ਰੋਜ਼ਾਨਾ ਮੀਂਹ, ਬਰਸਾਤੀ ਪਾਣੀ ਦਾ ਕਹਿਰ, ਪ੍ਰਸ਼ਾਸਨ ਬੇਖਬਰ
Wednesday, Aug 09, 2017 - 01:30 AM (IST)

ਰੂਪਨਗਰ, (ਕੈਲਾਸ਼)- ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਸਵੇਰੇ ਹੋ ਰਹੇ ਮੀਂਹ ਕਾਰਨ ਅੱਜ ਫਿਰ ਲੋਕਾਂ ਨੂੰ ਸੜਕਾਂ 'ਤੇ ਜਮ੍ਹਾ ਹੋਏ ਪਾਣੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਲੈ ਕੇ ਗਾਂਧੀ ਸਕੂਲ ਮਾਰਗ 'ਤੇ ਡ੍ਰੇਨਜ਼ ਦੀ ਸਮੱਸਿਆ ਗੰਭੀਰ ਹੋਣ ਕਾਰਨ ਲੋਕਾਂ ਨੇ ਰੋਸ ਜਤਾਇਆ। ਇਸ ਸਬੰਧੀ ਅਤਿੰਦਰਪਾਲ ਸਿੰਘ, ਮਾ. ਬਲਵਿੰਦਰ ਸਿੰਘ, ਮਹਿੰਦਰ ਕੌਰ, ਰਮਨ, ਜਾਵੇਦ, ਗੁਲਫਾਨ ਤੇ ਵਿੱਕੀ ਆਦਿ ਨੇ ਦੱਸਿਆ ਕਿ ਜਦੋਂ ਸ਼ਹਿਰ 'ਚ ਇੰਟਰਲਾਕ ਟਾਇਲਾਂ ਨਾਲ ਸੜਕਾਂ ਦਾ ਨਿਰਮਾਣ ਕੀਤਾ ਗਿਆ ਤਾਂ ਉਸ ਸਮੇਂ ਠੇਕੇਦਾਰਾਂ ਵੱਲੋਂ ਜਿਥੇ ਨਾਲੀਆਂ ਨੂੰ ਬੰਦ ਕਰ ਦਿੱਤਾ ਗਿਆ, ਉਥੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵੀ ਕੋਈ ਵਿਵਸਥਾ ਨਹੀਂ ਕੀਤੀ ਗਈ, ਜਿਸ ਕਾਰਨ ਸ਼ਹਿਰ ਦੇ ਹੇਠਲੇ ਭਾਗ ਪਾਣੀ 'ਚ ਡੁੱਬ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਾਂਧੀ ਸਕੂਲ ਮਾਰਗ 'ਤੇ ਸੜਕ ਬਣਾਉਂਦੇ ਸਮੇਂ ਨਾਲੀਆਂ ਨੂੰ ਬੰਦ ਕਰ ਦਿੱਤਾ ਗਿਆ ਤੇ ਹੁਣ ਹਾਲਾਤ ਇਹ ਹਨ ਕਿ ਮੀਂਹ ਦਾ ਪਾਣੀ ਜੋ ਸੜਕਾਂ 'ਤੇ ਤਲਾਅ ਦਾ ਰੂਪ ਧਾਰਨ ਕਰ ਲੈਂਦਾ ਹੈ, ਇਸ ਕਾਰਨ ਬੱਚਿਆਂ ਦਾ ਸਕੂਲ ਆਉਣਾ-ਜਾਣਾ ਵੀ ਖਤਰੇ ਤੋਂ ਖਾਲੀ ਨਹੀਂ। ਉਨ੍ਹਾਂ ਕਿਹਾ ਕਿ ਇੰਟਰਲਾਕਿੰਗ ਟਾਇਲਾਂ ਨਾਲ ਸੜਕਾਂ ਦਾ ਨਿਰਮਾਣ ਕਰਦੇ ਸਮੇਂ ਸੀਵਰੇਜ ਦੇ ਢੱਕਣਾਂ ਨੂੰ ਸਹੀ ਢੰਗ ਨਾਲ ਨਿਰਮਾਣ ਨਹੀਂ ਕੀਤਾ ਗਿਆ ਤੇ ਮੀਂਹ ਦੇ ਪਾਣੀ ਦੇ ਸਮੇਂ ਜ਼ਿਆਦਾਤਰ ਵਾਹਨ ਚਾਲਕ ਉਕਤ ਪਏ ਖੱਡਿਆਂ ਕਾਰਨ ਉਨ੍ਹਾਂ 'ਚ ਡਿੱਗ ਕੇ ਜ਼ਖਮੀ ਹੋ ਜਾਂਦੇ ਹਨ।
ਦੂਜੇ ਪਾਸੇ ਹਸਪਤਾਲ ਰੋਡ, ਪ੍ਰੀਤ ਕਾਲੋਨੀ ਰੋਡ, ਪਬਲਿਕ ਕਾਲੋਨੀ ਰੋਡ, ਬੇਅੰਤ ਸਿੰਘ, ਅਮਨ ਨਗਰ, ਰਣਜੀਤ ਐਵੀਨਿਊ, ਰਾਮਲੀਲਾ ਗਰਾਊਂਡ ਰੋਡ, ਗਿਆਨੀ ਜੈਲ ਸਿੰਘ ਨਗਰ ਦੇ ਜ਼ਿਆਦਾਤਰ ਭਾਗ ਅੱਜ ਮੀਂਹ ਦੇ ਪਾਣੀ 'ਚ ਡੁੱਬੇ ਰਹੇ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਾਣੀ ਦੀ ਨਿਕਾਸੀ ਨੂੰ ਲੈ ਕੇ ਪ੍ਰੇਸ਼ਾਨ ਦੁਕਾਨਦਾਰਾਂ ਨੇ ਅੱਜ ਖੁਦ ਆਪਣੇ ਖਰਚੇ 'ਤੇ ਅਸਥਾਈ ਡ੍ਰੇਨ ਸਿਸਟਮ ਨਾਲ ਕੰਮ ਸ਼ੁਰੂ ਕਰਵਾਇਆ ਤਾਂ ਕਿ ਮੀਂਹ ਦਾ ਪਾਣੀ ਸੜਕ 'ਤੇ ਜਮ੍ਹਾ ਹੋਣ ਦੀ ਬਜਾਏ ਡ੍ਰੇਨ ਦੇ ਜ਼ਰੀਏ ਨਿਕਾਸ ਹੋ ਸਕੇ।