ਮੀਂਹ ਦੇ ਮੌਸਮ ਦੀ ਸ਼ੁਰੂਆਤ ਨਾਲ ਬੀਮਾਰੀਆਂ ਫੈਲਣ ਦਾ ਖਤਰਾ
Sunday, Jul 02, 2017 - 07:40 AM (IST)

ਮੋਗਾ (ਸੰਦੀਪ) - ਇਕ ਪਾਸੇ ਮੀਂਹ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਪੇਟ ਨਾਲ ਸਬੰਧਿਤ ਬੀਮਾਰੀਆਂ ਸਮੇਤ ਕਈ ਮੌਸਮੀ ਬੀਮਾਰੀਆਂ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ, ਉੱਥੇ ਹੀ ਦਿਨ-ਬ-ਦਿਨ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਮਲੇਰੀਆ ਬ੍ਰਾਂਚ ਦੀਆਂ ਟੀਮਾਂ ਨੂੰ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ 'ਚ ਇਨ੍ਹਾਂ ਬੀਮਾਰੀਆਂ ਦੀ ਮੁਫਤ ਜਾਂਚ ਅਤੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ ਪਰ ਜੇਕਰ ਜ਼ਿਲਾ ਪੱਧਰੀ ਹਸਪਤਾਲ ਦੀ ਗੱਲ ਕਰੀਏ ਤਾਂ ਅਜਿਹੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਦੇ ਟੈਸਟ ਕਰਵਾਉਣ ਅਤੇ ਲੈਬ ਰਿਪੋਰਟ ਦੇ ਆਧਾਰ 'ਤੇ ਅਜਿਹੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਮੈਡੀਸਨ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਸਰਕਾਰੀ ਸਿਹਤ ਸੁਵਿਧਾਵਾਂ 'ਤੇ ਭਾਰੀ ਪੈ ਰਹੀ ਹੈ। ਇਹੀ ਨਹੀਂ ਮੈਡੀਸਨ ਸਪੈਸ਼ਲਿਸਟ ਦੀ ਕਮੀ ਕਾਰਨ ਜ਼ਿਲੇ ਦੇ ਗੁਰਦੇ ਦੀਆਂ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਡਾਇਲਸਿਸ ਕਰਨ ਲਈ ਸਥਾਪਤ ਕੀਤੇ ਗਏ ਡਾਇਲਸਿਸ ਸੈਂਟਰ ਵਿਚ ਵੀ ਮਰੀਜ਼ਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
'ਮੁੱਖ ਮੰਤਰੀ ਹੈਪੇਟਾਈਟਸ-ਸੀ ਮੁਫਤ ਇਲਾਜ ਯੋਜਨਾ' ਵੀ ਹੋ ਰਹੀ ਪ੍ਰਭਾਵਿਤ
ਐਪੀਡੀਮੋਲੋਜਿਸਟ ਦਿਵਜੋਤ ਸਿੰਘ ਅਨੁਸਾਰ ਡਾ. ਰਾਮੇਂਦਰ ਸ਼ਰਮਾ ਦੇ ਛੁੱਟੀ 'ਤੇ ਹੋਣ ਕਾਰਨ ਹੈਪਾਟਾਈਟਸ-ਸੀ ਮੁਫਤ ਇਲਾਜ ਯੋਜਨਾ ਵੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਪੀੜਤ 50 ਤੋਂ 70 ਤੱਕ ਨਵੇਂ ਮਰੀਜ਼ ਇਸ ਯੋਜਨਾ ਦਾ ਲਾਭ ਲੈਣ ਅਤੇ ਆਪਣਾ ਇਲਾਜ ਕਰਵਾਉਣ ਲਈ ਡਾਕਟਰ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਵੱਲੋਂ ਪਹਿਲਾਂ ਜ਼ਿਲਾ ਪੱਧਰੀ ਅਧਿਕਾਰੀਆਂ ਨੂੰ ਮਰੀਜ਼ਾਂ ਦੀ ਇਸ ਸਮੱਸਿਆ ਬਾਰੇ ਜਾਗਰੂਕ ਕਰਵਾ ਦਿੱਤਾ ਗਿਆ ਸੀ। ਹੁਣ ਸਿਵਲ ਸਰਜਨ ਡਾ. ਨਰਿੰਦਰ ਸਿੰਘ ਨੇ ਆਪਣੀ ਰਿਟਾਇਰਮੈਂਟ ਦੇ ਇਕ ਦਿਨ ਪਹਿਲਾਂ ਹੀ ਸਟੇਟ ਡਾਇਰੈਕਟਰ ਹੈਲਥ ਸਰਵਿਸਿਜ਼ ਨੂੰ ਇਸ ਸਮੱਸਿਆ ਸਬੰਧੀ ਜਾਣੂ ਕਰਵਾ ਦਿੱਤਾ ਹੈ।
ਜ਼ਿਲਾ ਪੱਧਰੀ ਅਧਿਕਾਰੀਆਂ ਦਾ ਡਾਕਟਰ ਦੀ ਤਾਇਨਾਤੀ ਸਬੰਧੀ ਯਤਨ ਰਿਹਾ ਅਸਫਲ
ਕਾਰਜਕਾਰੀ ਸਿਵਲ ਸਰਜਨ ਅਤੇ ਐੱਸ. ਐੱਮ. ਓ. ਡਾ. ਅਰਵਿੰਦਰਪਾਲ ਸਿੰਘ ਗਿੱਲ ਅਨੁਸਾਰ ਮਰੀਜ਼ਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਸਾਬਕਾ ਸਿਵਲ ਸਰਜਨ ਡਾ. ਨਰਿੰਦਰ ਸਿੰਘ ਵੱਲੋਂ ਬਾਘਾਪੁਰਾਣਾ ਦੇ ਹਸਪਤਾਲ 'ਚ ਤਾਇਨਾਤ ਮੈਡੀਸਨ ਸਪੈਸ਼ਲਿਸਟ ਡਾ. ਮਨਜੀਤ ਸਿੰਘ ਟੱਕਰ ਨੂੰ 3 ਦਿਨ ਸਿਵਲ ਸਿਵਲ ਹਸਪਤਾਲ 'ਚ ਡਿਊਟੀ ਕਰਨ ਦੇ ਹੁਕਮ ਦਿੱਤੇ ਸਨ ਪਰ ਉਹ ਇਸ ਸਬੰਧੀ ਤਿਆਰ ਨਹੀਂ ਹੋਏ, ਜਿਸ 'ਤੇ ਉਨ੍ਹਾਂ ਵੱਲੋਂ ਡਾਇਰੈਕਟਰ ਹੈਲਥ ਸਰਵਿਸਿਜ਼ ਨੂੰ ਲਿਖਤੀ ਤੌਰ 'ਤੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਦਿਆਂ ਤੁਰੰਤ ਇਸ ਦਾ ਹੱਲ ਕਰਵਾਉਣ ਦੀ ਅਪੀਲ ਕੀਤੀ।