ਐੱਸ. ਐੱਫ. ਓ. ਰਾਜ ਕੁਮਾਰ ਨੂੰ 28 ਘੰਟੇ ਮਲਬੇ ''ਚ ਲੱਭਦਾ ਰਿਹਾ ਫਾਇਰ ਕਰਮਚਾਰੀ ਦਾ ਬੇਟਾ ਸੰਨੀ

11/22/2017 5:02:25 AM

ਲੁਧਿਆਣਾ(ਰਿਸ਼ੀ)–ਫਾਇਰ ਬ੍ਰਿਗੇਡ ਦਾ ਐੱਸ. ਐੱਫ. ਓ. ਰਾਜ ਕੁਮਾਰ ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ ਘਰ ਤੋਂ 7.30 ਵਜੇ ਬੇਟੇ ਫਾਇਰ ਕਰਮਚਾਰੀ ਸੰਨੀ ਦੇ ਨਾਲ ਡਿਊਟੀ ਕਰਨ ਲਈ ਗਿਆ ਸੀ ਪਰ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਉਹ ਹੁਣ ਵਾਪਸ ਨਹੀਂ ਆਉਣਗੇ। ਬਚਾਅ ਕਾਰਜਾਂ 'ਚ ਲੱਗੀ ਟੀਮ ਨੇ ਸ਼ਾਮ ਲਗਭਗ 4 ਵਜੇ ਉਸ ਦੀ ਲਾਸ਼ ਮਲਬੇ ਹੇਠੋਂ ਕੱਢੀ। ਮੌਤ ਦੀ ਖ਼ਬਰ ਸੁਣਦੇ ਹੀ ਰਿਸ਼ਤੇਦਾਰਾਂ ਦਾ ਰੋ-ਰੋ ਕੇ ਘਟਨਾ ਸਥਾਨ 'ਤੇ ਬੁਰਾ ਹਾਲ ਹੋ ਗਿਆ। ਲਾਸ਼ ਮਿਲਣ ਤੋਂ ਕੁੱਝ ਮਿੰਟ ਪਹਿਲਾਂ ਹੀ ਮੁੱਖ ਮੰਤਰੀ ਮੌਕੇ 'ਤੇ ਗਏ ਸਨ। ਜਾਣਕਾਰੀ ਦਿੰਦੇ ਹੋਏ ਬੇਟੇ ਸੰਨੀ ਨੇ ਦੱਸਿਆ ਕਿ ਉਹ ਗਿੱਲ ਰੋਡ ਫਾਇਰ ਦਫਤਰ 'ਚ ਕੰਮ ਕਰਦਾ ਹੈ। 2 ਮਹੀਨੇ ਪਹਿਲਾਂ ਹੀ ਉਸ ਨੂੰ ਨੌਕਰੀ ਮਿਲੀ ਹੈ। ਸਵੇਰੇ ਅੱਗ ਲੱਗਣ ਦਾ ਪਤਾ ਲੱਗਣ 'ਤੇ ਪਹਿਲਾਂ ਪਿਤਾ ਮੌਕੇ 'ਤੇ ਪਹੁੰਚੇ ਅਤੇ ਅੱਧੇ ਘੰਟੇ ਬਾਅਦ ਉਹ ਵੀ ਪਹੁੰਚ ਗਿਆ। ਦੋਵੇਂ ਮਿਲ ਕੇ ਕੰਮ ਕਰ ਰਹੇ ਸਨ। ਦੁਪਹਿਰ 12 ਵਜੇ ਜਦ ਬਿਲਡਿੰਗ ਹੇਠਾਂ ਡਿੱਗੀ ਉਹ ਗੱਡੀ 'ਚ ਪਾਣੀ ਲੈਣ ਗਿਆ ਹੋਇਆ ਸੀ। ਵਾਪਸ ਆ ਕੇ ਇਮਾਰਤ ਦੇਖ ਉਸ ਦੇ ਹੋਸ਼ ਉੱਡ ਗਏ ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਕੱਲ ਤੋਂ ਹੀ ਪਿਤਾ ਨੂੰ ਲੱਭਣ ਲਈ ਬਚਾਅ ਕਾਰਜ 'ਚ ਲੱਗਿਆ ਹੋਇਆ ਹੈ। 28 ਘੰਟਿਆਂ ਬਾਅਦ ਉਨ੍ਹਾਂ ਦੀ ਲਾਸ਼ ਦੇਖ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕਿਆ। ਰਾਜ ਕੁਮਾਰ ਦੀ ਪਤਨੀ ਮੌਕੇ 'ਤੇ ਹੀ ਬੇਹੋਸ਼ ਹੋ ਗਈ, ਜਦਕਿ ਦੋਵੇਂ ਭੈਣਾਂ ਨੂੰ ਇਕਲੌਤੇ ਭਰਾ ਦੇ ਜਾਨ ਦੇ ਹੋਏ ਦੁੱਖ ਨੂੰ ਸਾਫ ਦੇਖਿਆ ਜਾ ਸਕਦਾ ਸੀ।


Related News