ਰਾਜਪੁਰਾ ਰੇਲਵੇ ਪੁਲਸ ਨੇ ਦਿੱਤੀ ਇਮਾਨਦਾਰੀ ਦੀ ਮਿਸਾਲ, ਤੁਸੀਂ ਵੀ ਕਰੋਗੇ ਸਿਫ਼ਤਾਂ

Saturday, Sep 10, 2022 - 06:10 PM (IST)

ਰਾਜਪੁਰਾ (ਮਸਤਾਨਾ) : ਹਜ਼ਾਰਾਂ ਰੁਪਏ ਦਾ ਮਾਲ ਹੋਣ ਦੇ ਬਾਵਜੂਦ ਵੀ ਰਾਜਪੁਰਾ ਰੇਲਵੇ ਪੁਲਸ ਫੋਰਸ ਦਾ ਇਮਾਨ ਨਹੀਂ ਡੋਲਿਆ। ਰਾਜਪੁਰਾ ਰੇਲਵੇ ਪੁਲਸ ਨੇ 70 ਹਜ਼ਾਰ ਤੋਂ ਵੀ ਵੱਧ ਦਾ ਸਮਾਨ ਵਿਦਿਆਰਥਣ ਨੂੰ ਵਾਪਸ ਕੀਤਾ। ਰਾਜਪੁਰਾ ਰੇਲਵੇ ਪੁਲਸ ਚੌਂਕੀ ਦੇ ਮੁਖੀ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਚਿਤਕਾਰਾ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਜਸਪ੍ਰੀਤ ਕੌਰ ਵਾਸੀ ਯਮੁਨਾਨਗਰ ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ’ਤੇ ਯਮੁਨਾਨਗਰ ਦੀ ਟ੍ਰੇਨ ਫੜਨ ਲਈ ਬੈਠ ਸੀ ਅਤੇ ਉਸ ਦੇ ਹੱਥ ਵਿਚ ਇਕ ਬੈਗ ਸੀ, ਜਿਸ ਵਿਚ 60-70 ਹਜ਼ਾਰ ਦਾ ਕੀਮਤੀ ਲੈਪਲਾਟ, ਕੁੱਝ ਨਗਦੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਕਾਗਜ਼ ਸਨ, ਜਿਵੇਂ ਹੀ ਟ੍ਰੇਨ ਆਈ ਤਾਂ ਉਹ ਆਪਣਾ ਬੈਗ ਰੇਲਵੇ ਸਟੇਸ਼ਨ ਦੇ ਬੈਂਚ ’ਤੇ ਭੁੱਲ ਗਈ ਅਤੇ ਟ੍ਰੇਨ ਵਿਚ ਚੜ ਗਈ ਜਦੋਂ ਟ੍ਰੇਨ ਚੱਲ ਪਈ ਤਾਂ ਉਸ ਨੂੰ ਪਤਾ ਲੱਗ ਕਿ ਉਹ ਆਪਣਾ ਬੈਗ ਸਟੇਸ਼ਨ ’ਤੇ ਭੁੱਲ ਗਈ ਹੈ। 

ਉਸ ਨੇ ਤੁਰੰਤ ਇਕ ਦੋਸਤ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਤਾਂ ਉਸ ਦਾ ਦੋਸਤ ਰੇਲਵੇ ਪੁਲਸ ਕੋਲ ਗਿਆ ਅਤੇ ਸਾਰੀ ਗੱਲ ਦੱਸੀ। ਬਾਅਦ ਵਿਚ ਪਤਾ ਲੱਗਾ ਕਿ ਉਕਤ ਲੜਕੀ ਦਾ ਬੈਗ ਚੌਂਕੀ ਇੰਚਾਰਜ ਜਸਵਿੰਦਰ ਸਿੰਘ ਅਤੇ ਮੁੱਖ ਮੁਨਸ਼ੀ ਸ਼ਾਮ ਲਾਲ ਨੂੰ ਹੌਲਦਾਰ ਹਰਜਿੰਦਰ ਸਿੰਘ ਨੇ ਸੰਭਾਲ ਕੇ ਦਿੱਤਾ ਸੀ। ਇਹ ਬੈਗ ਉਸ ਨੂੰ ਉਕਤ ਥਾਂ ਤੋਂ ਮਿਲਿਆ ਸੀ। ਬੈਗ ਮਿਲਣ ’ਤੇ ਉਕਤ ਵਿਦਿਆਰਥਣ ਅਤੇ ਉਸ ਦੇ ਮਾਤਾ ਪਿਤਾ ਅਤੇ ਦੋਸਤਾਂ ਨੇ ਰਾਜਪੁਰਾ ਰੇਲਵੇ ਪੁਲਸ ਦਾ ਧੰਨਵਾਦ ਕੀਤਾ ਅਤੇ ਉਥੇ ਖੜੇ ਲੋਕਾਂ ਨੇ ਕਿਹਾ ਕਿ 70 ਹਜ਼ਾਰ ਤੋਂ ਵੀ ਵੱਧ ਦਾ ਸਮਾਨ ਸੀ, ਜਿਹੜਾ ਪੁਲਸ ਨੇ ਲੜਕੀ ਨੂੰ ਵਾਪਸ ਦਿੰਦੇ ਹੋਏ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।


Gurminder Singh

Content Editor

Related News