ਹੁਣ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਪਹੁੰਚੇ ਕੇ. ਪੀ. ਨੂੰ ਮਨਾਉਣ
Sunday, Apr 07, 2019 - 05:25 PM (IST)
ਜਲੰਧਰ (ਵੈੱਬ ਡੈਸਕ, ਸੋਨੂੰ) — ਕਾਂਗਰਸ ਹਾਈ ਕਮਾਂਡ ਵੱਲੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦੇਣ 'ਤੇ ਨਾਰਾਜ਼ ਚੱਲ ਰਹੇ ਮਹਿੰਦਰ ਸਿੰਘ ਕੇ. ਪੀ. ਨੂੰ ਮਨਾਉਣ ਲਈ ਅੱਜ ਐੱਸ . ਆਈ. ਕਮਿਸ਼ਨ ਦੇ ਸਾਬਾਕਾ ਵਾਈਸ ਚੇਅਰਮੈਨ ਅਤੇ ਅੰਮ੍ਰਿਤਸਰ ਦੇ ਵਿਧਾਇਕ ਡਾ. ਰਾਜਕੁਮਾਰ ਵੇਰਕਾ ਕੇ. ਪੀ. ਨਿਵਾਸ ਸਥਾਨ ਪਹੁੰੰਚੇ।ਇਸ ਦੌਰਾਨ ਰਾਜਕੁਮਾਰ ਵੇਰਕਾ ਤੇ ਕੇ. ਪੀ. ਦੇ ਵਿਚਕਾਰ ਲੰਬੀ ਗੱਲਬਾਤ ਹੋਈ। ਇਸ ਬੈਠਕ ਤੋਂ ਬਾਅਦ ਡਾ. ਵੇਰਕਾ ਨੇ ਕਿਹਾ ਕਿ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਬੈਠ ਕੇ ਗੱਲਬਾਤ ਕਰੇ। ਮੈਂ ਸਾਰੀ ਤਕਲੀਫ ਨੂੰ ਰਿਵਿਊ ਕੀਤਾ ਹੈ ਅਤੇ ਸਮਝਿਆਂ ਹੈ। ਮੈਂ ਕੱਲ੍ਹ ਕੈ. ਅਮਰਿੰਦਰ ਸਿੰਘ ਨੂੰ ਮਿਲਣ ਜਾ ਰਿਹਾ ਹਾਂ, ਜਿਸ ਤੋਂ ਬਾਅਦ ਦਿੱਲੀ ਆਲਾਕਮਾਨ ਨੂੰ ਮਿਲਣ ਜਾਊਂਗਾ ਅਤੇ ਕੇ. ਪੀ . ਦੀ ਨਾਰਾਜ਼ਗੀ ਦਾ ਸਾਰਾ ਮਾਮਲਾ ਉਨ੍ਹਾਂ ਦੇ ਸਾਹਮਣੇ ਚੁੱਕਾਂਗਾ।
ਡਾ. ਵੇਰਕਾ ਨੇ ਕਿਹਾ ਕਿ ਕੇ. ਪੀ. ਮੇਰਾ ਵੱਡਾ ਭਰਾ ਹੈ ਅਤੇ ਅਸੀਂ ਖੂਨ ਦੇ ਕੇ ਕਾਂਗਰਸ ਨੂੰ ਸੀਂਚਿਆ ਹੈ ਅਤੇ ਕਾਂਗਰਸ ਸਾਡੇ ਪਿਓ, ਦਾਦਾ ਅਤੇ ਬਜ਼ੁਰਗਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਨਾਲ ਪਿਆਰ ਕਰਦੇ ਹਾਂ ਅਤੇ ਅਸੀ ਨਹੀਂ ਚਾਹੁੰਦੇ ਕਿ ਕੋਈ ਧੱਕੇ ਮਾਰ ਕੇ ਸਾਨੂੰ ਕਾਂਗਰਸ 'ਚੋਂ ਬਾਹਰ ਕੱਢੇ। ਮਹਿੰਦਰ ਕੇ. ਪੀ. ਨੇ ਦੱਸਿਆ ਕਿ ਡਾ. ਵੇਰਕਾ ਨੂੰ ਹਾਈਕਮਾਨ ਨੇ ਉਨ੍ਹਾਂ ਨੂੰ ਮਿਲਣ ਲਈ ਭੇਜਿਆ ਹੈ ਅਤੇ ਮੇਰੇ ਪੱਖ ਨੂੰ ਜਾਣਨ ਤੋਂ ਬਾਅਦ ਹੁਣ ਹਾਈਕਮਾਨ ਨਾਲ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਰਿਪੋਰਟਾਂ ਅਨੁਸਾਰ ਪਾਰਟੀ ਜਲੰਧਰ ਟਿਕਟ ਦੇ ਮਾਮਲੇ ਨੂੰ ਰਿਵਿਊ 'ਚ ਪਾਇਆ ਹੈ ਤਾਂ ਰਿਵਿਊ ਕੇਸ ਦਾ ਸਾਨੂੰ ਉਨ੍ਹੇ ਦਿਨ ਇੰਤਜ਼ਾਰ ਕਰਨਾ ਚਾਹੀਦਾ ਹੈ।
ਕੇ. ਪੀ. ਨੇ ਕਿਹਾ ਕਿ ਡਾ. ਵੇਰਕਾ ਗੱਲ ਕਰਕੇ ਪਾਰਟੀ ਦੇ ਫੈਸਲੇ ਬਾਰੇ ਉਨ੍ਹਾਂ ਨੂੰ ਦੱਸ ਦੇਣਗੇ, ਜਿਸ ਤੋਂ ਬਾਅਦ ਉਹ ਆਪਣੇ ਪਰਿਵਾਰ ਅਤੇ ਸਮੱਰਥਕਾਂ ਦੀ ਸਲਾਹ ਲੈ ਕੇ ਆਪਣੀ ਅਗਲੀ ਰਣਨੀਤੀ ਫਾਈਨਲ ਕਰਨਗੇ। ਇਸ ਮੌਕੇ ਰਜਨੀਸ਼ ਚਾਚਾ, ਮਨੋਜ ਅਗਰਵਾਲ, ਸੰਦੀਪ ਘੌਸਲਾ, ਮਨਪ੍ਰੀਤ ਬੱਬਰ, ਭਾਰਤ ਭੂਸ਼ਣ ਅਤੇ ਹੋਰ ਵੀ ਮੌਜੂਦ ਸੀ। ਜ਼ਿਕਰਯੋਗ ਹੈ ਕਿ ਖੁਦ ਸੰਸਦ ਮੈਂਬਰ ਸੰਤੋਖ ਚੌਧਰੀ, ਕੈਬਨਿਟ ਮੰਤਰੀ, ਸੁਖਜਿੰਦਰ ਰੰਧਾਵਾ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਲਾਲੀ , ਜ਼ਿਲਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਦਲਜੀਤ ਆਹਲੂਵਾਲੀਆ ਸਾਬਕਾ ਮੰਤਰੀ ਕੰਵਲਜੀਤ ਲਾਲੀ ਅਸ਼ਵਨੀ ਸੇਕੜੀ ਸਮੇਤ ਹੋਰ ਨੇਤਾ ਕੇ. ਪੀ. ਨੂੰ ਮਨਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕਰ ਚੁੱਕੇ ਹਨ ਪਰ ਕੇ. ਪੀ. ਨੇ ਸਿਰਫ ਸਮੱਰਥਕਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਫੈਸਲੇ ਨੂੰ ਹੀ ਮੰਨਣ ਦੀ ਗੱਲ ਰੱਖੀ ਹੈ ਅਤੇ ਹਰੇਕ ਨੇਤਾ ਨੂੰ ਉਨ੍ਹਾਂ ਨੂੰ ਟਿਕਟ ਮਿਲਣ ਤੱਕ ਕਿਸੇ ਵੀ ਫੈਸਲੇ ਤੋਂ ਸਪੱਸ਼ਟ ਇਨਕਾਰ ਕੀਤਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇ. ਪੀ. ਨੂੰ ਮਨਾਉਣ ਲਈ ਬੀਤੇ ਦਿਨ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਪ੍ਰਗਟ ਸਿੰਘ ਦੇ ਨਾਲ ਉਨ੍ਹਾਂ ਦੇ ਘਰ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਸੰਤੋਖ ਸਿੰਘ ਚੌਧਰੀ ਨੂੰ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ। ਕਾਂਗਰਸ ਵੱਲੋਂ ਸੰਤੋਖ ਚੌਧਰੀ ਨੂੰ ਟਿਕਟ ਦੇਣ 'ਤੇ ਮਹਿੰਦਰ ਸਿੰਘ ਕੇ. ਪੀ. ਨਾਰਾਜ਼ ਚੱਲ ਰਹੇ ਹਨ। ਕੇ. ਪੀ. ਨੂੰ ਮਨਾਉਣ ਲਈ ਸੰਤੋਖ ਸਿੰਘ ਚੌਧਰੀ ਵੀ ਉਨ੍ਹਾਂ ਦੇ ਘਰ ਪਹੁੰਚੇ ਸਨ ਪਰ ਮਹਿੰਦਰ ਸਿੰਘ ਕੇ. ਪੀ. ਆਪਣੀਆਂ ਗੱਲਾਂ 'ਤੇ ਹੀ ਅੜ੍ਹੇ ਹੋਏ ਹਨ।
ਮਹਿੰਦਰ ਕੇ. ਪੀ. ਦੇ ਰਵੱਈਏ ਨਾਲ ਜਲੰਧਰ ਲੋਕ ਸਭਾ ਹਲਕੇ 'ਚ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਅਤੇ ਪਾਰਟੀ ਲਈ ਖੜ੍ਹੀਆਂ ਹੋ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਅਤੇ ਕੇ. ਪੀ. ਨੂੰ ਮਨਾਉਣ ਲਈ ਬਦਲਾਂ 'ਤੇ ਵਿਚਾਰ ਹੋ ਰਿਹਾ ਹੈ। ਸਿਆਸੀ ਗਲਿਆਰਿਆਂ ਦੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਅਗਲੇ 3-4 ਦਿਨਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਸੂਬਾ ਕਾਂਗਰਸ ਇੰਚਾਰਜ ਕੇ. ਪੀ. ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਸੂਬਾ ਕਾਂਗਰਸ ਦੀ ਪ੍ਰਧਾਨਗੀ ਜਾਂ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਟਿਕਟ ਦਾ ਆਫਰ ਦੇ ਕੇ ਸ਼ਾਂਤ ਕੀਤਾ ਜਾ ਸਕਦਾ ਹੈ ਕਿਉਂਕਿ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ, ਅਜਿਹੇ 'ਚ ਸੂਬੇ ਦੀਆਂ 13 ਸੀਟਾਂ 'ਤੇ ਕਾਂਗਰਸ ਸੰਗਠਨ ਦੀਆਂ ਸਰਗਰਮੀਆਂ ਸੀਮਤ ਹੋ ਜਾਣਗੀਆਂ, ਜਿਸ ਕਾਰਨ ਇਹ ਬਦਲ ਕੇ. ਪੀ. ਸਾਹਮਣੇ ਰੱਖਿਆ ਜਾ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇ. ਪੀ. ਆਜ਼ਾਦ ਉਮੀਦਵਾਰ 'ਤੇ ਵੀ ਚੋਣ ਲੜ ਸਕਦੇ ਹਨ।
ਜ਼ਿਕਰਯੋਗ ਹੈ ਕਿ ਕੇ. ਪੀ. ਸੂਬਾ ਕਾਂਗਰਸ ਦੇ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ ਪਰ ਚੱਬੇਵਾਲ 'ਚ ਉਪ ਚੋਣ ਤਾਂ ਹੀ ਹੋਵੇਗੀ ਜੇਕਰ ਉਥੋਂ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣਾ ਹੋਵੇਗਾ। ਜੇਕਰ ਉਹ ਚੋਣ ਨਾ ਜਿੱਤ ਸਕੇ ਤਾਂ ਵਿਧਾਇਕ ਦੇ ਤੌਰ 'ਤੇ ਚੱਬੇਵਾਲ ਹਲਕੇ ਦੀ ਨੁਮਾਇੰਦਗੀ ਕਰਦੇ ਰਹਿਣਗੇ, ਜਿਸ ਕਾਰਨ ਉਥੇ ਉਪ ਚੋਣ ਹੋਣੀ ਸੰਭਵ ਨਹੀਂ ਹੋਵੇਗੀ।