ਰਾਜਾ ਵੜਿੰਗ ਨੇ ‘ਆਪ’ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਕਿਹਾ-ਹਿਮਾਚਲ ਤੇ ਗੁਜਰਾਤ ਨੇ ਕੇਜਰੀਵਾਲ ਦੇ ਮਾਡਲ ਨੂੰ ਨਕਾਰਿਆ

Friday, Dec 09, 2022 - 08:56 PM (IST)

ਰਾਜਾ ਵੜਿੰਗ ਨੇ ‘ਆਪ’ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਕਿਹਾ-ਹਿਮਾਚਲ ਤੇ ਗੁਜਰਾਤ ਨੇ ਕੇਜਰੀਵਾਲ ਦੇ ਮਾਡਲ ਨੂੰ ਨਕਾਰਿਆ

ਚੰਡੀਗੜ੍ਹ (ਬਿਊਰੋ) : ਸੂਬੇ ’ਚ ਗੈਂਗਸਟਰਾਂ ਵੱਲੋਂ ਟਾਰਗੈੱਟ ਕਿਲਿੰਗ ਦੀਆਂ ਘਟਨਾਵਾਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੂਬੇ ’ਚ ਪੂਰੀ ਤਰ੍ਹਾਂ ਨਾਲ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੇ ਪ੍ਰਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਪੀੜਤਾਂ ਵੱਲੋਂ ਫਿਰੌਤੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਗੈਂਗਸਟਰਾਂ ਵੱਲੋਂ ਕੀਤੇ ਗਏ ਕਈ ਕਤਲਾਂ ਦਾ ਜ਼ਿਕਰ ਕੀਤਾ। ਅਜਿਹਾ ਪੰਜਾਬ ’ਚ ਪਹਿਲਾਂ ਕਦੇ ਨਹੀਂ ਹੋਇਆ ਸੀ, ਜਿਥੇ ਹੁਣ ਗੈਂਗਸਟਰਾਂ ਨੇ ਆਪਣਾ ਟਿਕਾਣਾ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ’ਚ ਇੰਨਾ ਡਰ ਹੈ ਕਿ ਉਹ ਸੂਬੇ ਸਮੇਤ ਦੇਸ਼ ਛੱਡ ਕੇ ਜਾਣ ਲੱਗ ਪਏ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਪ’ ਆਗੂ ਡਾ. ਕੰਗ ਨੇ ਕੀਤਾ ਸਟਿੰਗ ਆਪ੍ਰੇਸ਼ਨ, ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

ਉਨ੍ਹਾਂ ਕਿਹਾ ਕਿ ਨਵੇਂ ਪਾਸਪੋਰਟ ਅਤੇ ਰੀਨਿਊ ਲਈ ਸਭ ਤੋਂ ਵੱਧ ਦਰਖਾਸਤਾਂ ਪੰਜਾਬ ਤੋਂ ਆਉਂਦੀਆਂ ਹਨ ਅਤੇ ਇਥੋਂ ਦੇ ਹਾਲਾਤ ਕਾਰਨ ਲੋਕ ਸੂਬਾ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਆਪਣੀਆਂ ਤਰਜੀਹਾਂ ਤੈਅ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਦੇ ਵਸੀਲਿਆਂ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ’ਚ ਬਰਬਾਦ ਕੀਤਾ। ਇਸ ਦੇ ਬਾਵਜੂਦ ਦੋਵਾਂ ਸੂਬਿਆਂ ’ਚ ਉਸ ਨੂੰ ਨਕਾਰ ਦਿੱਤਾ ਗਿਆ। ‘ਆਪ’ ਲੀਡਰਸ਼ਿਪ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਪੁੱਛਿਆ ਕਿ ਹਿਮਾਚਲ ਅਤੇ ਗੁਜਰਾਤ ’ਚ 'ਆਪ' ਦੇ ਦਿੱਲੀ ਅਤੇ ਪੰਜਾਬ ਮਾਡਲ ਦਾ ਕੀ ਬਣਿਆ?

ਇਹ ਖ਼ਬਰ ਵੀ ਪੜ੍ਹੋ : ਕੱਪੜਾ ਵਪਾਰੀ ਤੇ ਗੰਨਮੈਨ ਦੇ ਕਤਲ ਨੂੰ ਲੈ ਕੇ ਬਾਜਵਾ ਨੇ ਘੇਰੇ CM ਮਾਨ, ਕਿਹਾ-‘ਹੁਣ ਡੂੰਘੀ ਨੀਂਦ ’ਚੋਂ ਜਾਗਣਾ ਚਾਹੀਦੈ’

ਉਨ੍ਹਾਂ ਗੁਜਰਾਤ ਚੋਣਾਂ ਲਈ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਕੀਤੇ ਗਏ ਭਾਰੀ ਖਰਚੇ ਦਾ ਵੇਰਵਾ ਦਿੱਤਾ। ਇਸ ਦੇ ਬਾਵਜੂਦ ਇਨ੍ਹਾਂ ਨੂੰ ਉੱਥੇ ਨਕਾਰ ਦਿੱਤਾ ਗਿਆ ਕਿਉਂਕਿ ਲੋਕਾਂ ਨੇ ਇਨ੍ਹਾਂ ਦੇ ਝੂਠ ’ਤੇ ਵਿਸ਼ਵਾਸ ਨਹੀਂ ਕੀਤਾ। ‘ਆਪ’ ਦੇ ਮਾਡਲ ਨੂੰ ਹਰ ਥਾਂ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਆਪਣੇ ਦੋਸ਼ਾਂ ਨੂੰ ਦੁਹਰਾਇਆ ਕਿ 'ਆਪ' ਅਤੇ ਅਰਵਿੰਦ ਕੇਜਰੀਵਾਲ ਭਾਜਪਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਨੇ ਜਾਣਬੁੱਝ ਕੇ ਸਰਕਾਰ ਵਿਰੋਧੀ ਵੋਟਾਂ ਨੂੰ ਵੰਡਣ ਦਾ ਕੰਮ ਕੀਤਾ ਹੈ, ਜਦਕਿ ਹਿਮਾਚਲ 'ਚ 'ਆਪ' ਨਜ਼ਰ ਨਹੀਂ ਆਈ ਅਤੇ ਸੂਬੇ 'ਚ ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾਇਆ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਕਾਂਗਰਸ ਲਈ ਇੱਕ ਨਵੀਂ ਸ਼ੁਰੂਆਤ ਹੋਵੇਗੀ ਅਤੇ ਕਰਨਾਟਕ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਰਗੇ ਸੂਬਿਆਂ ’ਚ ਇਹ ਦੌਰ ਜਾਰੀ ਰਹੇਗਾ।

ਇਹ ਖ਼ਬਰ ਵੀ ਪੜ੍ਹੋ : ਸਰਹੱਦ ਪਾਰ : ਠੰਡਾ ਖਾਣਾ ਦੇਣ ’ਤੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, ਦੋ ਮਹੀਨੇ ਪਹਿਲਾਂ ਹੋਇਆ ਸੀ ਨਿਕਾਹ

ਸੂਬਾ ਕਾਂਗਰਸ ਪ੍ਰਧਾਨ ਨੇ ਜਲੰਧਰ ’ਚ ਮਕਾਨ ਮਾਲਕਾਂ ਨੂੰ ਬਿਨਾਂ ਨੋਟਿਸ ਦਿੱਤੇ ਰਿਹਾਇਸ਼ੀ ਇਮਾਰਤਾਂ ਨੂੰ ਢਾਹੇ ਜਾਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤੀ ਹਦਾਇਤਾਂ ਸਨ ਤਾਂ ਸਰਕਾਰ ਲੋਕਾਂ ਨੂੰ ਬੇਘਰ ਕਰਨ ਦੀ ਬਜਾਏ ਉਨ੍ਹਾਂ ਮਕਾਨਾਂ ਦੇ ਕਾਬਜ਼ਕਾਰਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਸਕਦੀ ਸੀ। ਛੋਟੇ ਦੁਕਾਨਦਾਰਾਂ 'ਤੇ ਜੀ.ਐੱਸ.ਟੀ. ਦੇ ਛਾਪਿਆਂ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਕ ਪਾਸੇ ਸਰਕਾਰ ਗੁਜਰਾਤ ’ਚ ਇਸ਼ਤਿਹਾਰਾਂ ਅਤੇ ਚਾਰਟਰਡ ਉਡਾਣਾਂ ’ਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਸੀ, ਦੂਜੇ ਪਾਸੇ ਜੀ.ਐੱਸ.ਟੀ. ਦੇ ਛਾਪਿਆਂ ਨਾਲ ਛੋਟੇ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਜੋ ਅੱਜ ਤੱਕ ਪੰਜਾਬ ’ਚ ਕਦੇ ਨਹੀਂ ਹੋਇਆ ਸੀ।


author

Manoj

Content Editor

Related News