ਕੋਹਰੇ ਨਾਲ ਨਜਿੱਠਣ ਲਈ ਰੇਲਵੇ ਨੇ ਸ਼ੁਰੂ ਕੀਤੀਆਂ ਤਿਆਰੀਆਂ

Thursday, Dec 06, 2018 - 10:44 AM (IST)

ਕੋਹਰੇ ਨਾਲ ਨਜਿੱਠਣ ਲਈ ਰੇਲਵੇ ਨੇ ਸ਼ੁਰੂ ਕੀਤੀਆਂ ਤਿਆਰੀਆਂ

ਜਲੰਧਰ (ਗੁਲਸ਼ਨ)— ਕੋਹਰੇ ਦੇ ਦਿਨਾਂ 'ਚ ਟਰੇਨਾਂ ਨੂੰ ਸਮੇਂ 'ਤੇ ਚਲਾਉਣਾ ਰੇਲਵੇ ਵਿਭਾਗ ਲਈ ਕਾਫੀ ਵੱਡੀ ਚੁਣੌਤੀ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਟਰੇਨਾਂ ਦੀ ਸਪੀਡ ਕਾਫੀ ਘੱਟ ਹੋ ਜਾਂਦੀ ਹੈ ਅਤੇ ਇਸ ਦਾ ਸਿੱਧਾ ਅਸਰ ਟਰੇਨਾਂ ਦੀ ਸਮਾਂ ਸਾਰਣੀ 'ਤੇ ਪੈਂਦਾ ਹੈ। ਇਸ ਵਾਰ ਰੇਲਵੇ ਨੇ ਕੋਹਰੇ ਨਾਲ ਨਜਿੱਠਣ ਅਤੇ ਟਰੇਨਾਂ ਦੀ ਲੇਟ-ਲਤੀਫੀ ਖਤਮ ਕਰਨ ਦੀ ਪੂਰੀ ਯੋਜਨਾ ਬਣਾਈ ਹੈ। ਇਸ ਦੀ ਤਿਆਰੀ ਸ਼ੁਰੂ ਕੀਤੀ ਗਈ ਹੈ।

ਰੇਲਵੇ ਦੇ ਸੂਤਰਾਂ ਦੇ ਮੁਤਾਬਕ ਯਾਤਰੀਆਂ ਦੀ ਸੁਰੱਖਿਆ ਅਤੇ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਟਰੇਨਾਂ 'ਚ 2648 ਸੇਫਟੀ ਡਿਵਾਈਸ ਲਗਾਈਆਂ ਜਾਣਗੀਆਂ। ਇਹ ਜੀ. ਪੀ. ਐੱਸ. ਆਧਾਰਿਤ ਡਿਵਾਈਸ ਹੈ, ਜੋ ਲੋਕੋ ਪਾਇਲਟਾਂ ਨੂੰ ਅਗਲੇ ਸਿਗਨਲ ਦੀ ਜਾਣਕਾਰੀ ਪਹਿਲਾਂ ਹੀ ਦੇ ਦਿੰਦਾ ਹੈ। ਰੇਲਵੇ ਨੇ ਇਸ ਤਰ੍ਹਾਂ ਦੀਆਂ 600 ਡਿਵਾਈਸਾਂ ਮੰਗਵਾਈਆਂ ਹਨ ਜਦਕਿ ਹੋਰ ਡਿਵਾਈਸਾਂ ਲਈ ਆਰਡਰ ਦਿੱਤਾ ਜਾ ਚੁੱਕਾ ਹੈ ਜੋ ਕਿ ਅਗਲੇ 2 ਦਿਨਾਂ ਤੱਕ ਰੇਲਵੇ ਨੂੰ ਮਿਲ ਜਾਣਗੀਆਂ। ਸੂਚਨਾ ਮੁਤਾਬਕ ਇਸ ਡਿਵਾਈਸ ਨੂੰ ਮੇਲ ਐਕਸਪ੍ਰੈੱਸ ਤੇ ਪੈਸੰਜਰ ਟਰੇਨਾਂ 'ਚ ਵੀ ਲਗਾਇਆ ਜਾਵੇਗਾ। ਰੇਲਵੇ ਦਾ ਮੰਨਣਾ ਹੈ ਕਿ ਟਰੇਨਾਂ 'ਚ ਇਸ ਡਿਵਾਈਸ ਦੇ ਲੱਗਣ ਤੋਂ ਬਾਅਦ ਟਰੇਨਾਂ ਦੇ ਲੇਟ ਹੋਣ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ।

ਜੀ. ਪੀ. ਐੱਸ. ਨਾਲ ਹੋਵੇਗਾ ਫਾਇਦਾ
ਰੇਲਵੇ ਬੋਰਡ ਨੇ ਇਸ ਵਾਰ 15 ਦਸੰਬਰ ਤੋਂ ਟਰੇਨਾਂ ਨੂੰ ਜ਼ਿਆਦਾਤਰ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਚਲਾਉਣ ਦੇ ਹੁਕਮ ਦਿੱਤੇ ਹਨ। ਜਦਕਿ ਹਰ ਸਾਲ ਟਰੇਨਾਂ ਨੂੰ 50-60 ਕਿਲੋਮੀਟਰ ਦੀ ਰਫਤਾਰ 'ਤੇ ਚਲਾਇਆ ਜਾਂਦਾ ਰਿਹਾ ਹੈ। ਰੇਲਵੇ ਬੋਰਡ ਨੇ ਇਹ ਫੈਸਲਾ ਜ਼ਿਆਦਾਤਰ ਟਰੇਨਾਂ ਇੰਜਣਾਂ ਦੇ ਡਰਾਈਵਰਾਂ ਨੂੰ ਫੌਗ ਸੇਫ ਡਿਵਾਈਸ ਦੇਣ ਦੇ ਬਾਅਦ ਲਿਆ ਹੈ। ਜੀ. ਪੀ. ਐੱਸ. ਆਧਾਰਿਤ ਇਸ ਉਪਕਰਨ ਦੀ ਮਦਦ ਨਾਲ ਡਰਾਈਵਰਾਂ ਨੂੰ ਸਿਗਨਲ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਅਤੇ ਟਰੇਨ ਹੌਲੀ ਕਰਨੀ ਪੈਂਦੀ ਹੈ।


author

shivani attri

Content Editor

Related News