ਅੰਮ੍ਰਿਤਸਰ ਤੋਂ ਬਾਅਦ ਮਾਨਸਾ ''ਚ ਕੁਦਰਤ ਦੀ ਮਾਰ, ਔਰਤ ''ਤੇ ਕਹਿਰ ਬਣ ਵਰ੍ਹਿਆ ਮੀਂਹ

Saturday, Mar 07, 2020 - 05:01 PM (IST)

ਅੰਮ੍ਰਿਤਸਰ ਤੋਂ ਬਾਅਦ ਮਾਨਸਾ ''ਚ ਕੁਦਰਤ ਦੀ ਮਾਰ, ਔਰਤ ''ਤੇ ਕਹਿਰ ਬਣ ਵਰ੍ਹਿਆ ਮੀਂਹ

ਸਰਦੂਲਗੜ੍ਹ (ਚੋਪੜਾ) : ਨਜ਼ਦੀਕੀ ਪਿੰਡ ਆਦਮਕੇ ਵਿਖੇ ਲਗਾਤਾਰ ਹੋ ਰਹੀ ਬਰਸਾਤ ਕਾਰਣ ਇਕ ਘਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਮਲਬੇ ਥੱਲੇ ਆ ਕੇ ਕਰਮਜੀਤ ਕੌਰ (45) ਪਤਨੀ ਤੇਜਾ ਸਿੰਘ ਦੀ ਮੌਤ ਹੋ ਗਈ। ਮ੍ਰਿਤਕਾ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਲਗਾਤਾਰ ਹੋ ਰਹੀ ਬਰਸਾਤ ਕਰਕੇ ਉਸ ਦੀ ਮਾਮੀ ਕਰਮਜੀਤ ਕੌਰ ਦੇ ਘਰ ਦੇ ਕਮਰੇ ਦੀ ਛੱਤ ਡਿੱਗ ਪਈ ਅਤੇ ਕਰਮਜੀਤ ਕੌਰ ਮਲਬੇ ਥੱਲੇ ਦੱਬ ਗਈ। ਜਿਸ ਨਾਲ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਗਰੀਬ ਪਰਿਵਾਰ ਦੀ ਤੁਰੰਤ ਆਰਥਿਕ ਸਹਾਇਤਾ ਕੀਤੀ ਜਾਵੇ ਕਿਉਂਕਿ ਘਰ ਵਿਚ ਕੋਈ ਵੀ ਕਮਾਉਣ ਵਾਲਾ ਮਰਦ ਨਾ ਹੋਣ ਕਰਕੇ ਘਰ ਦੀ ਮਾਲੀ ਹਾਲਤ ਪਹਿਲਾਂ ਹੀ ਬਹੁਤ ਕਮਜ਼ੋਰ ਹੈ। ਇਸ ਸਬੰਧੀ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਪੂਰਨ ਸਿੰਘ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਕੇ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਮੀਂਹ ਕਾਰਨ ਅੰਮ੍ਰਿਤਸਰ ਵਿਚ ਵੀ ਇਕ ਅਜਿਹਾ ਹਾਦਸਾ ਵਾਪਰਿਆ ਸੀ, ਜਿਸ ਵਿਚ ਛੱਤ ਡਿੱਗਣ ਕਾਰਨ ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ ਸੀ। 

ਬਾਰਿਸ਼ ਕਾਰਨ ਫਸਲਾਂ ਦਾ ਨੁਕਸਾਨ
ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਜਿੱਥੇ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ, ਉਥੇ ਹੀ ਤਾਪਮਾਨ 'ਚ ਗਿਰਾਵਟ ਆਉਣ ਨਾਲ ਇਕ ਵਾਰ ਫਿਰ ਠੰਡ 'ਚ ਵਾਧਾ ਹੋਇਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਮੰਗੀ ਹੈ। ਚੀਮਾ ਨੇ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਡੀਓ ਲੈਟਰ ਵੀ ਲਿਖਿਆ ਹੈ। ਚੀਮਾ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਸੰਗਰੂਰ ਜ਼ਿਲੇ ਦੇ ਦਿੜ੍ਹਬਾ ਅਤੇ ਲਹਿਰਾਗਾਗਾ ਹਲਕਿਆਂ ਦੇ ਕਾਫ਼ੀ ਪਿੰਡਾਂ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਚੀਮਾ ਨੇ ਕਿਹਾ ਕਿ ਪਹਿਲਾਂ ਹੀ ਖੇਤੀ ਸੰਕਟ ਦਾ ਸ਼ਿਕਾਰ ਕਿਸਾਨ ਕਰਜ਼ਿਆਂ ਕਾਰਨ ਖੁਦਕੁਸ਼ੀਆਂ ਤੱਕ ਕਰਨ ਲਈ ਮਜਬੂਰ ਹੋਇਆ ਪਿਆ ਹੈ। ਇਸ ਲਈ ਅਜਿਹੀ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੀ 100 ਪ੍ਰਤੀਸ਼ਤ ਪੂਰਤੀ ਲਈ ਸਰਕਾਰ ਬਣਦਾ ਮੁਆਵਜ਼ਾ ਦੇਵੇ। ਜਿਸ ਲਈ ਤੁਰੰਤ ਗਿਰਦਾਵਰੀ ਲੋੜੀਂਦੀ ਹੈ।

ਇਹ ਵੀ ਪੜ੍ਹੋ : ਪਰਿਵਾਰ 'ਤੇ ਕੁਦਰਤ ਦਾ ਕਹਿਰ : ਮੰਦਬੁੱਧੀ ਬੱਚੀ ਦੇ ਸਿਰ ਤੋਂ ਉੱਠ ਗਿਆ ਮਾਪਿਆਂ ਦਾ ਸਾਇਆ      


author

Gurminder Singh

Content Editor

Related News