ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ''ਕਾਂਗਰਸ'' ਨੇ ਨਕਾਰਿਆ, ਆਮ ਆਦਮੀ ਪਾਰਟੀ ਬਾਰੇ ਆਖੀ ਇਹ ਗੱਲ
Tuesday, Mar 08, 2022 - 01:22 PM (IST)
ਚੰਡੀਗੜ੍ਹ : ਪੰਜਾਬ 'ਚ ਸਰਕਾਰ ਬਣਨ ਬਾਰੇ ਸਾਹਮਣੇ ਆ ਰਹੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਕਾਂਗਰਸ ਪਾਰਟੀ ਵੱਲੋਂ ਖਾਰਜ ਕੀਤਾ ਗਿਆ ਹੈ। ਇਸ ਸੰਬਧੀ ਪ੍ਰੈੱਸ ਕਾਨਫਰੰਸ ਕਰਦਿਆਂ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਇਹ ਐਗਜ਼ਿਟ ਪੋਲ ਮਨਘੜਤ ਤਰੀਕੇ ਨਾਲ ਸਾਹਮਣੇ ਲਿਆਂਦਾ ਗਿਆ ਹੈ ਅਤੇ ਕਾਂਗਰਸ ਇਨ੍ਹਾਂ ਪੋਲਾਂ ਨੂੰ ਨਕਾਰਦੀ ਹੈ। ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਐਗਜ਼ਿਟ ਪੋਲ ਦੇ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ 54-54 ਸੀਟਾਂ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ : 'ਐਗਜ਼ਿਟ ਪੋਲ' ਆਉਂਦੇ ਹੀ 'ਆਪ' ਉਮੀਦਵਾਰਾਂ ਨੂੰ ਮਿਲਣ ਲੱਗੀਆਂ ਵਧਾਈਆਂ, ਲੱਡੂ ਬਣਾਉਣ ਦੇ ਦਿੱਤੇ ਆਰਡਰ
ਉਨ੍ਹਾਂ ਕਿਹਾ ਕਿ ਨਤੀਜਿਆਂ ਦੌਰਾਨ ਕਾਂਗਰਸ ਨੂੰ 75 ਸੀਟਾਂ ਹਾਸਲ ਹੋਈਆਂ, ਜਦੋਂ ਕਿ ਆਮ ਆਦਮੀ ਪਾਰਟੀ ਸਿਰਫ 20 ਸੀਟਾਂ ਹੀ ਜਿੱਤ ਸਕੀ ਅਤੇ ਉਸ ਸਮੇਂ ਐਗਜ਼ਿਟ ਪੋਲ ਦੇ ਨਤੀਜੇ ਗਲਤ ਸਾਬਿਤ ਹੋ ਗਏ। ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਦੇ ਨਤੀਜੇ ਬਿਲਕੁਲ ਗਲਤ ਹਨ ਅਤੇ ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਗੋਆ, ਉੱਤਰਾਖੰਡ ਅਤੇ ਪੰਜਾਬ 'ਚ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਮਜੀਠੀਆ ਦੀ ਨਿਆਇਕ ਹਿਰਾਸਤ ਅੱਜ ਹੋ ਰਹੀ ਖ਼ਤਮ, ਅਦਾਲਤ 'ਚ ਪੇਸ਼ ਕੀਤਾ ਜਾ ਸਕਦੈ
ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਮਾਝਾ 'ਚੋਂ ਘੱਟੋ-ਘੱਟ 15 ਸੀਟਾਂ ਜਿੱਤੇਗੀ ਅਤੇ 15 ਸੀਟਾਂ ਦੋਆਬਾ 'ਚੋਂ ਜਿੱਤੀਆਂ ਜਾਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੇ ਨਾਲ ਮਾਲਵਾ ਤੋਂ ਪਾਰਟੀ ਨੂੰ 30 ਸੀਟਾਂ 'ਤੇ ਜਿੱਤ ਹਾਸਲ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਬਹੁਮਤ ਦੇ ਅੰਕੜੇ ਨੂੰ ਛੂਹ ਕੇ ਬੈਠੇ ਹੋਏ ਹਾਂ ਅਤੇ ਇਹ ਅੰਕੜਾ ਵਧੇਗਾ ਹੀ, ਘਟੇਗਾ ਨਹੀਂ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਵਾਲੇ ਬਿਆਨ 'ਤੇ ਬੋਲਦਿਆਂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਰ ਕਿਸੇ ਦੀ ਆਪੋ-ਆਪਣੀ ਸੋਚ ਹੈ ਪਰ ਪਾਰਟੀ 'ਚ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਬਿਕਰਮ ਮਜੀਠੀਆ' ਦੀ ਨਿਆਇਕ ਹਿਰਾਸਤ ਨੂੰ ਲੈ ਕੇ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ