰੋੜ ਰੁਪਏ ਦੇ ਘੋਟਾਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ। ਇਥੇ ਜਾਰੀ ਕੀਤੇ ਇਕ ਬਿਆਨ 'ਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਕ ਆਰ.ਟੀ.ਆਈ. ਸੂਚਨਾ ਨਾਲ ਰਾਜਾ ਵੜਿੰਗ ਦੀਆਂ ਭ੍ਰਿਸ਼ਟ ਗਤੀਵਿਧੀਆਂ ਜੱਗ ਜ਼ਾਹਿਰ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਰਾਜਾ ਵੜਿੰਗ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਹਨ। ਉਨ੍ਹਾਂ ਨਾ ਸਿਰਫ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਨੂੰ 840 ਬੱਸਾਂ ਦੀ ਬਾਡੀ ਬਿਲਡਿੰਗ 'ਚ 4 ਲੱਖ ਰੁਪਏ ਪ੍ਰਤੀ ਬੱਸ ਦਾ ਘਾਟਾ ਸਹਿਣ ਦੀ ਪ੍ਰਵਾਨਗੀ ਦਿੱਤੀ, ਬਲਕਿ ਸਾਰੀਆਂ ਬੱਸਾਂ ਮਾਰਕੀਟ ਕੀਮਤ ’ਤੇ ਖਰੀਦ ਲਈਆਂ, ਜਦੋਂ ਕਿ ਬੱਸ ਕੰਪਨੀਆਂ ਸੈਂਕੜੇ ਬੱਸਾਂ ਦੀ ਖਰੀਦ ਦੇ ਇੰਨੇ ਵੱਡੇ ਆਰਡਰ ’ਤੇ ਪ੍ਰਤੀ ਬੱਸ 4 ਲੱਖ ਰੁਪਏ ਤੱਕ ਦੀ ਛੋਟ ਦਿੰਦੀਆਂ ਹਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ 'SYL' ਨੂੰ ਲੈ ਕੇ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਹੀਆਂ ਇਹ ਗੱਲਾਂ

ਮਲੂਕਾ ਨੇ ਕਿਹਾ ਕਿ ਰਾਜਾ ਵੜਿੰਗ ਨੇ 840 ਬੱਸਾਂ ਦੀ ਖਰੀਦ ਤੇ ਬਾਡੀ ਬਿਲਡਿੰਗ 'ਚ ਕੁੱਲ 60  ਕਰੋੜ ਰੁਪਏ ਦਾ ਘੋਟਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੇਸ ਨਿਰਪੱਖ ਜਾਂਚ ਲਈ ਸੀ.ਬੀ.ਆਈ. ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਮੁੱਖ ਮੰਤਰੀ ਜੋ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹੋਣ ਤੇ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਾ ਕਰਨ ਦੇ ਦਾਅਵੇ ਕਰਦੇ ਹਨ, ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨਗੇ। ਜੇਕਰ ਉਨ੍ਹਾਂ ਅਜਿਹਾ ਨਾ ਕੀਤਾ ਤਾਂ ਫਿਰ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਸਲਾਖਾਂ ਪਿੱਛੇ ਕਰਨ ਦੇ ਬਿਆਨ ਸਿਰਫ ਫੋਕੀ ਬਿਆਨਬਾਜ਼ੀ ਮੰਨੀ ਜਾਵੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਵਾਹਨਾਂ ਦੇ ਫੈਂਸੀ ਨੰਬਰਾਂ ਨੂੰ ਲੈ ਕੇ ਨਵਾਂ ਹੁਕਮ ਜਾਰੀ

ਅਕਾਲੀ ਆਗੂ ਨੇ ਰਾਜਾ ਵੜਿੰਗ ਵੱਲੋਂ ਕੀਤੀਆਂ ਵੱਡੀਆਂ ਬੇਨਿਯਮੀਆਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ 'ਚ 2 ਬੱਸ ਕੰਪਨੀਆਂ ਨੇ ਬਾਡੀ ਬਿਲਡਿੰਗ ਵਾਸਤੇ 8 ਲੱਖ 20 ਹਜ਼ਾਰ ਤੇ 8 ਲੱਖ 40 ਹਜ਼ਾਰ ਰੁਪਏ ਦੇ ਰੇਟ ਦਿੱਤੇ ਸਨ ਪਰ ਰਾਜਾ ਵੜਿੰਗ ਨੇ ਇਸ ਦੀ ਪ੍ਰਵਾਹ ਨਾ ਕਰਦਿਆਂ 840 ਬੱਸਾਂ ਦੀ ਬਾਡੀ ਬਿਲਡਿੰਗ ਦਾ ਠੇਕਾ ਜੈਪੁਰ ਦੀ ਕੰਪਨੀ ਨੂੰ 11 ਲੱਖ 98 ਹਜ਼ਾਰ ਰੁਪਏ ਪ੍ਰਤੀ ਬੱਸ ਦਿੱਤਾ, ਇਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ 4 ਲੱਖ ਰੁਪਏ ਬੱਸ ਦਾ ਘਾਟਾ ਪਿਆ। ਇਥੇ ਹੀ ਬਸ ਨਹੀਂ ਬਲਕਿ ਪੰਜਾਬ ਸਰਕਾਰ ਨੇ ਬੱਸਾਂ ਰਾਜਸਥਾਨ ਲਿਜਾਣ ਅਤੇ ਲਿਆਉਣ ’ਤੇ 1 ਕਰੋੜ 51 ਲੱਖ ਰੁਪਏ ਖਰਚ ਕਰ ਦਿੱਤੇ ਤੇ ਨਾਲ ਹੀ ਰਾਜਸਥਾਨ ਸਰਕਾਰ ਨੂੰ 18 ਕਰੋੜ ਰੁਪਏ ਟੈਕਸ ਵੀ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੀਆਂ ਵੋਲਵੋ ਬੱਸਾਂ 'ਚ ਯਾਤਰੀਆਂ ਨੂੰ ਮਿਲੇਗੀ ਹੁਣ ਇਹ ਖਾਸ ਸਹੂਲਤ

ਮਲੂਕਾ ਨੇ ਦੱਸਿਆ ਕਿ ਪੰਜਾਬ 'ਚ ਜਿਸ ਕੰਪਨੀ ਨੇ 8 ਲੱਖ 20 ਹਜ਼ਾਰ ਰੁਪਏ ਵਿੱਚ ਪ੍ਰਤੀ ਬੱਸ ਬਾਡੀ ਬਿਲਡਿੰਗ ਦੀ ਪੇਸ਼ਕਸ਼ ਕੀਤੀ ਸੀ, ਇਸੇ ਕੰਪਨੀ ਨੇ ਪਿਛਲੇ ਸਮੇਂ ਦੌਰਾਨ ਰਾਜਸਥਾਨ ਰੋਡਵੇਜ਼ ਦੀਆਂ 100 ਬੱਸਾਂ ਦੀ ਬਾਡੀ ਲਗਾ ਕੇ ਦਿੱਤੀ ਹੈ। ਇਸੇ ਕੰਪਨੀ ਨੇ ਪਹਿਲਾਂ 2018 'ਚ 100 ਪੀ ਆਰ ਟੀ ਸੀ ਬੱਸਾਂ ਦਾ ਨਿਰਮਾਣ 7 ਲੱਖ 10 ਹਜ਼ਾਰ ਰੁਪਏ ਪ੍ਰਤੀ ਬੱਸ ਦੇ ਹਿਸਾਬ ਨਾਲ ਕੀਤਾ ਸੀ। ਸਪੱਸ਼ਟ ਹੈ ਕਿ ਰਾਜਾ ਵੜਿੰਗ ਨੇ ਪੰਜਾਬ ਦੇ ਇਨ੍ਹਾਂ ਬਾਡੀ ਬਿਲਡਰਾਂ ਦੀ ਪ੍ਰਵਾਹ ਨਹੀਂ ਕੀਤੀ, ਜੋ ਉੱਚ ਮਿਆਰੀ ਬਾਡੀ ਬਿਲਡਿੰਗ ਲਈ ਜਾਣੇ ਜਾਂਦੇ ਹਨ ਤੇ ਉਨ੍ਹਾਂ ਮਹਿੰਗੇ ਭਾਅ ’ਤੇ ਸੂਬੇ ਤੋਂ ਬਾਹਰਲੇ ਬਾਡੀ ਬਿਲਡਰ ਨੂੰ ਠੇਕਾ ਦੇ ਦਿੱਤਾ ਤਾਂ ਜੋ ਰਿਸ਼ਵਤ ਲਈ ਜਾ ਸਕੇ।

ਇਹ ਵੀ ਪੜ੍ਹੋ : ਸਰਕਾਰੀ ਕਣਕ ਪਲੰਥਾਂ ’ਚ 1.90 ਕਰੋੜ ਦਾ ਘਪਲਾ, ਵਿਭਾਗ ਵੱਲੋਂ ਚੈਕਿੰਗ ’ਤੇ ਮਾਮਲਾ ਦਰਜ

ਮਲੂਕਾ ਨੇ ਕਿਹਾ ਕਿ ਇਸੇ ਤਰੀਕੇ ਰਾਜਾ ਵੜਿੰਗ ਇਹ ਜਾਣਦੇ ਸਨ ਕਿ 840 ਬੱਸਾਂ ਦੀ ਖਰੀਦ ’ਤੇ ਕੰਪਨੀਆਂ ਵੱਡੇ ਡਿਸਕਾਊਂਟ ਦਿੰਦੀਆਂ ਹਨ ਪਰ ਵੜਿੰਗ ਨੇ ਬਜਾਏ 4 ਲੱਖ ਰੁਪਏ ਪ੍ਰਤੀ ਬੱਸ ਦਾ ਡਿਸਕਾਊਂਟ ਲੈਣ ਦੀ ਥਾਂ ਇਹ ਸੰਕੇਤ ਦਿੱਤੇ ਕਿ ਉਹ ਖਰੀਦ ਆਰਡਰ 'ਚ ਰਿਸ਼ਵਤ ਲੈਣ ਦੇ ਚਾਹਵਾਨ ਹਨ। ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਸੀ.ਬੀ.ਆਈ. ਜਾਂਚ ਹੀ ਇਸ ਅੰਤਰਰਾਜੀ ਘੋਟਾਲੇ ਦੀ ਸਹੀ ਤਰੀਕੇ ਨਾਲ ਜਾਂਚ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੀ ਘੋਟਾਲੇ ਦੀ ਨਿਰਪੱਖ ਜਾਂਚ ਹੀ ਚਾਹੇਗੀ। ਅਕਾਲੀ ਦਲ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਜਾਵੇ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News