ਬਦਲੇ ਮੌਸਮ ਨੇ ਲੋਕਾਂ ਨੂੰ ਛੇੜੀ ਕੰਬਣੀ, ਕਿਸਾਨਾਂ ਦੇ ਸੂਤੇ ਸਾਹ
Monday, Sep 30, 2019 - 11:36 AM (IST)

ਦੋਰਾਹਾ (ਸੁਖਬੀਰ) : ਪਿਛਲੇ 2 ਦਿਨਾਂ ਤੋਂ ਬਿਹਾਰ ਅਤੇ ਯੂ. ਪੀ. ਆਦਿ ਸੂਬਿਆਂ 'ਚ ਪੈ ਰਹੀ ਭਾਰੀ ਬਾਰਸ਼ ਆਪਣਾ ਕਹਿਰ ਦਿਖਾ ਰਹੀ ਹੈ, ਜਿਸ ਨਾਲ ਇਨ੍ਹਾਂ ਸੂਬਿਆਂ 'ਚ ਹੜ੍ਹਾਂ ਵਰਗੀ ਸਥਿਤੀ ਦਿਖਾਈ ਦਿੰਦੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਤੋਂ ਅੱਤ ਦੀ ਪੈ ਰਹੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਰੱਖਿਆ ਸੀ ਪਰ ਪਿਛਲੇ 2 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਿੱਥੇ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਹਿਸੂਸ ਹੋਈ ਹੈ, ਉੱਥੇ ਹੀ ਇਸ ਮੀਂਹ ਨਾਲ ਸਰਦੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਲਗਾਤਾਰ ਮੀਂਹ ਪੈਣ ਕਾਰਨ ਮੌਸਮ ਦੇ ਬਦਲਦੇ ਮਿਜ਼ਾਜ ਨੇ ਲੋਕਾਂ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ।
ਇੱਥੇ ਦੱਸ ਦੇਈਏ ਕਿ ਪੰਜਾਬ ਅੰਦਰ ਝੋਨੇ ਦੀ ਫਸਲ ਬਿਲਕੁਲ ਤਿਆਰ-ਬਰ-ਤਿਆਰ ਹੋ ਕੇ ਖੇਤਾਂ 'ਚ ਖੜ੍ਹੀ ਹੈ, ਜਿਸ ਨੂੰ ਇਸ ਪੈ ਰਹੇ ਬੇਮੌਸਮੀ ਮੀਂਹ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਦੇਸ਼ ਦੇ ਅੰਨਦਾਤਾ ਕਿਸਾਨ ਨੇ ਆਪਣੀ ਪੁੱਤਾਂ ਵਾਂਗੂੰ ਪਾਲੀ ਫਸਲ ਨੂੰ ਦੇਖ ਕੇ ਸਾਹ ਸੂਤੇ ਨਜ਼ਰ ਦਿਖਾਏ ਦਿੰਦੇ ਹਨ। ਨਾਲ ਦਿਹਾੜੀ ਮਜ਼ਦੂਰੀ ਕਰਨ ਵਾਲੇ ਆਮ ਲੋਕਾਂ ਦਾ ਜਨ ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।