ਰੇਲਵੇ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ’ਚ ਬਿਨਾਂ ਟਿਕਟ ਯਾਤਰੀਆਂ ਨੂੰ ਜੁਰਮਾਨਾ, ਪੈਂਟਰੀ ਕਾਰ ਲਾਇਸੈਂਸ ’ਤੇ ਕਾਰਵਾਈ ਸ਼ੁਰੂ

Monday, Mar 31, 2025 - 01:43 AM (IST)

ਰੇਲਵੇ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ’ਚ ਬਿਨਾਂ ਟਿਕਟ ਯਾਤਰੀਆਂ ਨੂੰ ਜੁਰਮਾਨਾ, ਪੈਂਟਰੀ ਕਾਰ ਲਾਇਸੈਂਸ ’ਤੇ ਕਾਰਵਾਈ ਸ਼ੁਰੂ

ਜਲੰਧਰ (ਪੁਨੀਤ) - ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੇ ਮਾਰਗਦਰਸ਼ਨ ਵਿਚ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਦੀ ਅਗਵਾਈ ਵਿਚ ਇਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਵਿਚ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਅਤੇ ਪੈਂਟਰੀ ਕਾਰ ਵਿਚ ਕਮੀਆਂ ਪਾਏ ਜਾਣ ’ਤੇ ਲਾਇਸੈਂਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਸ਼ੇਸ਼ ਮੁਹਿੰਮ ਵਿਚ ਜਲੰਧਰ ਅਤੇ ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਦੇ ਅਧਿਕਾਰੀ ਸ਼ਾਮਲ ਹੋਏ।

ਇਹ ਮੁਹਿੰਮ ਟ੍ਰੇਨ ਨੰਬਰ 19611 ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ ਤੋਂ ਸ਼ੁਰੂ ਹੋਈ। ਵਿਸ਼ੇਸ਼ ਤੌਰ ’ਤੇ ਬਣਾਈਆਂ ਗਈਆਂ ਟੀਮਾਂ ਨੇ ਵੱਖ-ਵੱਖ ਡੱਬਿਆਂ ਵਿਚ ਜਾ ਕੇ ਟਿਕਟਾਂ ਦੀ ਜਾਂਚ ਕੀਤੀ ਅਤੇ ਬਿਨਾਂ ਟਿਕਟ ਤੇ ਅਨਿਯਮਿਤ ਯਾਤਰਾ ਕਰਨ ਵਾਲੇ ਯਾਤਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਗਈ।

ਇਸ ਵਿਸ਼ੇਸ਼ ਮੁਹਿੰਮ ਵਿਚ ਸੀ. ਐੱਮ. ਆਈ. ਜਲੰਧਰ ਨਿਤੇਸ਼, ਅੰਮ੍ਰਿਤਸਰ ਤੋਂ ਪ੍ਰਦੀਪ ਕੁਮਾਰ ਸਿੰਘ, ਟਿਕਟ ਚੈਕਿੰਗ ਸਟਾਫ, ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਜੀ. ਆਰ. ਪੀ. ਦੇ ਜਵਾਨ ਸ਼ਾਮਲ ਸਨ। ਇਸ ਮੌਕੇ 13 ਯਾਤਰੀਆਂ ਨੂੰ ਬਿਨਾਂ ਟਿਕਟ ਯਾਤਰਾ ਕਰਦਿਆਂ ਫੜਿਆ ਗਿਆ ਅਤੇ ਉਨ੍ਹਾਂ ਤੋਂ ਰੇਲਵੇ ਨਿਯਮਾਂ ਅਨੁਸਾਰ 10,000 ਰੁਪਏ ਤੋਂ ਵੱਧ ਜੁਰਮਾਨਾ ਵਸੂਲਿਆ ਗਿਆ।

ਸੈਣੀ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਯਾਤਰੀਆਂ ਨੂੰ ਟਿਕਟ ਲੈ ਕੇ ਯਾਤਰਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ ਤਾਂ ਕਿ ਗੈਰ-ਕਾਨੂੰਨੀ ਯਾਤਰਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਯਾਤਰੀਆਂ ਨੂੰ ਸਫਾਈ ਬਣਾਈ ਰੱਖਣ ਅਤੇ ਰੇਲਵੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰੇਲਵੇ ਵੱਲੋਂ ਭਵਿੱਖ ਵਿਚ ਵੀ ਅਜਿਹੀਆਂ ਮੁਆਇਨਾ ਅਤੇ ਟਿਕਟ ਜਾਂਚ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ, ਤਾਂ ਕਿ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਸਕਣ ਅਤੇ ਗੈਰ-ਕਾਨੂੰਨੀ ਸਰਗਰਮੀਆਂ ’ਤੇ ਰੋਕ ਲਾਈ ਜਾ ਸਕੇ।

ਵੈਂਡਰਸ ਨੂੰ ਸਟੇਸ਼ਨ ’ਤੇ ਲਾਇਆ ਜੁਰਮਾਨਾ
ਇਸ ਮੁਹਿੰਮ ਤਹਿਤ ਟ੍ਰੇਨ ਨੰਬਰ 19611 ਦੀ ਸਾਈਡ ਪੈਂਟਰੀ ਕਾਰ ਦਾ ਅਚਾਨਕ ਮੁਆਇਨਾ ਕੀਤਾ ਗਿਆ। ਇਸ ਦੌਰਾਨ ਪੈਂਟਰੀ ਕਾਰ ਵਿਚੋਂ ਰੇਲਵੇ ਵੱਲੋਂ ਪਾਬੰਦੀਸ਼ੁਦਾ ਕੁਝ ਡੱਬਾਬੰਦ ​​ਭੋਜਨ ਪਦਾਰਥ (ਗੈਰ-ਮਨਜ਼ੂਰਸ਼ੁਦਾ ਬ੍ਰਾਂਡ) ਮਿਲੇ। ਇਸ ਤੋਂ ਇਲਾਵਾ ਮੁਆਇਨੇ ਦੌਰਾਨ ਕੁਝ ਹੋਰ ਬੇਨਿਯਮੀਆਂ ਵੀ ਪਾਈਆਂ ਗਈਆਂ, ਜਿਵੇਂ ਕਿ ਜਾਇਜ਼ ਦਸਤਾਵੇਜ਼ਾਂ ਦੀ ਘਾਟ ਅਤੇ ਚਾਰ ਵਿਕਰੇਤਾ ਅਣ-ਅਧਿਕਾਰਤ ਤੌਰ ’ਤੇ ਕੰਮ ਕਰਦੇ ਪਾਏ ਗਏ। ਸਟੇਸ਼ਨ ’ਤੇ ਹੀ ਇਨ੍ਹਾਂ ਚਾਰਾਂ ਵਿਕਰੇਤਾਵਾਂ ’ਤੇ 4,000 ਰੁਪਏ ਜੁਰਮਾਨਾ ਲਾਇਆ ਗਿਆ ਅਤੇ ਮੌਕੇ ’ਤੇ ਹੀ ਵਸੂਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਆਈ. ਆਰ. ਸੀ. ਟੀ. ਸੀ. ਦੇ ਨਿਯਮਾਂ ਤਹਿਤ ਪੈਂਟਰੀ ਕਾਰ ਲਾਇਸੈਂਸ ਵਿਰੁੱਧ ਵਿਭਾਗੀ ਕਾਰਵਾਈ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਟ੍ਰੇਨ ’ਚ ਸਫ਼ਾਈ ਸਬੰਧੀ ਦਿੱਤੇ ਗਏ ਸਖ਼ਤ ਨਿਰਦੇਸ਼
ਮੁਆਇਨੇ ਦੌਰਾਨ ਟ੍ਰੇਨ ਵਿਚ ਓ. ਬੀ. ਐੱਚ. ਐੱਸ. (ਆਨ ਬੋਰਡ ਹਾਊਸਕੀਪਿੰਗ ਸੇਵਾ) ਸਟਾਫ ਨੂੰ ਨਿਯਮਿਤ ਸਫਾਈ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਸਨ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਨਤਕ ਸ਼ਿਕਾਇਤਾਂ ਘੱਟ ਹੋਣ। ਉਨ੍ਹਾਂ ਕਿਹਾ ਕਿ ਸਵੱਛਤਾ ਰੇਲਵੇ ਦੀ ਤਰਜੀਹ ਹੈ ਅਤੇ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਭੰਡਾਰੇ ਸਬੰਧੀ ਬਿਆਸ ਰੇਲਵੇ ਸਟੇਸ਼ਨ ਦਾ ਮੁਆਇਨਾ
ਬਿਆਸ ਵਿਚ ਰਾਧਾ ਸਵਾਮੀ ਸਤਿਸੰਗ ਭੰਡਾਰੇ ਦੇ ਆਯੋਜਨ ਕਾਰਨ ਪਰਮਦੀਪ ਸਿੰਘ ਸੈਣੀ ਨੇ ਬਿਆਸ ਰੇਲਵੇ ਸਟੇਸ਼ਨ ਦਾ ਮੁਆਇਨਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਸਟੇਸ਼ਨ ’ਤੇ ਉਪਲੱਬਧ ਸਾਰੀਆਂ ਯਾਤਰੀ ਸਹੂਲਤਾਂ ਦਾ ਡੂੰਘਾਈ ਨਾਲ ਜਾਇਜ਼ਾ ਲਿਆ, ਜਿਨ੍ਹਾਂ ਵਿਚ ਸਵੱਛਤਾ, ਪੀਣ ਵਾਲੇ ਪਾਣੀ ਦੀ ਸਪਲਾਈ, ਵੇਟਿੰਗ ਹਾਲ ਅਤੇ ਹੋਰ ਬੁਨਿਆਦੀ ਸਹੂਲਤਾਂ ਸ਼ਾਮਲ ਹਨ। ਸੈਣੀ ਨੇ ਕਿਹਾ ਕਿ ਦਿੱਤੀਆਂ ਗਈਆਂ ਸਹੂਲਤਾਂ ਤਸੱਲੀਬਖਸ਼ ਪਾਈਆਂ ਗਈਆਂ।


author

Inder Prajapati

Content Editor

Related News