ਮੱਠਾ ਨਹੀਂ ਹੋਇਆ ਮਾਨਸੂਨ, ਰੁਕ-ਰੁਕ ਕੇ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

Wednesday, Jul 10, 2024 - 12:52 PM (IST)

ਮੱਠਾ ਨਹੀਂ ਹੋਇਆ ਮਾਨਸੂਨ, ਰੁਕ-ਰੁਕ ਕੇ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਚੰਡੀਗੜ੍ਹ (ਪਾਲ) : ਸ਼ਹਿਰ ਦੇ ਕੁੱਝ ਸੈਕਟਰਾਂ 46,47,48 ਤੇ 49 ’ਚ ਬੀਤੀ ਸ਼ਾਮ 5 ਵਜੇ ਦੇ ਕਰੀਬ ਚੰਗਾ ਮੀਂਹ ਦਰਜ ਕੀਤਾ ਗਿਆ। ਪਿਛਲੇ ਕੁੱਝ ਦਿਨਾਂ ਤੋਂ ਬੱਦਲ ਛਾ ਰਹੇ ਹਨ ਪਰ ਜ਼ਿਆਦਾ ਵਰ੍ਹ ਨਹੀਂ ਰਹੇ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਮਾਨਸੂਨ ਹੌਲੀ ਨਹੀਂ ਹੋਇਆ ਹੈ। 7 ਦਿਨਾਂ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਰੁਕ-ਰੁਕ ਕੇ ਹਲਕਾ ਤੇ ਭਾਰੀ ਮੀਂਹ ਜਾਰੀ ਰਹੇਗਾ। ਮਾਨਸੂਨ ਸਹੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ।

ਅਚਨਚੇਤ ਭਾਰੀ ਮੀਂਹ ਤੇ ਲਗਾਤਾਰ ਮੀਂਹ ਪੈਣਾ ਵੀ ਠੀਕ ਨਹੀਂ ਹੁੰਦਾ। ਪਿਛਲੇ ਸਾਲ 8, 9 ਅਤੇ 10 ਜੁਲਾਈ ਨੂੰ ਲਗਾਤਾਰ ਤਿੰਨ ਦਿਨ ਮੀਂਹ ਪੈਂਦਾ ਰਿਹਾ ਸੀ। ਰੁਕ-ਰੁਕ ਕੇ ਮੀਂਹ ਪੈਣ ਨਾਲ ਜ਼ਮੀਨ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਧਰਤੀ ਹੇਠਲੇ ਪਾਣੀ ਨੂੰ ਸਹੀ ਢੰਗ ਨਾਲ ਰੀਚਾਰਜ ਹੋਣ ਦਾ ਮੌਕਾ ਮਿਲਦਾ ਹੈ, ਜੋ ਲਗਾਤਾਰ ਮੀਂਹ ਦੌਰਾਨ ਸੰਭਵ ਨਹੀਂ ਹੁੰਦਾ। ਵਿਭਾਗ ਵੱਲੋਂ ਮਾਨਸੂਨ ਨੂੰ ਲੈ ਕੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਤੱਕ ਜੋ ਦੇਖਿਆ ਹੈ, ਉਸ ਮੁਤਾਬਕ ਮਾਨਸੂਨ ਚੰਗੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਤੇ ਆਪਣੀ ਆਮ ਸਥਿਤੀ ’ਚ ਹੈ। ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਕਾਰਨ ਮੀਂਹ ਦੀ ਮਾਤਰਾ ਆਮ ਵਾਂਗ ਹੈ, ਬਰਸਾਤ ਦਾ ਕੋਟਾ ਵੀ ਪੂਰਾ ਹੋ ਜਾਂਦਾ ਹੈ ਅਤੇ ਨਾਲ ਹੀ ਪਾਣੀ ਭਰਨ ਤੇ ਹੜ੍ਹ ਵਰਗੇ ਹਾਲਾਤ ਵੀ ਨਹੀਂ ਹਨ।
12 ਨੂੰ ਪੈ ਸਕਦਾ ਹੈ ਭਾਰੀ ਮੀਂਹ
ਮਾਨਸੂਨ ਨੇ ਜੁਲਾਈ ਦੇ ਪਹਿਲੇ ਹਫ਼ਤੇ ’ਚ ਜਦੋਂ ਦਸਤਕ ਦਿੱਤੀ ਤਾਂ ਰੋਜ਼ਾਨਾ ਮੀਂਹ ਆ ਰਿਹਾ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਇਸ ’ਚ ਕਮੀ ਆਈ ਹੈ। ਇਸ ਸਬੰਧੀ ਮੌਸਮ ਵਿਭਾਗ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਮਾਨਸੂਨ ਸੀਜ਼ਨ ’ਚ ਅਜਿਹਾ ਹੋਣਾ ਕੋਈ ਅਨੋਖੀ ਗੱਲ ਨਹੀਂ ਹੈ। ਮੀਂਹ ’ਚ ਜੇ ਦੋ-ਤਿੰਨ ਦਿਨਾਂ ਦਾ ਫ਼ਰਕ ਹੈ ਤਾਂ ਉਹ ਆਮ ਗੱਲ ਹੈ। ਅਜਿਹਾ ਨਹੀਂ ਹੁੰਦਾ ਕਿ ਸਾਰੇ ਖੇਤਰਾਂ ’ਚ ਇੱਕੋ ਸਮੇਂ ਲਗਾਤਾਰ ਮੀਂਹ ਪੈਂਦਾ ਰਹੇ। ਅਜਿਹਾ ਘੱਟ ਹੀ ਹੁੰਦਾ ਹੈ। ਚੰਡੀਗੜ੍ਹ ਦੀ ਗੱਲ ਕਰੀਏ ਤਾਂ ਮਾਨਸੂਨ ਸਹੀ ਹਾਲਤ ’ਚ ਹੈ। 12 ਜੁਲਾਈ ਨੂੰ ਜ਼ਰੂਰ ਭਾਰੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ। ਨਾ ਸਿਰਫ਼ ਚੰਡੀਗੜ੍ਹ ਸਗੋਂ ਪੰਜਾਬ ਤੇ ਹਰਿਆਣਾ ''ਚ ਵੀ ਇਸ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਤਾਪਮਾਨ ''ਚ ਫ਼ਿਲਹਾਲ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲ ਰਿਹਾ। ਅਗਲੇ ਹਫ਼ਤੇ ਤੱਕ ਵੱਧ ਤੋਂ ਵੱਧ ਤਾਪਮਾਨ 32 ਤੋਂ 35 ਡਿਗਰੀ ਦੇ ਵਿਚਕਾਰ ਰਹੇਗਾ। ਘੱਟੋ-ਘੱਟ ਤਾਪਮਾਨ 24 ਤੇ 25 ਡਿਗਰੀ ਰਹਿਣ ਦੀ ਸੰਭਾਵਨਾ ਹੈ।
 


author

Babita

Content Editor

Related News