ਰੇਲਵੇ ਟ੍ਰੇਕ ਬਲਾਸਟ ਮਾਮਲੇ ''ਚ ਵੱਡੀ ਕਾਰਵਾਈ: RDX, ਹੈਂਡ ਗ੍ਰੇਨੇਡ ਸਣੇ ਵੱਡੀ ਮਾਤਰਾ ’ਚ ਧਮਾਕਾਖੇਜ ਸਮੱਗਰੀ ਬਰਾਮਦ
Thursday, Apr 30, 2026 - 08:47 AM (IST)
ਪਟਿਆਲਾ/ਜਲੰਧਰ/ਚੰਡੀਗੜ੍ਹ (ਬਲਜਿੰਦਰ, ਧਵਨ, ਅੰਕੁਰ) - ਸ਼ੰਭੂ ਰੇਲਵੇ ਟ੍ਰੈਕ ’ਤੇ ਆਈ. ਈ. ਡੀ. ਧਮਾਕੇ ਦੀ ਕੋਸ਼ਿਸ਼ ਦੇ ਮਾਮਲੇ ’ਚ ਪੁਲਸ ਵਲੋਂ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਪਟਿਆਲਾ ਪੁਲਸ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਅੰਮ੍ਰਿਤਸਰ ਨਾਲ ਮਿਲ ਕੇ ਸਾਂਝੇ ਆਪ੍ਰੇਸ਼ਨ ’ਚ ਤਰਨਤਾਰਨ ਦੇ ਪਿੰਡ ਪੰਜਵੜ ਖੁਰਦ ਤੋਂ ਆਰ. ਪੀ. ਜੀ., ਹੈਂਡ ਗ੍ਰੇਨੇਡ, ਧਮਾਕਾਖੇਜ਼ ਪਦਾਰਥ ਅਤੇ ਹਾਈਐਂਡ ਪਿਸਤੌਲ ਸਮੇਤ ਵੱਡੀ ਮਾਤਰਾ ’ਚ ਦਹਿਸ਼ਤ ਫੈਲਾਉਣ ਵਾਲੀ ਸਮੱਗਰੀ ਬਰਾਮਦ ਕਰ ਕੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ।
ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ

ਇਸ ਮਾਮਲੇ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਬਰਾਮਦ ਸਮੱਗਰੀ ’ਚ ਇਕ ਆਰ. ਪੀ. ਜੀ., 2.296 ਕਿਲੋਗ੍ਰਾਮ ਭਾਰ ਵਾਲਾ ਇਕ ਮੈਟੇਲਿਕ ਆਈ. ਈ. ਡੀ. (ਸਟਿੱਕੀ ਬੰਬ), ਜਿਸ ਨਾਲ 3 ਡੈਟੋਨੇਟਰ, 1.456 ਕਿਲੋਗ੍ਰਾਮ ਆਰ. ਡੀ. ਐਕਸ. ਦੇ 2 ਪੈਕੇਟ, ਇਕ ਪੀ-86 ਹੈਂਡ ਗ੍ਰੇਨੇਡ, 3 ਪਿਸਤੌਲ 9 ਐੱਮ. ਐੱਮ. ਗਲੌਕ-18 ਸੀ ਐਕਸ ‘ਆਸਟਰੀਆ’, .30 ਬੋਰ ਪੀ. ਐਕਸ. 5 ਸਟੌਰਮ ਅਤੇ .30 ਬੋਰ ਸਟਾਰ ਮਾਰਕ ਨਾਲ 5 ਮੈਗਜ਼ੀਨ ਅਤੇ 84 ਜ਼ਿੰਦਾ ਕਾਰਤੂਸ, 2 ਬਾਓਫੈਂਗ ਵਾਇਰਲੈੱਸ ਸੈੱਟ, 1 ਹੈੱਡਫੋਨ ਅਤੇ 2 ਟਾਈਮਰ ਸਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜੇ ਰੇਲਵੇ ਟ੍ਰੈਕ ’ਤੇ ਹੋਏ ਧਮਾਕੇ ਦੀ ਜਾਂਚ ਤਹਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ
ਇਸ ਦੌਰਾਨ ਜਗਰੂਪ ਸਿੰਘ ਉਰਫ਼ ਜੂਪਾ ਦੀ ਮੌਤ ਹੋ ਗਈ ਸੀ, ਜੋ ਕਿ ਰੇਲਵੇ ਟ੍ਰੈਕ 'ਤੇ ਆਈ. ਈ. ਡੀ. ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨਾਲ ਪਹਿਲਾਂ ਹੀ ਧਮਾਕਾ ਹੋ ਗਿਆ। ਦੱਸਣਯੋਗ ਹੈ ਕਿ ਪਟਿਆਲਾ ਪੁਲਸ ਨੇ ਇਸ ਮਾਮਲੇ ’ਚ 4 ਵਿਅਕਤੀਆਂ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ ਉਰਫ਼ ਬੱਗਾ, ਸਤਨਾਮ ਸਿੰਘ ਉਰਫ਼ ਸੱਤਾ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਕੋਲੋਂ ਇਕ ਹੈਂਡ ਗ੍ਰੇਨੇਡ, ਦੋ .30 ਬੋਰ ਪਿਸਤੌਲ, ਆਧੁਨਿਕ ਸੰਚਾਰ ਯੰਤਰ ਅਤੇ ਲੈਪਟਾਪ ਵੀ ਬਰਾਮਦ ਕੀਤੇ ਗਏ ਸਨ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਹ ਵੱਡੀ ਬਰਾਮਦੀ ਗ੍ਰਿਫਤਾਰ ਸਤਨਾਮ ਸਿੰਘ ਉਰਫ਼ ਸੱਤਾ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਹੋਈ ਹੈ, ਜੋ ਕਿ ਜਗਰੂਪ ਸਿੰਘ ਦਾ ਭਰਾ ਹੈ।
ਇਹ ਵੀ ਪੜ੍ਹੋ - ਹੁਣ ₹5,000 ਦੀ ਥਾਂ ਮਿਲੇਗੀ ₹10,000 ਪੈਨਸ਼ਨ! ਮੋਦੀ ਸਰਕਾਰ ਦਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
