ਮੌਸਮ ਦੇ ਤੇਵਰ ਦੇਖ ਕੇ ਕਿਸਾਨਾਂ ਦੇ ਫੁੱਲੇ ਸਾਹ, ਅਰਦਾਸਾਂ ਲਈ ਉੱਠੇ ਹੱਥ
Saturday, Apr 01, 2023 - 06:33 PM (IST)
‘ਸਾਰੇ ਸਾਲ ਦੀ ਮਿਹਨਤ ਹੈ ਰੱਬਾ, ਸਾਡੀ ਝੋਲੀ ਖੈਰ ਪਾਈਂ’
ਲੁਧਿਆਣਾ (ਖੁਰਾਣਾ) : ਮੌਜੂਦਾ ਸਮੇਂ ਦੌਰਾਨ ਮੌਸਮ ਦੇ ਲਗਾਤਾਰ ਬਦਲਦੇ ਮਿਜਾਜ਼ ਦੇਖ ਕੇ ਕਿਸਾਨਾਂ ਦੇ ਸਾਹ ਫੁੱਲੇ ਹੋਏ ਹਨ। ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਅਤੇ ਕੁਝ ਥਾਵਾਂ ’ਤੇ ਹੋਈ ਭਾਰੀ ਬਾਰਿਸ਼ ਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਜੋ ਖੇਤਾਂ ’ਚ ਲਗਭਗ ਪੱਕ ਕੇ ਤਿਆਰ ਹੋ ਚੁੱਕੀ ਹੈ, ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਅਜਿਹੇ ’ਚ ਹੁਣ ਕਿਸਾਨਾਂ ਦੇ ਹੱਥ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਉੱਠਣ ਲੱਗੇ ਹਨ।
ਕਲੇਜਾ ਚੀਰ ਰਹੀ ਹੈ ਫਸਲਾਂ ’ਤੇ ਪੈ ਰਹੀ ਬਾਰਿਸ਼ : ਕਿਸਾਨ ਹਰਦੀਪ ਸਿੰਘ
ਬਾਜੜਾ ਪਿੰਡ ਦੇ ਕਿਸਾਨ ਹਰਦੀਪ ਸਿੰਘ ਨੇ ਅਰਦਾਸ ਕਰਦਿਆਂ ਕਿਹਾ ਕਿ ‘ਰੱਬਾ ਸਾਡੀ ਝੋਲੀ ਖੈਰ ਪਾਈਂ, ਸਾਰੇ ਸਾਲ ਦੀ ਮਿਹਨਤ ਹੈ’ ਦੇਖੀਂ ਕਿਤੇ ਮਿਹਨਤ ’ਤੇ ਪਾਣੀ ਨਾ ਪੈ ਜਾਵੇ’। ਹਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸੋਕਾ ਪੈਣ ਕਾਰਨ ਕਣਕ ਦੀ ਫਸਲ ’ਤੇ ਅਸਰ ਪਿਆ ਹੈ ਅਤੇ ਮੌਜੂਦਾ ਸਮੇਂ ਦੌਰਾਨ ਭਾਰੀ ਬਾਰਿਸ਼ ਪੈਣ ਕਾਰਨ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤੇਜ਼ ਹਨੇਰੀ, ਬਾਰਿਸ਼ ਅਤੇ ਗੇੜੇਮਾਰੀ ਹੋਣ ਕਾਰਨ ਉਨ੍ਹਾਂ ਦੀ ਫਸਲ ਖੇਤਾਂ ’ਚ ਪੂਰੀ ਤਰ੍ਹਾਂ ਵਿਛ ਗਈ ਹੈ। ਉਨ੍ਹਾਂ ਕਿਹਾ ਕਿ ਆਸਮਾਨ ’ਚ ਲਿਸ਼ਕਦੀ ਬਿਜਲੀ ਅਤੇ ਫਸਲ ’ਤੇ ਪੈਂਦੀ ਬਾਰਿਸ਼ ਕਿਸਾਨਾਂ ਦਾ ਕਲੇਜਾ ਚੀਰ ਰਹੀ ਹੈ। ਵਿਭਾਗੀ ਅਧਿਕਾਰੀਆਂ ਮੁਤਾਬਕ ਮੌਸਮੀ ਬਾਰਿਸ਼ ਹੋਣ ਕਾਰਨ ਪੰਜਾਬ ਭਰ ’ਚ ਕਰੀਬ 15 ਤੋਂ 20 ਫੀਸਦੀ ਤੱਕ ਕਣਕ ਦੀ ਫਸਲ ’ਤੇ ਅਸਰ ਪਿਆ ਹੈ। ਮਾਹਿਰਾਂ ਦੀ ਮੰਨੀਏ ਤਾਂ ਬਾਰਿਸ਼ ਦਾ ਸਿੱਧਾ ਅਸਰ ਕਣਕ ਦੇ ਰੰਗ ਅਤੇ ਆਕਾਰ ’ਤੇ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਜਿੱਥੇ ਕਣਕ ਦਾ ਆਕਾਰ ਆਮ ਤੋਂ ਘੱਟ ਹੋਵੇਗਾ, ਉੱਥੇ ਕਣਕ ਦੇ ਦਾਣੇ ਦਾ ਰੰਗ ਵੀ ਸੁਨਹਿਰੀ ਨਹੀਂ ਰਹੇਗਾ।
ਇਹ ਵੀ ਪੜ੍ਹੋ : 32 ਸਾਲ ਪੁਰਾਣੇ ਕੇਸ ’ਚ CBI ਕੋਰਟ ’ਚ ਸੁਣਵਾਈ, ਤੱਤਕਾਲੀਨ ਇੰਸਪੈਕਟਰ ਦੋਸ਼ੀ ਕਰਾਰ
ਕਿਸਾਨਾਂ ਦੇ ਲਈ ਜਲਦ ਮੁਆਵਜ਼ੇ ਦੀ ਰੱਖੀ ਮੰਗ
ਭਾਰਤੀ ਕਿਸਾਨ ਯੂਨੀਅਨ ਦੇ ਚੜੂਨੀ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੀੜਤ ਕਿਸਾਨਾਂ ਨੂੰ ਜਲਦ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਦਾ ਅੰਨਦਾਤਾ ਮੌਜੂਦਾ ਸਮੇਂ ਦੌਰਾਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਬੇਮੌਸਮੀ ਬਾਰਿਸ਼ ਪੈਣ ਕਾਰਨ ਕਿਸਾਨਾਂ ਦੀ ਫਸਲ ਨੂੰ ਵੱਡੇ ਪੱਧਰ ’ਤੇ ਨੁਕਸਾਨ ਪੁੱਜਾ ਹੈ, ਜਿਸ ਦੀ ਭਰਪਾਈ ਹੋਣਾ ਮੁਸ਼ਕਿਲ ਹੈ। ਅਜਿਹੇ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੀੜਤ ਕਿਸਾਨਾਂ ਨੂੰ ਜਲਦ ਮੁਆਵਜ਼ਾ ਦੇ ਕੇ ਰਾਹਤ ਦੇਵੇ। ਪ੍ਰਧਾਨ ਗਿੱਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ ਵਿਚ ਕਣਕ ਦੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕਣਕ ਦੀ ਨਿਰਧਾਰਤ ਕੀਤੀ ਕੀਮਤ ’ਚ ਕੁਝ ਰਾਹਤ ਦਿੱਤੀ ਜਾਵੇ ਤਾਂ ਕਿ ਕਿਸਾਨ ਵਰਗ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਫਸਲ ਵੇਚ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਜ਼ਿਆਦਾਤਰ ਕਿਸਾਨ ਅਤੇ ਜ਼ਿਮੀਂਦਾਰ ਫਸਲਾਂ ਦੀ ਪੈਦਾਵਾਰ ਅਤੇ ਵੇਚ ’ਤੇ ਹੀ ਨਿਰਭਰ ਰਹਿੰਦੇ ਹਨ। ਅਜਿਹੇ ਵਿਚ ਜੇਕਰ ਫਸਲ ਖਰਾਬ ਹੁੰਦੀ ਹੈ ਤਾਂ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬੜਾ ਮੁਸ਼ਕਿਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਦੇਣੀ ਹੋਵੇਗੀ 20 ਫੀਸਦੀ ਪੈਨਲਟੀ, 18 ਫੀਸਦੀ ਵਿਆਜ਼ ਵੀ ਲੱਗੇਗਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ