ਪੰਜਾਬ ''ਚ ਕਈ ਥਾਈਂ ਪਿਆ ਮੀਂਹ, ਲੁਧਿਆਣਾ ਨੇੜੇ ਭਾਰੀ ਗੜੇਮਾਰੀ (ਤਸਵੀਰਾਂ)
Tuesday, Nov 26, 2019 - 06:45 PM (IST)
ਜਲੰਧਰ : ਪੰਜਾਬ ਵਿਚ ਮੌਸਮ ਨੇ ਅਚਾਨਕ ਕਰਵਟ ਬਦਲ ਲਈ ਹੈ। ਮੰਗਲਵਾਰ ਨੂੰ ਜਿਥੇ ਸੂਬੇ 'ਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਈ, ਉਥੇ ਹੀ ਲੁਧਿਆਣਾ ਦੇ ਨੇੜਲੇ ਪਿੰਡ ਹੰਸ ਕਲਾਂ ਵਿਖੇ ਭਾਰੀ ਗੜੇਮਾਰੀ ਹੋਈ। ਇਸ ਗੜੇਮਾਰੀ ਅਤੇ ਬਾਰਿਸ਼ ਕਾਰਨ ਜਿੱਥੇ ਪਾਰ ਡਿੱਗਿਆ ਹੈ, ਉਥੇ ਹੀ ਠੰਡ ਨੇ ਵੀ ਜ਼ੋਰ ਫੜ ਲਿਆ ਹੈ।
ਦੱਸਣਯੋਗ ਹੈ ਕਿ ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਦੋ ਦਿਨ ਸੂਬੇ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਿਸ ਨਾਲ ਠੰਡ 'ਚ ਵਾਧਾ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਕਈ ਖੁੱਲ੍ਹੇ ਇਲਾਕਿਆਂ 'ਚ ਵਿਭਾਗ ਵਲੋਂ ਗੜੇ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ 26 ਤੇ 27 ਨਵੰਬਰ ਨੂੰ ਕੁਝ ਹਿੱਸਿਆਂ 'ਚ ਹਲਕੀ ਬਾਰਸ਼ ਹੋ ਸਕਦੀ ਹੈ। 27 ਨਵੰਬਰ ਤੋਂ ਬਾਅਦ ਮੌਸਮ ਆਮ ਰਹੇਗਾ ਤੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਹੋ ਸਕਦੀ ਹੈ। ਜਦਕਿ ਐਤਵਾਰ ਨੂੰ ਕਈ ਥਾਂਵਾਂ 'ਤੇ ਧੁੱਪ ਖਿੜੇਗੀ।